Punjabi Articles

ਪੰਜਾਬੀਓ! ਡੇਰੇ ਕਿਵੇਂ ਪਲਪਦੇ ਨੇਂ

ਪੰਜਾਬੀਓ! ਡੇਰੇ ਕਿਵੇਂ ਪਲਪਦੇ ਨੇਂ
ਸਿੱਖ ਸਿਧਾਂਤ ਨੂੰ ਮੰਨਣ ਵਾਲਿਆਂ ਤੇ ਜਦੋਂ ਬਹੁਤ ਹੀ ਔਖਾ ਸਮਾਂ ਆਇਆ ਤਾਂ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ, ਓਸ ਸਮੇਂ ਨੂੰ ਯਾਦ ਕਰਕੇ ਅੱਜ ਵੀ ਏਹੀ ਕਹਿਆ ਜਾਂਦਾ ਹੈ ਕਿ ਨਿਰਮਲਿਆਂ ਨੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਕੇ ਸਿੱਖੀ ਨੂੰ ਬਚਾਇਆ, ਪਰ ਅਸਲੀਅਤ ਕੁੱਝ ਹੋਰ ਐ। ਜਿਵੇਂ ਅੱਜ ਗੁਰਪ੍ਰੀਤ ਸਿੰਘ ਕੈਲੇਫੋਰਨੀਆ ਤੋਂ ਆ ਕੇ ਉਦਾਸੀ ਪ੍ਰੰਪਰਾ ਨੂੰ, ਸਿਰੀ ਚੰਦ ਪੁੱਤਰ ਗੁਰੂ ਨਾਨਕ ਪਾਤਸ਼ਾਹ ਵਲੋਂ ਵਰੋਸਾਇਆ ਹੋਣ ਦਾ ਪ੍ਰਚਾਰ ਕਰਕੇ ਅਤੇ ਉਦਾਸੀ ਪ੍ਰੰਪਰਾ ਦਾ ਮੋਢੀ ਹੋਣ ਦਾ ਦਾਹਵਾ ਕਰਕੇ, ਰਹਿੰਦੀ ਖੁੰਹਦੀ ਸਿੱਖੀ ਨੂੰ ਬ੍ਰਾਹਮਣੀ ਸੋਚ ਦੇ ਖਾਰੇ ਸਮੁੰਦਰ ‘ਚ ਡੋਬਣ ਲਈ, ਅਮਰੀਕਾ ਛੱਡ ਪੰਜਾਬ ਹੀ ਨਹੀਂ ਸਗੋਂ ਸਾਰੇ ਭਾਰਤ ਵਿੱਚ ਵਿਚਰ ਰਿਹਾ ਹੈ। 2015 ਯਾ 2016 ਦੀ ਗੱਲ ਹੈ ਕਿ ਗੁਰਪ੍ਰੀਤ ਸਿੰਘ ਕੈਲੇਫੋਰਨੀਆ ਮੈਨੂੰ ਜਰਮਨੀ ਦੇ ਏਅਰ ਪੋਰਟ ਮਿਊਨਿਖ ਤੇ ਮਿਲ ਗਿਆ। ਇਹ ਦਸਮ ਗ੍ਰੰਥ ਦਾ ਬਹੁਤ ਵੱਡਾ ਹਮਾਇਤੀ ਹੋਣ ਕਰਕੇ ਮੈਂ ਇਸ ਨੂੰ ਦਸਮ ਗ੍ਰੰਥ ਬਾਰੇ ਚਰਚਾ ਵਾਰਤਾ ਕਰਨ ਲਈ ਬੇਨਤੀ ਕੀਤੀ। ਮੇਰੇ ਕੋਲ ਕੈਮਰਾ ਸੀ, ਰੀਕਾਰਡਿੰਗ ਲਈ ਤਾਂ ਇਸਨੇ ਮੰਨਣਾ ਕੀ ਸੀ, ਸਗੋਂ ਗੱਲਬਾਤ ਕਰਨ ਤੋਂ ਵੀ ਮੁੱਕਰ ਗਿਆ, ਵੱਡਾ ਦਸਮ ਗ੍ਰੰਥ ਦਾ ਹਮਾਇਤੀ।
ਮਹਾਂਰਾਜੇ ਰਣਜੀਤ ਸਿੰਘ ਨੇ ਆਪਣੇ ਰਾਜ-ਕਾਲ ਦੌਰਾਨ ਗੁਰਦਵਾਰਿਆਂ, ਮੰਦਰਾਂ ਅਤੇ ਮਸੀਤਾਂ ਦੇ ਨਾਮ ਜਗੀਰਾਂ ਇਸ ਸ਼ਰਤ ਤੇ ਲਾਈਆਂ ਸਨ ਕਿ ਹਰ ਧਾਰਮਿਕ ਸੰਸਥਾ, ਸਕੂਲ ਖੋਲ੍ਹਗੀ, ਇਨ੍ਹਾਂ ਜਾਗੀਰਾਂ ਵਿੱਚੋਂ ਹੀ ਲੋਕਾਂ ਨੂੰ ਸਿੱਖਿਆ ਦੇਣ ਵਾਲਿਆਂ ਦੀਆਂ ਤਨਖਾਹਾਂ ਦੇਵੇਗੀ ਅਤੇ ਇਮਾਰਤਾਂ ਬਣਾਉਣ ਤੇ ਸਾਂਭ ਸੰਭਾਲ ਦਾ ਖਰਚਾ ਵੀ ਉਠਾਵੇਗੀ। ਗੋਰੇ ਲਿਖਾਰੀਆਂ ਦੀਆਂ ਰੀਪੋਰਟਾਂ ਮੁਤਾਬਕ ਦੇਸ਼ ਪੰਜਾਬ ਖੁਸ਼ਹਾਲੀ ਦੇ ਪੱਖੋਂ ਯੂਰਪ ਤੋਂ ਪੰਜਾਹ ਸਾਲ ਅੱਗੇ ਸੀ ਅਤੇ ਪੜ੍ਹਾਈ ਲਿਖਾਈ ਦੇ ਪੱਖ ਤੋਂ ਦੁਨੀਆ ਵਿੱਚ ਸਭ ਤੋਂ ਅੱਗੇ ਸੀ। 83% ਲੋਕ ਆਪਣਾ ਨਾਮ ਲਿਖਣਾ ਤੇ ਪੜ੍ਹਨਾ ਜਾਣਦੇ ਸਨ। ਪਰ ਪੰਜਾਬ ਨੂੰ ਗੁਲਾਮ ਕਰਨ ਤੋਂ ਅਗਲੇ 30 ਸਾਲਾਂ ਦੀ ਕਰੜੀ ਮਿਹਨਤ ਨਾਲ ਹੀ ਗੋਰਿਆਂ ਨੇ ਪੰਜਾਬੀਆਂ ਨੂੰ ਮੁੜ ਤੋਂ ਅਨਪੜ੍ਹ ਬਣਾ ਧਰਿਆ। History of Indigenous Education in Panjab. Author: G. W. Leitner.
