Punjabi Articles
ਝੂਠ ਨਾ ਬੋਲੋ ਸਿੱਖੋ ! ਸੱਚ ਕਹੋ !!
ਝੂਠ ਨਾ ਬੋਲੋ ਸਿੱਖੋ ! ਸੱਚ ਕਹੋ !!
ਐ! ਸਿੱਖ ਕੌਮ ਦੇ ਵਾਰਸੋ! ‘ਨਾਨਕ ਜੋਤਿ’ ਗੁਰੂ ਗੋਬਿੰਦ ਸਿੰਘ ਜੀ ਦੇ ਸਮੁੱਚੇ ਪਰਿਵਾਰ ਦੀਆਂ ਕੁਰਬਾਨੀਆਂ ਅਤੇ ਗੁਰੂ ਸਾਹਿਬ ਦੇ ਅੰਤਮ ਸਦੀਵੀ ਹੁਕਮਾਂ ਨੂੰ ਮਿੱਟੀ ਵਿਚ ਮਿਲਾਉਣ ਵਾਲੇ ਅਕ੍ਰਿਤਘਣ, ਗੁਰਮਤਿ-ਵਿਰੋਧੀ, ਸੱਚ-ਵਿਰੋਧੀ, ਸਿੱਖ-ਵਿਰੋਧੀ, ਗੁਰ-ਨਿੰਦਕ, ਝੂਠੇ, ਪਖੰਡੀ, ਕਰਮਕਾਂਡੀ ਸਿੱਖ ਭੇਖ ਦੇ ਆਗੂਆਂ, ਪ੍ਰਬੰਧਕਾਂ ਅਤੇ ਪ੍ਰਚਾਰਕਾਂ ਤੋਂ ਬਚੋ, ਜਿਹੜੇ ਸਦੀਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਤੇ ਲਾਸਾਨੀ ਸਿੱਖ ਇਤਿਹਾਸ ਨੂੰ ਖ਼ਤਮ ਕਰਨ ਦੀਆਂ ਖਤਰਨਾਕ ਕਾਰਵਾਈਆਂ ਕਰ ਰਹੇ ਹਨ। ਜੇਕਰ ਆਪਣੇ ਆਪ ਨੂੰ ਸਿੱਖ ਸਮਝਣ ਵਾਲੇ ਲੋਕ ਹੁਣ ਵੀ ਨਾ ਜਾਗੇ, ਹੁਣ ਵੀ ਨਾ ਸਮਝੇ ਅਤੇ ਹੁਣ ਵੀ ਨਾ ਸੰਭਲੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਿੱਖਾਂ ਨੂੰ ਆਪਣੀਆਂ ਕਮਜ਼ੋਰੀਆਂ ਅਤੇ ਲਾਪਰਵਾਹੀਆਂ ਦਾ ਖ਼ਮਿਆਜਾ ਇਕ ਦਿਨ ਜ਼ਰੂਰ ਭੁਗਤਣਾ ਪਵੇਗਾ। ਇਸ ਗੱਲ ਨੂੰ ਕੋਈ ਝੁਠਲਾ ਨਹੀਂ ਸਕਦਾ। ਇਸ ਲਈ ਅਗਿਆਨਤਾ ਦੇ ਹਨੇਰੇ ਵਿਚੋਂ ਨਿਕਲ ਕੇ ਸੱਚ ਦੇ ਪ੍ਰਕਾਸ਼ ਵਿਚ ਆਉ।
ਜਗਤ ਗੁਰੂ ਬਾਬਾ ਨਾਨਕ ਜੀ ਦੇ ਆਗਮਨ ਤੋਂ ਪਹਿਲਾਂ ਸੰਸਾਰ ਦੀ ਧਰਤੀ ਉੱਤੇ ਧਰਮ ਦੇ ਨਾਂ ‘ਤੇ ਨਾਸਵਾਨ ਮਨੁੱਖੀ ਅਵਤਾਰਾਂ, ਦੇਵੀ-ਦੇਵਤਿਆਂ, ਦਰੱਖਤਾਂ, ਜਾਨਵਰਾਂ, ਪੰਛੀਆਂ, ਅੱਗ, ਪਾਣੀਆਂ, ਪੱਥਰਾਂ, ਮੂਰਤੀਆਂ, ਤਸਵੀਰਾਂ ਆਦਿ ਨੂੰ ਰੱਬ ਸਮਝ ਕੇ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਸੀ। ਹਰ ਥਾਂ ਵੱਖ ਵੱਖ ਸ਼ਕਲਾਂ, ਭੇਖਾਂ, ਪਹਿਰਾਵਿਆਂ ਵਾਲੇ ਜੋਗੀਆਂ, ਸਨਿਆਸੀਆਂ, ਸਾਧਾਂ-ਸੰਤਾਂ ਨੇ ਆਪਣੇ ਪਖੰਡਾਂ ਅਤੇ ਕਰਮਕਾਂਡਾਂ ਰਾਹੀਂ ਆਮ ਲੋਕਾਂ ਉੱਤੇ ਆਪਣਾ ਆਪਣਾ ਪ੍ਰਭਾਵ ਪਾਇਆ ਹੋਇਆ ਸੀ। ਸੱਚ ਦੀ ਅਣਹੋਂਦ ਕਾਰਣ ਚਾਰੇ ਪਾਸੇ ਅਗਿਆਨਤਾ ਦਾ ਹਨੇਰਾ ਛਾਇਆ ਹੋਇਆ ਸੀ।
ਬੇਸ਼ੱਕ ਹਿੰਦੁਸਤਾਨ ਅੰਦਰ ਕੁੱਝ ਸਚਿਆਰ ਭਗਤਾਂ ਨੇ ‘ਭਗਤੀ ਲਹਿਰ’ ਅਰੰਭ ਕਰ ਕੇ ਅਗਿਆਨਤਾ ਵਿਚ ਭਟਕ ਰਹੇ ਲੋਕਾਂ ਨੂੰ ਇਕ ਸਰਬ-ਵਿਆਪਕ ਪ੍ਰਮਾਤਮਾ ਦੀ ਸਦੀਵੀ ਹੋਂਦ ਨੂੰ ਦ੍ਰਿੜ ਕਰਾਉਣ ਲਈ ਦਲੇਰੀ ਭਰਿਆ ਪ੍ਰਚਾਰ ਕੀਤਾ ਸੀ, ਪਰ ਧਰਮ ਦੇ ਠੇਕਦਾਰਾਂ ਨੇ ਭਗਤ-ਜਨਾਂ ਦੀ ਇਸ ਲਹਿਰ ਵਿਚ ਅਨੇਕਾਂ ਰੁਕਾਵਟਾਂ ਪੈਦਾ ਕਰ ਕੇ ਉਸ ਨੂੰ ਪ੍ਰਚੰਡ ਰੂਪ ਨਾ ਧਾਰਨ ਦਿੱਤਾ। ਇਸ ਲਹਿਰ ਦੇ ਖ਼ਤਮ ਹੋਣ ਦਾ ਦੂਜਾ ਕਾਰਣ ਇਹ ਵੀ ਸੀ ਕਿ ਭਗਤ ਜਨਾਂ ਦੇ ਸਰੀਰਕ ਚਲਾਣੇ ਉਪਰੰਤ ਇਹ ਲਹਿਰ ਲਗਭਗ ਖ਼ਤਮ ਹੋ ਗਈ ਸੀ।
ਅਜਿਹੇ ਸਮੇਂ ਪੰਜਾਬ ਦੀ ਧਰਤੀ ਉੱਤੇ ਬਾਬਾ ਨਾਨਕ ਜੀ ਦਾ ਆਗਮਨ ਹੋਇਆ। ਬਾਬਾ ਜੀ ਨੇ ਭਗਤ ਜਨਾਂ ਦੀ ਖ਼ਤਮ ਹੋਈ ਲਹਿਰ ਨੂੰ ਨਵੇਂ ਰੂਪ ਵਿਚ ਪ੍ਰਚੰਡ ਕਰਨ ਤੋਂ ਪਹਿਲਾਂ ਸਦੀਆਂ ਪੁਰਾਣੀਆਂ ਫੋਕਟ-ਰੀਤਾਂ-ਰਸਮਾਂ ਨੂੰ ਦਲੇਰੀ ਨਾਲ ਠੁਕਰਾ ਕੇ ‘ਸੱਚ-ਧਰਮ’ ਨੂੰ ਪ੍ਰਚਾਰਨ ਦਾ ਫ਼ੈਸਲਾ ਕਰ ਲਿਆ ਸੀ। ਸਾਰੇ ਜਗਤ ਵਿਚ ਦੂਰ-ਦੁਰਾਡੀਆਂ ਥਾਵਾਂ ‘ਤੇ ਪ੍ਰਚਾਰ ਕਰਨ ਸਮੇਂ ਸਾਰੇ ਧਰਮਾਂ ਦੇ ਧਾਰਮਕ ਆਗੂਆਂ, ਕਾਜ਼ੀਆਂ, ਹਾਜ਼ੀਆਂ ਮੌਲਵੀਆਂ, ਪੀਰਾਂ-ਫ਼ਕੀਰਾਂ, ਪੰਡਤਾਂ, ਬ੍ਰਾਹਮਣਾਂ, ਸਿੱਧਾਂ, ਜੋਗੀਆਂ, ਜੈਨੀਆਂ, ਬੋਧੀਆਂ ਅਤੇ ਸਾਧਾਂ-ਸੰਤਾਂ ਨਾਲ ਅਨੇਕਾਂ ਵਿਚਾਰ-ਗੋਸਟੀਆਂ ਕਰਨ ਸਮੇਂ ੧ (ਇਕ) ਦੇ ਸਦੀਵੀ ਸਿਧਾਂਤ: ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।। ਦੀ ਕਸਵੱਟੀ ‘ਤੇ ਪਰਖਣ ਉਪਰੰਤ ਉਨ੍ਹਾਂ ਦੇ ਪ੍ਰਚੱਲਤ ਧਾਰਮਕ ਅਕੀਦਿਆਂ ਨੂੰ ਦਲੇਰੀ ਨਾਲ ਰੱਦ ਕਰਨ ਉਪਰੰਤ ਉਨ੍ਹਾਂ ਨੂੰ ਸੱਚ ਦੇ ਪਾਂਧੀ ਬਣਾਇਆ। ਗੁਰੂ ਸਾਹਿਬ ਦੀਆਂ ਸਦੀਵੀ ਅਤੇ ਸਚਾਈ ਭਰਪੂਰ ਸਿੱਖਿਆਵਾਂ ਨੂੰ ਜਿਹੜੇ ਜਿਹੜੇ ਲੋਕਾਂ ਨੇ ਸਮਝਿਆ ਅਤੇ ਅਪਨਾਇਆ, ਉਹ ਖੁਸ਼ੀ ਨਾਲ ਸਿੱਖ ਬਣਦੇ ਗਏ।
ਬਾਬਾ ਜੀ ਨੇ ‘ਸੱਚ-ਧਰਮ’ ਦੇ ਪ੍ਰਚਾਰ ਨੂੰ ਨਿਰੰਤਰ ਜਾਰੀ ਰੱਖਣ ਲਈ ਆਪਣੀ ਵਿਚਾਰਧਾਰਾ ਵਾਲੇ 9 ਹੋਰ ਸਰੀਰਾਂ ਵਿਚ 'ਨਾਨਕ ਜੋਤਿ' ਬਣ ਕੇ 239 ਸਾਲ ਲਗਾਤਾਰ ਪਰਚਾਰ ਕਰ ਕੇ ਮਨੁੱਖਤਾ ਨੂੰ ਸੱਚ ਦੇ ਪਾਂਧੀ ਬਣਾਇਆ। ਅਖ਼ੀਰ ਵਿਚ ‘ਨਾਨਕ ਜੋਤਿ’ ਗੁਰੂ ਗੋਬਿੰਦ ਸਿੰਘ ਨੇ 1708 ਈ: ਵਿਚ ਆਪਣੇ ਤੋਂ ਮਗਰੋਂ ‘ਨਾਨਕ ਜੋਤਿ’ ਸਤਿਗੁਰਾਂ, ਭਗਤ-ਜਨਾਂ, ਭੱਟ-ਜਨਾਂ ਅਤੇ ਸਿੱਖ ਸੇਵਕਾਂ ਦੀ ਸਮੁੱਚੀ ਬਾਣੀ ਜਿਸ ਪੋਥੀ (ਗੁਰੂ ਗ੍ਰੰਥ ਸਾਹਿਬ) ਵਿਚ ਦਰਜ ਸੀ, ਉਸ ਨੂੰ ਬਾਬਾ ਨਾਨਕ ਜੀ ਵੱਲੋਂ ਕਾਇਮ ਕੀਤੇ ਗੁਰਗੱਦੀ (ਤਖ਼ਤ) ਉੱਤੇ ਬਿਰਾਜਮਾਨ ਕਰ ਕੇ ਸਦੀਵੀ ਗੁਰਿਆਈ ਦੇ ਦਿੱਤੀ ਸੀ। ਇਸ ਉਪਰੰਤ ਸਿੱਖਾਂ ਨੂੰ ਸਦੀਵੀ ਹੁਕਮ ਕਰ ਦਿੱਤਾ ਕਿ ਸਿੱਖਾਂ ਨੇ ਹੁਣ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਕੋ-ਇਕ ਗੁਰੂ ਮੰਨਣਾ ਹੈ, ਕਿਸੇ ਹੋਰ ਗ੍ਰੰਥ ਜਾਂ ਮਨੁੱਖ ਨੂੰ ਨਹੀਂ। ਗੁਰੂ ਸਾਹਿਬ ਨੇ ਆਪਣਾ ਅੰਤਮ, ਠੋਸ ਅਤੇ ਸਦੀਵੀ ਫੈਸਲਾ ਸੁਣਾ ਕੇ ਆਪਣੇ ਸਿੱਖਾਂ ਨੂੰ ਗੁਰਮਤਿ-ਵਿਰੋਧੀ, ਸੱਚ-ਵਿਰੋਧੀ, ਸਿੱਖ-ਵਿਰੋਧੀ ਅਤੇ ਗੁਰ-ਨਿੰਦਕ ਰਚਨਾਵਾਂ ਤੋਂ ਰਹਿੰਦੀ ਦੁਨੀਆਂ ਤਕ ਬਚਾ ਲਿਆ ਹੈ।
ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨੂੰ ਧਿਆਨ ਨਾਲ ਪੜ੍ਹਿਆ ਅਤੇ ਸਮਝਿਆ ਜਾਵੇ ਤਾਂ ਇਕ ਗੱਲ ਸਪੱਸ਼ਟ ਰੂਪ ਵਿਚ ਸਾਹਮਣੇ ਆਉਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਜਿੱਥੇ ਸਮੁੱਚੀ ਮਨੁੱਖਤਾ ਦੀ ਸਰਬ-ਪੱਖੀ ਅਗਵਾਈ ਕਰਨ ਦੇ ਸਮਰੱਥ ਹੈ, ਉੱਥੇ ਧਰਮ ਦੇ ਨਾਂ ‘ਤੇ ਝੂਠ, ਪਖੰਡ, ਵਹਿਮ-ਭਰਮ, ਕਰਮ-ਕਾਂਡ ਅਤੇ ਅਗਿਆਨਤਾ ਫੈਲਾਉਣ ਵਾਲਿਆਂ ਦੇ ਸੱਚ-ਵਿਰੋਧੀ ਕਾਰਨਾਮਿਆਂ ਦਾ ਭਰਪੂਰ ਖੰਡਣਾ ਵੀ ਕਰਦੀ ਹੈ। ਪਰਚਾਰ ਕਰਦੇ ਸਮੇਂ ਗੁਰੂ ਸਾਹਿਬ ਨੇ ਦੇਖਿਆ ਕਿ ਹਿੰਦੁਤਸਾਨ ਅੰਦਰ ਪੰਡਤ ਧਰਮ ਦੇ ਨਾਂ ‘ਤੇ ਝੂਠ ਬੋਲ ਬੋਲ ਕੇ ਲੋਕਾਂ ਨੂੰ ਅਗਿਆਨਤਾ ਵਿਚ ਪਾ ਕੇ ਲੁੱਟ ਰਿਹਾ ਸੀ ਤਾਂ ਗੁਰੂ ਸਾਹਿਬ ਨੇ ਉਸ ਨੂੰ ਝੂਠ ਨਾ ਬੋਲਣ ਦੀ ਤਾੜਣਾ ਕਰਦੇ ਹੋਏ, ਉਸ ਨੂੰ ਸੱਚ ਬੋਲਣ ਦੀ ਜਿਹੜੀ ਹਦਾਇਤ ਕੀਤੀ ਸੀ, ਉਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿਚ ਇਸ ਪ੍ਰਕਾਰ ਮਿਲਦਾ ਹੈ:-
ਝੂਠੁ ਨ ਬੋਲਿ ਪਾਡੇ ਸਚੁ ਕਹੀਐ ।।
ਹਉਮੈ ਜਾਇ ਸਬਦਿ ਘਰੁ ਲਹੀਐ ।।੧ ।। ਰਹਾਉ ।। (ਗ.ਗ੍ਰੰ.ਸਾ.ਪੰਨਾ- 904)
ਅਰਥਾਤ ਹੇ ਪੰਡਤ! ਆਪਣੀ ਆਜੀਵਕਾ (ਰੁਜ਼ਗਾਰ) ਦੀ ਖ਼ਾਤਰ ਜਜਮਾਨਾਂ ਨੂੰ ਧਰਮ ਦੇ ਨਾਂ ‘ਤੇ ਪਤਿਆਉਣ ਵਾਸਤੇ ਝੂਠ ਨਾਹ ਬੋਲ, ਤੈਨੂੰ ਸੱਚ ਬੋਲਣਾ ਚਾਹੀਦਾ ਹੈ। ਜਦੋਂ ਗੁਰੂ ਦੇ ਸ਼ਬਦ ਵਿਚ ਜੁੜ ਕੇ ਅੰਦਰ ਦੀ ਹਉਮੈ ਦੂਰ ਹੋ ਜਾਂਦੀ ਹੈ ਤਦੋਂ ਉਹ ਘਰ ਲੱਭ ਪੈਂਦਾ ਹੈ ਜਿਥੋਂ ਆਤਮਕ ਤੇ ਸੰਸਾਰਕ ਸਾਰੇ ਪਦਾਰਥ ਮਿਲਦੇ ਹਨ ।1। ਰਹਾਉ।
ਪਡੀਆ ਕਵਨ ਕੁਮਤਿ ਤੁਮ ਲਾਗੇ ।।
ਬੂਡਹੁਗੇ ਪਰਵਾਰ ਸਕਲ ਸਿਉ ਰਾਮੁ ਨ ਜਪਹੁ ਅਭਾਗੇ ।।੧ ।। ਰਹਾਉ ।।
(ਗੁ. ਗ੍ਰੰ.ਸਾ.ਪੰਨਾ- 1102)
ਅਰਥਾਤ ਹੇ ਪੰਡਤ! ਤੁਸੀ ਲੋਕ ਕਿਹੜੀ ਕੁਮੱਤੇ ਲੱਗੇ ਪਏ ਹੋ? ਹੇ ਮੰਦ-ਭਾਗੀ ਪਾਂਡੇ! ਤੁਸੀ ਪ੍ਰਭੂ ਦਾ ਨਾਮ ਨਹੀਂ ਸਿਮਰਦੇ, ਸਾਰੇ ਪਰਵਾਰ ਸਮੇਤ ਹੀ ਅਗਿਆਨਤਾ ਭਰੇ ਸੰਸਾਰ-ਸਮੁੰਦਰ ਵਿਚ ਡੁੱਬ ਜਾਉਗੇ।1। ਰਹਾਉ।
ਸਾਨੂੰ ਇਕ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ‘ਨਾਨਕ ਜੋਤਿ’ ਸਤਿਗੁਰਾਂ ਜਾਂ ਭਗਤ-ਜਨਾਂ ਦੀ ਕਿਸੇ ਧਰਮ, ਜਾਤ ਜਾਂ ਕੌਮ ਨਾਲ ਕੋਈ ਨਫ਼ਰਤ ਜਾਂ ਦੁਸ਼ਮਣੀ ਨਹੀਂ ਸੀ, ਪਰ ਜਿਹੜੇ ਧਰਮ ਦੇ ਨਾਂ ‘ਤੇ ਮਨੁੱਖਤਾ ਨੂੰ ਕੁਰਾਹੇ ਪਾ ਰਹੇ ਸਨ, ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਗੁਰਬਾਣੀ ਉਨ੍ਹਾਂ ਦੇ ਸੱਚ-ਵਿਰੋਧੀ ਕਾਰਨਾਮਿਆਂ ਦਾ ਪਾਜ ਨੰਗਾ ਕਰਦੀ ਆਈ ਹੈ ਅਤੇ ਕਰਦੀ ਰਹੇਗੀ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ, ਪੰਡਤ ਨੂੰ ਧਰਮ ਦੇ ਨਾਂ ‘ਤੇ ਝੂਠ ਬੋਲਣ ਤੋਂ ਮਨ੍ਹਾਂ ਕਰਦੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹ ਤਾੜਣਾ ਕੇਵਲ ਪੰਡਤ ਵਾਸਤੇ ਹੀ ਹੈ। ਇਹ ਤਾੜਣਾ ਉਨ੍ਹਾਂ ਸਿੱਖ ਆਗੂਆਂ, ਪ੍ਰਬੰਧਕਾਂ ਅਤੇ ਪਰਚਾਰਕਾਂ ਉੱਤੇ ਵੀ ਪੂਰੀ ਲਾਗੂ ਹੁੰਦੀ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਸਿੱਖਿਆ ਨੂੰ ਤਿਆਗ ਕੇ ਧਰਮ ਨੂੰ ਕੇਵਲ ਰੋਜ਼ਗਾਰ ਜਾਂ ਧੰਦਾ ਬਣਾਈ ਬੈਠੇ ਹਨ। ਇਸ ਤੋਂ ਇਲਾਵਾ ਜਿਹੜੇ ਸਿੱਖਾਂ ਦੇ ਧਰਮ-ਅਸਥਾਨਾਂ ਅੰਦਰ ਬੈਠ ਕੇ ਗੁਰਮਤਿ-ਵਿਰੋਧੀ,ਸੱਚ-ਵਿਰੋਧੀ, ਸਿੱਖ-ਵਿਰੋਧੀ ਅਤੇ ਗੁਰ-ਨਿੰਦਕ ਪਰਚਾਰ ਰਾਹੀਂ ਸੰਸਾਰ ਭਰ ਦੇ ਸਿੱਖਾਂ ਨੂੰ ਧਰਮ ਦੇ ਨਾਂ ‘ਤੇ ਕੁਰਾਹੇ ਪਾ ਕੇ ਲੁੱਟ ਰਹੇ ਹਨ, ਗੁਰਬਾਣੀ ਅਜਿਹੇ ਭੇਖੀ ਸਿੱਖਾਂ ਦਾ ਵੀ ਪਾਜ ਨੰਗਾ ਕਰਦੀ ਹੈ।
ਪ੍ਰਤੱਖ ਰੂਪ ਵਿਚ ਸੰਸਾਰ ਭਰ ਦੇ ਗੁਰਦੁਆਰਿਆਂ, ਧਾਰਮਕ ਸਮਾਗਮਾਂ, ਘਰਾਂ ਵਿਚ ਕੀਤੇ ਜਾਣ ਵਾਲੇ ਸਮਾਗਮਾਂ ਉਪਰੰਤ ਅਰਦਾਸ ਕਰਨ ਤੋਂ ਬਾਅਦ ਦੋਹਰਾ ਬੋਲਿਆ ਜਾਂਦਾ ਹੈ: ਸਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਪਰ ਇਕ ਕੌੜਾ ਸੱਚ ਹੈ ਕਿ ਇਹ ਦੋਹਰਾ ਬੋਲਣ ਵਾਲੇ ਸਾਰੇ ਹੀ ਸ਼ਰੇਆਮ ਕੋਰਾ ਝੂਠ ਬੋਲ ਰਹੇ ਹੁੰਦੇ ਹਨ ਕਿਉਂਕਿ ਕੋਈ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਕੋ-ਇਕ ਗੁਰੂ ਮੰਨ ਕੇ, ਉਸ ਦੀ ਸਿੱਖਿਆ ਅਨੁਸਾਰ ਚੱਲਣ ਲਈ ਤਿਆਰ ਨਹੀਂ ਅਤੇ ਨਾ ਹੀ ਉਸ ਦੀ ਸਿੱਖਿਆ ਅਨੁਸਾਰ ਪਰਚਾਰ ਕਰਨ ਲਈ ਤਿਆਰ ਹੈਹੀ। ਚਾਹੇ ਡੇਰਿਆਂ ਦੇ ਅਖੌਤੀ ਸਾਧ-ਸੰਤ ਹੋਣ ਅਤੇ ਚਾਹੇ ਉਨ੍ਹਾਂ ਦੇ ਸਰਧਾਲੂ ਸੇਵਕ ਹੋਣ। ਜਿਵੇਂ ਕਿ:-
ਬੇਸ਼ੱਕ ‘ਨਾਨਕ ਜੋਤਿ’ ਗੁਰੂ ਗੋਬਿੰਦ ਸਿੰਘ ਨੇ 1708 ਈ: ਵਿਚ ਆਪਣੇ ਤੋਂ ਮਗਰੋਂ ਗੁਰਗੱਦੀ (ਤਖ਼ਤ) ਉੱਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਿਰਾਜਮਾਨ ਕਰ ਕੇ ਸਦੀਵੀ ਗੁਰਿਆਈ ਦੇਣ ਉਪਰੰਤ ਹੁਕਮ ਕੀਤਾ ਸੀ ਕਿ ਸਿੱਖਾਂ ਨੇ ਹੁਣ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਹੀ ਆਪਣਾ ਇਕੋ-ਇਕ ਗੁਰੂ ਮੰਨਣਾ ਹੈ, ਕਿਸੇ ਹੋਰ ਗ੍ਰੰਥ ਜਾਂ ਮਨੁੱਖ ਨੂੰ ਨਹੀਂ। ਪਰ ਕੁੱਝ ਵਿਰਲੇ ਸਿੱਖਾਂ ਨੂੰ ਛੱਡ ਕੇ ਆਪਣੇ ਆਪ ਨੂੰ ਸਿੱਖ ਸਮਝਣ ਵਾਲੇ ਲੋਕਾਂ ਦੀ ਸਮੁੱਚੀ ਕੌਮ, ਗੁਰੂ ਸਾਹਿਬ ਦੇ ਅੰਤਮ ਅਤੇ ਸਦੀਵੀ ਹੁਕਮਾਂ ਦੀ ਘੋਰ-ਅਵੱਗਿਆ ਕਰ ਰਹੀ ਹੈ। ਅਜਿਹਾ ਕਿਉਂ?
ਬਾਬਾ ਨਾਨਕ ਜੀ ਨੇ ਗੁਰਬਾਣੀ ਲਿਖਣ ਸਮੇਂ ਸਭ ਤੋਂ ਪਹਿਲਾਂ ਸਮੁੱਚੀ ਮਨੁੱਖਤਾ ਨੂੰ ‘੧’ (ਇਕ) ਦਾ ਮਹਾਨ ਸਿਧਾਂਤ ਦਿੱਤਾ ਹੈ ਅਰਥਾਤ ਅਕਾਲ ਪੁਰਖ ਇਕ ਹੈ, ਗੁਰੂ ਇਕ ਹੈ, ਗੁਰੂ ਦੀ ਬਾਣੀ ਇਕ ਹੈ, ਗੁਰੂ ਦੀ ਵਿਚਾਰਧਾਰਾ ਇਕ ਹੈ ਅਤੇ ਸਿੱਖ ਵੀ ਇਕ ਅਕਾਲ ਪੁਰਖ ਅਤੇ ਇਕ ਗੁਰੂ ਨੂੰ ਮੰਨਣ ਵਾਲਾ ਮਨੁੱਖ ਹੈ। ਪਰ ਅੱਜ ਦੇ ਭੇਖੀ ਸਿੱਖਾਂ ਨੇ ‘੧’ (ਇਕ) ਦੇ ਸਿਧਾਂਤ ਨੂੰ ਕਿਉਂ ਛੱਡ ਦਿੱਤਾ ਹੋਇਆ ਹੈ? ਕੀ ਉਨ੍ਹਾਂ ਨੂੰ ‘੧’ (ਇਕ) ਦੇ ਸਿਧਾਂਤ ਦੀ ਜਾਣਕਾਰੀ ਨਹੀਂ ਹੈ?
ਸਾਰੇ ਗੁਰਦੁਆਰਿਆਂ ਵਿਚ ਗੁਰਗੱਦੀ (ਤਖ਼ਤ) ਉੱਤੇ ਰੋਜ਼ਾਨਾ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਦਾ ਹੁੰਦਾ ਹੈ। ਨਿਤਨੇਮ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ‘ਜਪੁ’ ਅਤੇ ‘ਅਨੰਦੁ’ ਪੜ੍ਹੀ ਜਾਂਦੀ ਹੈ, ਇਸ ਦੇ ਉਲਟ ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ) ਦੀਆਂ ਰਚਨਾਵਾਂ ਜਾਪ, ਚੌਪਈ ਅਤੇ ਸਵੱਈਏ ਵੀ ਨਿਤਨੇਮ ਵਿਚ ਪੜ੍ਹੇ ਜਾਂਦੇ ਹਨ। ਘਰਾਂ ਵਿਚ ਨਿਤਨੇਮ ਕਰਨ ਵਾਲੇ ਵੀ ਅਜਿਹਾ ਹੀ ਕਰਦੇ ਹਨ। ਅਰਦਾਸ ਉਪਰੰਤ ਦੋਹਰਾ: ਸਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਵੀ ਜ਼ਰੂਰ ਬੋਲਿਆ ਜਾਂਦਾ ਹੈ। ਇਹ ਦੋਗ਼ਲੀ ਨੀਤੀ ਕਿਉਂ?
ਕਿਸੇ ਰਚਨਾਂ ਨੂੰ ਗੁਰੂ ਦੀ ਬਾਣੀ ਦਾ ਦਰਜਾ ਦੇਣ ਦਾ ਇਕੋ-ਇਕ ਅਧਿਕਾਰ ਕੇਵਲ ਸਾਰੇ ‘ਨਾਨਕ ਜੋਤਿ’ ਸਤਿਗੁਰਾਂ ਦਾ ਆਪਣਾ ਸੀ। ਇਹ ਅਧਿਕਾਰ ਕਿਸੇ ਸਿੱਖ ਕੋਲ ਨਹੀਂ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ‘ਨਾਨਕ ਜੋਤਿ’ ਗੁਰਿਆਈ ਨੂੰ ਮੁੱਖ ਰੱਖਦੇ ਹੋਏ, ਪੋਥੀ (ਗੁਰੂ ਗ੍ਰੰਥ ਸਾਹਿਬ) ਅੰਦਰ ਦਰਜ ਬਾਣੀ ਨੂੰ ਹੀ ਕੇਵਲ ਗੁਰੂ ਦੀ ਬਾਣੀ ਹੋਣ ਦਾ ਸਦੀਵੀ ਦਰਜਾ ਦਿੱਤਾ ਸੀ। ‘ਨਾਨਕ ਜੋਤਿ’ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸਿੱਖੀ ਅੰਦਰ ਨਾ ਤਾਂ ਕੋਈ ਮਨੁੱਖ ਕਿਸੇ ਹੋਰ ਰਚਨਾ ਨੂੰ ਗੁਰੂ ਦੀ ਬਾਣੀ ਦਾ ਦਰਜਾ ਦੇਣ ਦਾ ਅਧਿਕਾਰ ਰੱਖਦਾ ਹੈ ਅਤੇ ਨਾ ਹੀ ਕੋਈ ਗੁਰੂ ਹੋਣ ਦਾ ਦਰਜਾ ਰੱਖਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਬਚਿੱਤਰ ਨਾਟਕ ਦੀਆਂ ਰਚਨਾਵਾਂ ਨੂੰ ਗੁਰੂ ਦੀ ਬਾਣੀ ਹੋਣ ਦਾ ਦਰਜਾ ਦੇਣ ਵਾਲੇ ਕੀ ਆਪਣੇ ਆਪ ਨੂੰ ‘ਨਾਨਕ ਜੋਤਿ’ ਗੁਰੂ ਸਮਝਦੇ ਹਨ?
ਕੀ ਸਿੱਖ ਆਗੂਆਂ, ਪ੍ਰਬੰਧਕਾਂ ਅਤੇ ਪਰਚਾਰਕਾਂ ਨੂੰ ਪਤਾ ਨਹੀਂ ਹੈ ਕਿ ਸਦੀਵੀ ਗੁਰਿਆਈ ਕੇਵਲ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਗੁਰਬਾਣੀ ਨੂੰ ਦਿੱਤੀ ਹੋਈ ਹੈ? ਜੇਕਰ ਪਤਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ) ਦੀਆਂ ਰਚਨਾਵਾਂ ਜਾਪ, ਚੌਪਈ, ਸਵੱਈਏ ਆਦਿ ਪੜ੍ਹ ਕੇ ਗੁਰੂ-ਦਰਬਾਰ ਦੀ ਰੋਜ਼ਾਨਾ ਤੌਹੀਨ ਕਿਉਂ ਕੀਤੀ ਜਾ ਰਹੀ ਹੈ?
ਕੀ ਸਿੱਖ ਆਗੂ, ਪ੍ਰਬੰਧਕ ਅਤੇ ਪਰਚਾਰਕ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨੂੰ ਪੂਰਨ ਅਤੇ ਸਮਰੱਥ ਨਹੀਂ ਮੰਨਦੇ? ਜੇਕਰ ਪੂਰਨ ਅਤੇ ਸਮਰੱਥ ਮੰਨਦੇ ਹਨ ਤਾਂ ਸਿੱਖਾਂ ਨੂੰ ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ) ਦੀਆਂ ਰਚਨਾਵਾਂ ਨਾਲ ਕਿਸ ਕਾਰਣ ਜੋੜਿਆ ਜਾ ਰਿਹਾ ਹੈ?
ਗੁਰਬਾਣੀ ਦੇ ਫੁਰਮਾਨ ਹਨ:-ਗੁਰੁ ਪੂਰਾ ਪੂਰੀ ਜਾ ਕੀ ਬਾਣੀ ਅਨਿਕ ਗੁਣਾ ਜਾ ਕੇ ਜਾਹਿ ਨ ਗਣੇ ।।੧ ।। ਰਹਾਉ ।। (ਗੁ.ਗ੍ਰੰ.ਸਾ.ਪੰਨਾ- 805), ਪੂਰੇ ਗੁਰ ਕੀ ਪੂਰੀ ਦੀਖਿਆ।। ਜਿਸੁ ਮਨਿ ਬਸੈ ਤਿਸੁ ਸਾਚੁ ਪਰੀਖਿਆ।। (ਗੁ.ਗ੍ਰੰ.ਸਾ.ਪੰਨਾ-293), ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ।। (ਗੁ.ਗ੍ਰੰ.ਸਾ.ਪੰਨਾ-646)। ਗੁਰਬਾਣੀ ਹੁਕਮਾਂ ਦੀ ਉਲੰਘਣਾ ਕਿਉਂ ਕੀਤੀ ਜਾ ਰਹੀ ਹੈ?
ਗੁਰਬਾਣੀ:-ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ।। (ਗੁ.ਗ੍ਰੰ.ਸਾ.ਪੰਨਾ-920)। ਅਨੁਸਾਰ ਸਦੀਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ(ਤਖ਼ਤ) ਬਰਾਬਰ ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ) ਦੀਆਂ ਅਸ਼ਲੀਲ, ਗੰਦੀਆਂ, ਕਾਮ-ਉਕਸਾਉ ਅਤੇ ਨਸ਼ਿਆਂ ਨਾਲ ਗਲਤਾਨ ਰਚਨਾਵਾਂ ਦਾ ਪ੍ਰਕਾਸ਼ ਕਿਉਂ ਕੀਤਾ ਜਾਂਦਾ ਹੈ? ਉਸ ਅੱਗੇ ਮੱਥੇ ਕਿਉਂ ਟਿਕਾਏ ਜਾਦੇ ਹਨ? ਉਸ ਦੇ ਪਾਠ ਕਿਉਂ ਕੀਤੇ ਜਾਂਦੇ ਹਨ, ਉਸ ਅੱਗੇ ਅਰਦਾਸ ਕਿਉਂ ਕੀਤੀ ਜਾਂਦੀ ਹੈ? ਅਤੇ ਉਸ ਨੂੰ ਸਿੱਖਾਂ ਦਾ ਗੁਰੂ ਕਿਉਂ ਬਣਾਇਆ ਜਾ ਰਿਹਾ ਹੈ?
ਗੁਰਬਾਣੀ: ਸਬਦੁ ਗੁਰੂ ਸੁਰਤਿ ਧੁਨਿ ਚੇਲਾ।। (ਗੁ. ਗ੍ਰੰ. ਸਾ. ਪੰਨਾ- 943) ਅਨੁਸਾਰ ਬਾਬਾ ਨਾਨਕ ਜੀ ਨੇ ਸਿਧ ਗੋਸਟਿ ਬਾਣੀ ਵਿਚ ਜੋਗੀਆਂ ਨੂੰ ਬਹੁਤ ਹੀ ਸਪੱਸ਼ਟ ਅਤੇ ਠੋਸ ਜਵਾਬ ਦਿੱਤਾ ਹੋਇਆ ਹੈ ਕਿ ਮੇਰਾ ਗੁਰੂ ‘ਸਬ਼ਦ ’ ਹੈ ਅਤੇ ਮੇਰਾ ‘ਮਨ’ ਉਸ ਸ਼ਬਦ ਗੁਰੂ ਦਾ ਚੇਲਾ ਭਾਵ ਸਿੱਖ ਹੈ। ਇਕ ਗੱਲ ਨੋਟ ਕਰਨ ਵਾਲੀ ਹੈ ਕਿ ਬਾਬਾ ਜੀ ਨੇ ਨਾ ਤਾਂ ਕਿਸੇ ਸਰੀਰ ਨੂੰ ਆਪਣਾ ‘ਗੁਰੂ’ ਬਣਾਇਆ ਸੀ ਅਤੇ ਨਾ ਹੀ ਆਪਣੇ ਸਰੀਰ ਨੂੰ ‘ਸਿੱਖ’ ਦੱਸਿਆ। ‘ਨਾਨਕ ਜੋਤਿ’ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੇ ਤੋਂ ਮਗਰੋਂ 1708 ਈ: ਵਿਚ ਸ਼ਬਦ ਗੁਰੂ ਦੀ ਮਹਾਨਤਾ ਨੂੰ ਸਦੀਵੀ ਬਰਕਰਾਰ ਰੱਖਦੇ ਹੋਏ, ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਸਦੀਵੀ ਗੁਰਿਆਈ ਦਿੱਤੀ ਸੀ। ਆਪਣੇ ਤੋਂ ਮਗਰੋਂ ਕਿਸੇ ਹੋਰ ਗ੍ਰੰਥ ਜਾਂ ਦੇਹਧਾਰੀ ਸਾਧ-ਸੰਤ/ਗੁਰੂ ਨੂੰ ਆਪਣਾ ਉਤਰਾਅਧਿਕਾਰੀ ਨਹੀਂ ਬਣਾਇਆ ।
ਪਰ ਹੁਣ ਡੇਰਿਆਂ ਦੇ ਅਖੌਤੀ ਸਾਧ-ਸੰਤ ਆਪਣੇ ਪ੍ਰਬੰਧਕਾਂ ਅਤੇ ਪ੍ਰਚਾਰਕਾਂ ਰਾਹੀਂ ‘ਨਾਨਕ ਜੋਤਿ’ ਗੁਰੂ ਗੋਬਿੰਦ ਸਿੰਘ ਜੀ ਦੇ ਅੰਤਮ ਅਤੇ ਸਦੀਵੀ ਹੁਕਮਾਂ ਦੀ ਅਵੱਗਿਆ ਕਰ ਕੇ ਸਿੱਖੀ-ਸਿਧਾਂਤਾਂ ਤੋਂ ਅਣਜਾਣ ਭੋਲੇ-ਭਾਲੇ ਸਿੱਖਾਂ ਪਾਸੋਂ ਆਪਣੀ ਸੇਵਾ-ਪੂਜਾ ਕਰਵਾ ਰਹੇ ਹਨ ਜੋ ਕਿ ‘ਸਿੱਖੀ’ ਵਿਚ ਪ੍ਰਵਾਨ ਨਹੀਂ ਹੈ। ਜੇਕਰ ਡੇਰਿਆਂ ਦੇ ਸਾਧਾਂ-ਸੰਤਾਂ, ਪ੍ਰਬੰਧਕਾਂ, ਪ੍ਰਚਾਰਕਾਂ ਅਤੇ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਨਹੀਂ ਮੰਨਣਾ ਅਤੇ ਨਾ ਹੀ ਉਸ ਦੀ ਰਹਿਨੁਮਾਈ ਅਨੁਸਾਰ ਚਲਣਾ ਹੈ ਤਾਂ ਦੋਹਰਾ: ਸਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਬੋਲ ਕੇ ਲੋਕਾਂ ਨੂੰ ਮੂਰਖ ਕਿਉਂ ਬਣਾਇਆ ਜਾ ਰਿਹਾ ਹੈ?
ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਨੁਸਾਰ ਸਿੱਖ ਦੀ ਅਰਦਾਸ ਕੇਵਲ ਅਕਾਲ ਪੁਰਖ ਜਾਂ ਗੁਰੂ ਅੱਗੇ ਹੀ ਹੋ ਸਕਦੀ ਹੈ। ਗੁਰਬਾਣੀ ਦੇ ਫ਼ੁਰਮਾਨ ਹਨ:-
ਤੂ ਠਾਕੁਰ ਤੁਮ ਪਹਿ ਅਰਦਾਸ।। (ਗੁ. ਗ੍ਰੰ. ਸਾ. ਪੰਨਾ-268)
ਨਾਨਕ ਕੀ ਪ੍ਰਭ ਪਹਿ ਅਰਦਾਸਿ।। (ਗੁ. ਗ੍ਰੰ. ਸਾ. ਪੰਨਾ-389)
ਸਤਿਗੁਰ ਅਗੈ ਅਰਦਾਸਿ ਕਰਿ ਸਾਜਨੁ ਦੇਇ ਮਿਲਾਇ।। (ਗੁ. ਗ੍ਰੰ. ਸਾ. ਪੰਨਾ-55)
ਅਰਦਾਸ ਕਰੀ ਪੂਰੇ ਗੁਰ ਪਾਸਿ।। (ਗੁ. ਗ੍ਰੰ. ਸਾ. ਪੰਨਾ-395)
ਗੁਰ ਅਪਨੇ ਆਗੈ ਅਰਦਾਸਿ।। (ਗੁ. ਗ੍ਰੰ. ਸਾ. ਪੰਨਾ-1147)
ਪਰ ਉਕਤ ਗੁਰਬਾਣੀ ਹੁਕਮਾਂ ਨੂੰ ਭੁਲਾ ਕੇ ਗੁਰਮਤਿ ਵਿਰੋਧੀ ਲੋਕਾਂ ਨੇ ਆਪਣੇ ਆਪ ਗੁਟਕਿਆਂ ਵਿਚ ਅਰਦਾਸ ਦੇ ਸਿਰਲੇਖ ਅਧੀਨ :- ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ ।। ਸ੍ਰੀ ਭਗਉਤੀ ਜੀ ਸਹਾਇ ।। ਵਾਰ ਸ੍ਰੀ ਭਗਉਤੀ ਜੀ ਕੀ ।। ਪਾ:10 ।। ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈ ਧਿਆਇ।।….ਆਦਿ ਛਾਪ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਤੇ ਸਿੱਖ ਕੌਮ ਨਾਲ ਸ਼ਰੇਆਮ ਬਹੁਤ ਵੱਡਾ ਧੋਖਾ ਕੀਤਾ ਗਿਆ ਹੈ। ਬਚਿੱਤਰ ਨਾਟਕ ਗ੍ਰੰਥ ਦੇ ਪੰਨਾ-119 ‘ਤੇ ਅਰਦਾਸ ਦਾ ਕੋਈ ਵੀ ਸਿਰਲੇਖ ਦਰਜ ਨਹੀਂ ਹੈ। ਇਹ ਭਗਉਤੀ ਕੌਣ ਹੈ? ਇਸ ਦਾ ਜਵਾਬ ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ) ਦੇ ਪੰਨਾ-119-127 ਤਕ ਦਰਜ ਭਗਉਤੀ ਦੀ ਵਾਰ ਦੀ ਅਖ਼ੀਰਲੀ ਪਉੜੀ ਵਿਚ ਸਪੱਸ਼ਟ ਕੀਤਾ ਹੋਇਆ ਹੈ: ਦੁਰਗਾ ਪਾਠ ਬਣਾਇਆ ਸਭੇ ਪਉੜੀਆਂ।। ਫੇਰ ਨ ਜੂਨੀ ਆਇਆ ਜਿਨ ਇਹ ਗਾਇਆ।। 55 ।।
ਚੰਡੀ ਦੀ ਵਾਰ, ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ) ਦੇ ਪੰਨਾ-119-127 ਤਕ ਦਰਜ ਭਗਉਤੀ ਦੀ ਵਾਰ ਦੀ ਇੰਨ-ਬਿੰਨ ਨਕਲ ਹੈ। ਇਸ ਨੂੰ ਦੁਰਗਾ ਦੀ ਵਾਰ ਵੀ ਕਿਹਾ ਜਾਂਦਾ ਹੈ। ਭਗਉਤੀ ਨੂੰ ਹੀ ਦੁਰਗਾ, ਚੰਡੀ, ਭਵਾਨੀ, ਪਾਰਬਤੀ, ਕਾਲੀ, ਸ਼ਿਵਾ, ਕਾਲਕਾ, ਮਹਾਂਮਾਈ, ਜਗਮਾਤ ਆਦਿ ਕਿਹਾ ਜਾਂਦਾ ਹੈ। ਜੇਕਰ ਅਰਦਾਸ ਕਰਨ ਵਾਲਿਆਂ ਨੇ ਭਗਉਤੀ ਦੀ ਵਾਰ ਸ਼ੁਰੂ ਕਰ ਲਈ ਹੈ ਤਾਂ ਨਿਹੰਗ ਸਿੰਘਾਂ ਵਾਂਗ ਚੰਡੀ ਦੀ ਵਾਰ ਦਾ ਪਾਠ 55 ਪਉੜੀਆਂ ਤਕ ਪੂਰਾ ਕਿਉਂ ਨਹੀਂ ਕਰਦੇ? ਵਾਰ ਦਾ ਪੂਰਾ ਪਾਠ ਕਰ ਕੇ ਦੁਰਗਾ ਮਾਤਾ ਤੋਂ ਆਪਣਾ ਜਨਮ-ਮਰਨ ਕਿਉਂ ਨਹੀਂ ਕਟਾਉਂਦੇ?
ਭਗਉਤੀ (ਦੁਰਗਾ ਮਾਤਾ) ਅੱਗੇ ਅਰਦਾਸ ਕਰਨ ਵਾਲੇ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਉਹ ਦੁਰਗਾ ਮਾਤਾ ਦੇ ਪੁਜਾਰੀ ਹਨ। ਜੇਕਰ ਨਹੀਂ ਤਾਂ ਗੁਰਬਾਣੀ ਸਿੱਖਿਆ ਅਨੁਸਾਰ ਉਹ ਆਪਣੀ ਅਰਦਾਸ ਅਕਾਲ ਪੁਰਖ ਜਾਂ ਗੁਰੂ ਅੱਗੇ ਕਿਉਂ ਨਹੀਂ ਕਰਦੇ? ਗੁਰਬਾਣੀ ਹੁਕਮਾਂ ਦੀ ਘੋਰ ਉਲੰਘਣਾ ਕਰ ਕੇ ਭਗਉਤੀ (ਦੁਰਗਾ ਮਾਤਾ) ਅੱਗੇ ਰੋਜ਼ਾਨਾਂ ਅਰਦਾਸਾਂ ਕਰ ਕੇ ਗੁਰੂ-ਦਰਬਾਰ ਦੀ ਤੌਹੀਨ ਕਿਉਂ ਕਰਦੇ ਹਨ?
ਹਰੇਕ ਬੱਚੇ ਦਾ ਇਕ ਹੀ ਪਿਤਾ ਹੁੰਦਾ ਹੈ ਪਰ ਆਪਣੇ ਆਪ ਨੂੰ ਸਿੱਖ ਸਮਝਣ ਵਾਲੇ ਲੋਕਾਂ ਨੇ ਆਪਣੇ ਦੋ ਗੁਰ-ਪਿਤਾ: ਗੁਰੂ ਗ੍ਰੰਥ ਸਾਹਿਬ ਅਤੇ ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ) ਕਿਵੇਂ ਬਣਾ ਲਏ ਹਨ? ਕੀ ਸਿੱਖ ਦੋਗ਼ਲੇ ਹਨ?