1906 ਤੋਂ ਪਹਿਲਾਂ ਦੇ ਸਿੱਖ ਇਤਿਹਾਸ ਵਿੱਚ ਕੋਈ ਸੰਤ, ਸਾਧ ਯਾ ਬਾਬਾ, ਮਹਾਂਪੁਰਖ ਅਤੇ ਬ੍ਰਹਮ ਗਿਆਨੀ ਨਹੀਂ ਪੈਦਾ ਹੋਇਆ, ਸਗੋਂ ਸਾਰਿਆਂ ਨੂੰ ਭਾਈ ਕਰਕੇ ਜਾਣਿਆ ਜਾਂਦਾ ਸੀ। ਜਿਵੇਂ ਭਾਈ ਮਰਦਾਨਾ, ਭਾਈ ਮਨੀ ਸਿੰਘ, ਭਈ ਤਾਰੂ ਸਿੰਘ, ਭਾਈ ਤਾਰਾ ਸਿੰਘ ਵਾਂ, ਭਾਈ ਸੁਬੇਗ ਸਿੰਘ, ਭਾਈ ਸ਼ਹਿਬਾਜ਼ ਸਿੰਘ ਆਦਿ। 1906 ਵਿੱਚ ਪੰਜ ਅਤਰਿਆਂ ਨੂੰ ਫੌਜ ਵਿੱਚ ਦੋ ਦੋ ਚਾਰ ਚਾਰ ਸਾਲ ਦੀ ਸਿਖਲਾਈ ਦੇ ਕੇ ਮੈਦਾਨ ਵਿੱਚ ਉਤਾਰਿਆ ਗਿਆ ਅਤੇ ਇਨ੍ਹਾਂ ਵਿੱਚੋਂ ਕਿਸੇ ਨੇ ਵੀ ਪੈਨਸ਼ਨ ਨਹੀਂ ਲਈ। ਅਤਰ ਸਿੰਘ ਮਸਤੂਆਣੇ ਵਾਲਾ, ਅਤਰ ਸਿੰਘ ਰੇਰੂ ਵਾਲਾ ਜਿਸ ਤੋਂ ਰਾੜਾ ਸਾਹਿਬ ਬਣਿਆ, ਅਤਰ ਸਿੰਘ ਅਤਲੇ ਵਾਲਾ, ਅਤਰ ਸਿੰਘ ਘੁਣਸਾਂ ਵਾਲਾ ਅਤੇ ਅਤਰ ਸਿੰਘ ਜਲਾਲਾਬਾਦ ਵੈਸਟ। ਇਨ੍ਹਾਂ ਵਿੱਚੋਂ ਦੋ ਅਤਰੇ ਹੀ ਡੇਰਾ ਚਲਾਉਣ ਵਿੱਚ ਕਾਮਯਾਬ ਹੋ ਸਕੇ। ਲੁਧਿਆਣੇ ਦਾ ਗੋਰਾ ਮੁੱਖੀ (Capton Murry) ਲੋਕਾਂ ਦੇ ਸਾਹਮਣੇ ਮਸਤੂਆਣੇ ਵਾਲੇ ਅਤਰੇ ਦੇ ਪੈਰੀਂ ਪੈਂਦਾ ਤੇ ਫਿਰ ਰੇਰੂ ਆਲੇ ਅਤਰੇ ਦੇ। ਇਹ ਦੋਵੇਂ ਥਾਂ ਲੁਧਿਆਣੇ ਦੇ ਨੇੜੇ ਹੋਣ ਕਰਕੇ, ਗੋਰੇ ਅਫਸਰਾਂ ਦੀ ਮੱਦਦ ਨਾਲ, ਲੋਕਾਂ ਨੂੰ ਮੂਰਖ ਬਣਾ, ਸਾਧ ਲੋਕਾਂ ਨੂੰ ਆਪਣੇ ਮਗਰ ਲਾਉਣ ਵਿੱਚ ਕਾਮਯਾਬ ਹੋ ਗਏ ਤੇ ਓਹ ਆਪਣਾ ਰਾਜ-ਭਾਗ ਸ਼ਾਂਤੀ ਪੂਰਬਕ ਚਲਾਉਣ ਵਿੱਚ। ਲੋਕਾਂ ਨੇ ਗੁਲਾਮੀ ਤੋਂ ਮੁਕਤੀ ਪ੍ਰਾਪਤ ਕਰਨ ਦੇ ਰਾਹ ਟੁਰਨਾ ਸੀ। ਇਸੇ ਕਰਕੇ ਗੋਰੇ ਨੇ ਲੋਕਾਂ ਨੂੰ ਸਾਧਾਂ ਦੇ ਮਗਰ ਲਾ ਕੇ ਆਪਣਾ ਰਾਹ ਪੱਧਰਾ ਕਰ ਲਿਆ। ਭਾਈ ਦੀਪ ਸਿੰਘ ਨੂੰ ਬਾਬਾ ਦੀਪ ਸਿੰਘ ਅਤੇ ਭਾਈ ਬੂੜੇ ਯਾ ਭਾਈ ਬੁੱਢੇ ਨੂੰ ਬਾਬਾ ਬੁੱਢਾ ਵੀ ਗੋਰਿਆਂ ਦੇ ਸਮੇਂ ਲਿਖੀਆਂ ਗਈਆਂ ਕਿਤਾਬਾਂ ਦੀ ਹੀ ਦੇਣ ਹੈ। ਅੱਜ ਦੀ ਸਰਕਾਰ ਵੀ ਤਾਂ ਏਹੋ ਕੁੱਝ ਹੀ ਕਰ ਰਹੀ ਹੈ।
ਪੰਜਾਬ ਅਤੇ ਹਰਿਆਣਾ ਭਾਵੇਂ ਅੱਜ ਦੋ ਸੂਬੇ ਹਨ ਪਰ 1966 ਤੋਂ ਪਹਿਲਾਂ ਤਾਂ ਇਕ ਸੂਬਾ ਹੀ ਸੀ। ਇੱਥੋਂ ਦੇ ਵਸਨੀਕਾਂ ਦਾ ਸੁਭਾਓ ਵੀ ਇੱਕ ਹੈ ਤੇ ਡੀਲ ਡੌਲ ਪੱਖੋਂ ਵੀ ਇੱਕ ਹੀ ਹਨ। ਇਸ ਕਰਕੇ ਇਨ੍ਹਾਂ ਸੂਬਿਆਂ ਵੱਲ ਨਜ਼ਰ ਮਾਰੀਏ ਤਾਂ ਸਾਧਾਂ ਦੇ ਡੇਰੇ ਅਤੇ ਗਊਸ਼ਾਲਾ, ਗਊਸ਼ਾਲਾ ਹੀ ਨਜ਼ਰ ਆਉਂਦੇ ਹਨ। ਚਾਹੇ ਨਿਰੰਕਾਰੀ ਸਾਧਾਂ ਦੇ ਡੇਰੇ ਹਨ, ਚਾਹੇ ਰਾਧਾ ਸੁਆਮੀਆਂ ਦੇ, ਸਰਕਾਰ ਨੇ ਕਈ ਕਈ ਏਕੜ ਜ਼ਮੀਨ ਮੁਫਤ ਵਿੱਚ ਦੇ ਕੇ ਡੇਰਿਆਂ ਨੂੰ ਪ੍ਰਫੁੱਲਤ ਕੀਤਾ ਹੋਇਆ ਹੈ, ਆਪਣੇ ਮਤਲਬ ਲਈ ਵਧਾਇਆ ਚੜ੍ਹਾਇਆ। ਸਿਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮੋਹਾਲੀ ਵਿੱਚ ਪੂਰੇ ਦਾ ਪੂਰਾ ਸੈਕਟਰ ਹੀ, ਗੁਰਿੰਦਰ ਸਿੰਘ ਢਿੱਲੋਂ, ਡੇਰਾ ਰਾਧਾ ਸੁਆਮੀ ਬਿਆਸ ਦੇ ਨਾਮ ਕੀਤਾ ਹੋਇਆ ਹੈ। ਜਦੋਂ ਕਿ ਡੇਰਾ ਬਿਆਸ ਦੇ ਆਸ ਪਾਸ ਦੇ ਪਿੰਡਾਂ ਦੀਆਂ ਹਜ਼ਾਰਾਂ ਸ਼ਿਕਾਇਤਾਂ, ਪਿਛਲੇ 25-30 ਸਾਲਾਂ ਤੋਂ ਕਚਿਹਰੀਆਂ ਵਿੱਚ ਅਣਸੁਣੀਆਂ ਪਈਆਂ, ਰੁਲ ਰਹੀਆਂ ਹਨ। ਡੇਰਾ ਬਿਆਸ ਨੇ ਬਿਆਸ ਦਰਿਆ ਤੇ ਬੰਨ੍ਹ ਮਾਰਕੇ, ਦਰਿਆ ਦੇ ਵਹਿਣ ਦਾ ਰੁੱਖ ਬਦਲ ਕੇ, ਕਈਆਂ ਪਿੰਡਾਂ ਨੂੰ ਉਜਾੜ ਛੱਡਿਆ ਹੈ। ਡੇਰਾ ਪਲਪਨਾ ਚਾਹੀਦਾ ਹੈ, ਲੋਕ ਮਰਨ ਤਾਂ ਮਰਨ, ਸਾਨੂੰ ਡੇਰੇ ਦੀਆਂ ਵੋਟਾਂ ਪੱਕੀਆਂ ਕਰਨ ਤਕ  ਦਾ ਮਤਲਬ ਹੈ।
1978 ਦੇ ਇਤਿਹਾਸ ਨੂੰ ਹੀ ਦੇਖ ਲਓ। ਨਿਰੰਕਾਰੀਆਂ ਨੇ 17-18 ਬੰਦੇ ਗੋਲੀਆਂ ਨਾਲ ਭੁੰਨ ਦਿੱਤੇ ਪਰ ਮੌਕੇ ਦੀ ਸਰਕਾਰ ਨੇ ਨਿਰੰਕਾਰੀ ਗੁਰਬਚਨ ਸਿੰਘ ਨੂੰ ਸਰਕਾਰੀ ਗੱਡੀ ਵਿੱਚ ਬਿਠਾ ਕੇ ਦਿੱਲੀ ਪਹੁੰਚਾ ਦਿੱਤਾ। 2012-17 ਵਿੱਚ ਅਕਾਲੀ ਭਾਜਪਾ ਸਰਕਾਰ ਵੇਲੇ, ਇਟਲੀ ਵਿੱਚ ਨਿਰੰਜਨ ਦਾਸ ਤੋਂ ਪਹਿਲਾਂ ਵਾਲੇ ਸੰਤ ਨੂੰ ਕਿਸੇ ਗੁਰਸਿੱਖ ਪਿਆਰੇ ਨੇ ਪਾਰ ਬੁਲਾ ਦਿੱਤਾ ਸੀ। ਉਸ ਸੰਤ ਦੀ ਮਿਰਤਕ ਦੇਹ ਨੂੰ ਸਿਰਦਾਰ ਪ੍ਰਕਸ਼ ਸਿੰਘ ਬਾਦਲ ਜੀ ਨੇ ਪੰਜਾਬ ਲਿਆਉਣ ਲਈ ਸਪੈਸ਼ਲ ਜਹਾਜ਼ ਭੇਜਿਆ ਸੀ। ਉਸਦਾ ਸਸਕਾਰ ਕਰਨ ਤੋਂ ਬਾਅਦ ਉਸਦੇ ਚੇਲਿਆਂ ਨੇ ਰੇਲਾਂ ਸਾੜੀਆਂ, ਸਰਕਾਰੀ ਜਾਇਦਾਦਾਂ ਦਾ ਕਈ ਦਿਨ ਬਹੁਤ ਨੁਕਸਾਨ ਕੀਤਾ ਤੇ ਸਰਕਾਰ ਸਿਰ ਤੇ ਕੰਬਲ ਵਲੇਟ ਕੇ ਸੁੱਤੀ ਰਹੀ। ਕਿਸੇ ਤੇ ਕੋਈ ਪਰਚਾ ਨਹੀਂ, ਕਿਸੇ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ, ਕਿਉਂਕਿ ਕਰਾਇਆ ਜੋ ਆਪ ਹੈ। ਇਹ ਵੀ ਇਕ ਚਾਲ ਹੈ ਸਿੱਖ ਵਿਚਾਰਧਾਰਾ ਨੂੰ ਕੱਟ-ਵੱਢ ਕੇ ਛੋਟਾ ਕਰਨ ਦੀ। ਚਾਹੇ ਸਰਕਾਰ ਜੱਟਾਂ ਦੀ ਹੋਵੇ ਚਾਹੇ ਹਿੰਦੂਆਂ ਦੀ, ਸਿੱਖ ਵਿਚਾਰਧਾਰਾ ਨਾਲ ਵਾਪਰਨਾ ਏਹੋ ਹੀ ਹੈ।
ਭਾਰਤੀ ਜਨਤਾ ਪਾਰਟੀ ਨੇ ਹਰ ਕੱਟੇ-ਵੱਢੇ ਲੀਡਰ ਨੂੰ ਆਪਣੀ ਬੁੱਕਲ ਵਿੱਚ ਸਮੋ ਲਿਆ ਹੈ, ਚਾਹੇ ਓਹ ਕਿਤਨਾ ਵੀ ਕੁਰੱਪਟ ਕਿਉਂ ਨਾ ਹੋਵੇ, ਉਸ ਉੱਪਰ ਜੋ ਮਰਜ਼ੀ ਦੋਸ਼ ਲੱਗੇ ਹੋਣ, ਬਲਾਤਕਾਰੀ ਹੋਵੇ ਯਾ ਦੋ ਨੰਬਰ ਦੇ ਪੈਸੇ ਵਾਲਾ ਹੋਵੇ, ਬਸ ਬੀਜੇਪੀ ‘ਚ ਆ ਜਾਵੇ ਸਭ ਪਾਪ ਮੁਆਫ। ਇਹ ਕੰਮ ਦੂਸਰੀਆਂ ਪਾਰਟੀਆਂ ਵੀ ਕਰ ਰਹੀਆਂ ਹਨ। ਸੰਤ ਸੀਚੇਵਾਲ ਸੰਤ ਨਹੀਂ। ਸਿਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਹੋ ਸਕਦਾ ਹੈ ਕਿ ਗੁਰਬਾਣੀ ਬਾਰੇ ਜਾਣਕਾਰੀ ਨਾ ਹੋਵੇ ਇਸ ਕਰਕੇ  ਹੀ ਤਾਂ ਓਹ ਸਟੇਜ ਤੋਂ ਸਿਰੀ ਗੁਰੂ ਰਵੀਦਾਸ ਜੀ ਬੋਲ ਕੇ ਆਦਮ ਪੁਰ ਦੇ ਏਅਰ ਪੋਰਟ ਦਾ ਨਾਮ ਰੱਖਣ ਲਈ ਬੇਨਤੀ ਕਰ ਰਹੇ ਸਨ। ਪਰ ਮੈਨੂੰ ਤਾਂ ਇਹ ਜਾਪਦਾ ਹੈ ਕਿ ਇਹ ਸਿਰਫ ਬੇਨਤੀ ਹੀ ਸੀ, ਪ੍ਰਧਾਨ ਮੰਤਰੀ ਜੀ ਨੇ ਕੀ ਕੀ ਕਰਨਾ ਹੈ, ਉਹ ਸਾਰਾ ਕੁੱਝ ਉਸ ਵਕਤ ਹੀ ਤਹਿ ਕਰ ਲਿਆ ਗਿਆ ਸੀ ਜਦੋਂ ਕਹੇ ਜਾਂਦੇ ਸੰਤ ਨਿਰੰਜਨ ਦਾਸ ਨੂੰ ਪਦਮ ਸਿਰੀ ਨਾਲ ਨਿਵਾਜਿਆ ਗਿਆ ਸੀ। ਜਦੋਂ ਰਵੀਦਾਸੀਏ ਲੋਕ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਗੇ, ਉਸ ਵਕਤ ਪਾਠ ਆਵੇਗਾ “ਬਾਣੀ ਭਗਤਾਂ ਕੀ, ਬਾਣੀ ਭਗਤ ਕਬੀਰ ਜੀਓ ਕੀ, ਬਾਣੀ ਭਗਤ ਰਵੀਦਾਸ ਜੀ ਕੀ, ਉਸ ਵਕਤ ਰਵੀਦਾਸੀਏ ਸਿੱਖ ਪਾਠ ਬਦਲਣਗੇ ਅਤੇ ਕਹਿਣਗੇ “ ਬਾਣੀ ਗੁਰੂ ਰਵੀਦਾਸ ਜੀ ਕੀ”। ਕੀ ਇਹ ਜੱਟ ਸਿੱਖ ਅਤੇ ਰਵੀਦਾਸੀਏ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਲਈ ਕਾਫੀ ਨਹੀਂ? ਨਾ ਰਵੀਦਾਸੀਏ ਸਿੱਖਾਂ ਅਤੇ ਨਾ ਜੀ ਜੱਟ ਸਿੱਖਾਂ ਨੂੰ ਪਤਾ ਹੈ ਕਿ ਗੁਰੂ ਦਾ ਦਰਜਾ ਵੱਡਾ ਹੈ ਯਾ ਭਗਤ ਦਾ। ਆਓ ਹੁਣ ਆਪਾਂ ਪੁੱਛੀਏ ਗੁਰੂ ਗ੍ਰੰਥ ਸਾਹਿਬ ਜੀ ਨੂੰ। ਪੰਨਾ 858 ਤੇ ਭਗਤ ਰਵੀਦਾਸ ਜੀ ਆਪ ਹੀ ਫਰਮਾਉਂਦੇ ਹਨ:
ਪੰਡਿਤ ਸੂਰ ਛੱਤ੍ਰਪਤਿ ਰਾਜਾ ਭਗਤ ਬਰਾਬਰਿ ਅੳਰੁ ਨ ਕੋਇ॥                    
ਜੈਸੇ ਪੁਰੈਨ ਪਾਤ ਰਹੈ ਜਲ ਸਮੀਪ ਭਨਿ ਰਵਿਦਾਸ ਜਨਮੇ ਜਗਿ ਓਇ॥
ਕੈਨੇਡਾ-ਓਕਵਿਲ ‘ਚ ਰਵੀਦਾਸੀਆਂ ਦੇ ਗੁਰਦਵਾਰੇ ਅਸੀਂ ਇਸੇ ਨੁਕਤੇ ਤੇ ਵਿਚਾਰ ਕਰਨ ਲਈ ਗੁਰਦਵਾਰੇ ਦੀ ਕਮੇਟੀ ਕੋਲ ਚਲੇ ਗਏ। ਕਮੇਟੀ ਵਾਲਿਆਂ ਨੂੰ ਅਤੇ ਹੋਰ ਕਿਸੇ ਰਵੀਦਾਸੀਏ ਸਿੱਖ ਨੂੰ ਗੁਰਬਾਣੀ ਦਾ ਕੋਈ ਗਿਆਨ ਨਹੀਂ ਸੀ, ਤੇ ਨਾ ਹੀ ਭਗਤ ਰਵੀਦਾਸ ਜੀ ਦੀਆਂ ਉੱਪਰ ਲਿਖੀਆਂ ਪੰਗਤੀਆਂ ਬਾਰੇ ਪਤਾ ਸੀ। ਅੱਧਾ ਕੁ ਘੰਟਾ ਵਿਚਾਰ ਵਿਟਾਂਦਰਾ ਕਰਨ ਤੋਂ ਬਾਅਦ, ਗੱਲਬਾਤ ਨੂੰ ਸਮੇਟ ਕੇ ਬਗੈਰ ਕਿਸੇ ਸਿੱਟੇ ਦੇ, ਅਸੀਂ ਆਪਣੇ ਆਪਣੇ ਰਸਤੇ ਨੂੰ ਨਾਪਣ ਲੱਗ ਪਏ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # +1 647 966 3132