ਕੀ ਸੰਸਾਰ ਭਰ ਵਿਚ ਇਕ ਵੀ ਅਜਿਹਾ ਗੁਰਦੁਆਰਾ ਹੈ ਜਿਸ ਦੇ ਪ੍ਰਬੰਧਕ ਅਤੇ ਪਰਚਾਰਕ ਦੋਹਰਾ: ਸਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਅਨੁਸਾਰ ਆਪ ਚਲਦੇ ਹੋਣ ਅਤੇ ਦੋਹਰੇ ਅਨੁਸਾਰ ਸੰਗਤ ਵਿਚ ਪਰਚਾਰ ਕਰਦੇ ਹੋਣ?
ਕੀ ਇਹ ਦੋਹਰਾ ਪੜ੍ਹਣਾ ਬੰਦ ਕਰ ਦੇਣਾ ਚਾਹੀਦਾ ਹੈ ਜਾਂ ਇਸ ਦੀ ਥਾਂ ਦੋਹਰਾ: ਸਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਦੋ ਗ੍ਰੰਥ। ਪੜ੍ਹਣਾ ਚਾਹੀਦਾ ਹੈ?
ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਫ਼ੁਰਮਾਨ ਹੈ:-
(ੳ) ਨਾ ਹਮ ਹਿੰਦੂ ਨ ਮੁਸਲਮਾਨ।। ( ਗੁ. ਗ੍ਰੰ. ਸਾ. ਪੰਨਾ-1136)
ਅਰਥਾਤ ਨਾ ਅਸੀਂ ਹਿੰਦੂ ਹਾਂ ਅਤੇ ਨਾ ਹੀ ਮੁਸਲਮਾਨ ।
(ਅ) ਹਮਰਾ ਝਗਰਾ ਰਹਾ ਨ ਕੋਊ।। ਪੰਡਿਤ ਮੁਲਾਂ ਛਾਡੇ ਦੋਊ ।।੧ ।। ਰਹਾਉ ।।
( ਗੁ. ਗ੍ਰੰ. ਸਾ. ਪੰਨਾ-1158-59)
ਅਰਥਾਤ ਹੇ ਭਾਈ ! ਪੰਡਤ ਅਤੇ ਮੁਲਾਂ ਦੋਨੋਂ ਛੱਡ ਦਿੱਤੇ ਹਨ। ਇਸ ਲਈ ਹੁਣ ਸਾਡਾ ਇਨ੍ਹਾਂ ਦੇ ਧਰਮ ਕਰਮ ਨਾਲ ਕੋਈ ਵਾਸਤਾ ਨਹੀਂ ਰਿਹਾ।
(ੲ) ਪੰਡਿਤ ਮੁਲਾਂ ਜੋ ਲਿਖਿ ਦੀਆ।। ਛਾਡਿ ਚਲੇ ਹਮ ਕਛੂ ਨ ਲੀਆ।।
( ਗੁ. ਗ੍ਰੰ. ਸਾ. ਪੰਨਾ-1159)
ਅਰਥਾਤ ਹੇ ਭਾਈ ! ਪੰਡਤ ਅਤੇ ਮੌਲਵੀਆਂ ਨੇ ਜੋ ਵੀ ਲਿਖਿਆ ਹੈ, ਉਸ ਨੂੰ ਪੂਰੀ ਤਰ੍ਹਾਂ ਛੱਡ ਦਿੱਤਾ ਹੈ।
ਉਕਤ ਗੁਰਬਾਣੀ ਹੁਕਮਾਂ ਅਨੁਸਾਰ ਕੋਈ ਵੀ ਸਿੱਖ ਆਪਣੇ ਜੀਵਨ ਵਿਚ ਮੌਲਵੀਆਂ ਵਾਲੀਆਂ ਰੀਤਾਂ-ਰਸਮਾਂ ਬਿਲਕੁਲ ਨਹੀਂ ਕਰਦੇ, ਪਰ ਬ੍ਰਾਹਮਣ ਦੀਆਂ ਬਣਾਈਆਂ ਸਾਰੀਆਂ ਰੀਤਾਂ-ਰਸਮਾਂ ਨੂੰ ਜਨਮ ਤੋਂ ਲੈ ਕੇ ਮੌਤ ਤਕ ਕਰਦੇ ਹਨ, ਉਨ੍ਹਾਂ ਨੂੰ ਛੱਡਣ ਲਈ ਤਿਆਰ ਨਹੀਂ ਹਨ। ਜਿਵੇਂ ਕਿ ਸਾਧਾਂ-ਸੰਤਾਂ, ਅਨੇਕਾਂ ਦੇਵੀ-ਦੇਵਤਿਆਂ, ਅਵਤਾਰਾਂ, ਪੱਥਰਾਂ, ਸਮਾਧਾਂ, ਮੂਰਤੀਆਂ, ਬੁੱਤਾਂ, ਖੇੜਿਆਂ, ਤਸਵੀਰਾਂ, ਥਾਨਾਂ, ਦਰੱਖਤਾਂ, ਖੂਹਾਂ, ਸੱਪਾਂ, ਗੁੱਗਾ ਆਦਿ ਦੀ ਪੂਜਾ, ਮੁੰਡਨ ਕਰਾਉਣਾ, ਸਮਾਧੀਆਂ, ਜੋਤ, ਕੁੰਭ, ਨਾਰੀਅਲ ਰੱਖਣੇ, ਭੋਗ ਲਵਾਉਣੇ, ਦੀਵੇ ਬਾਲ ਕੇ ਆਰਤੀਆਂ ਕਰਨੀਆਂ, ਦਾਨ, ਤਿਲਕ, ਮਾਲਾ-ਫੇਰਨੀ, ਤੰਤਰ-ਮੰਤਰ, ਤਾਗੇ-ਤਾਵੀਤ, ਸੰਗਰਾਂਦ, ਪੂਰਨਮਾਸੀ, ਮੱਸਿਆ, ਕਰਵਾ-ਚੌਥ ਅਤੇ ਹੋਰ ਵਰਤ ਆਦਿ ਰੱਖਣੇ, ਵਹਿਮ-ਭਰਮ, ਪਖੰਡ, ਅੰਧ-ਵਿਸ਼ਵਾਸ, ਸੂਤਕ-ਪਾਤਕ, ਜਾਤ-ਪਾਤ, ਜਨਮ-ਕੁੰਡਲੀ, ਦਾਜ-ਦਹੇਜ, ਸਗਨ-ਅਪਸ਼ਗਨ, ਪੁੱਛਣਾ, ਮੁਹਰਤ, ਤਿਥਿ-ਵਾਰ, ਵਿਆਹਾਂ ਦੇ ਸਾਹੇ ਕਢਾਣੇ, ਜੈ-ਮਾਲਾ, ਸਿਹਰਾ, ਰੱਖੜੀ, ਟਿਕਾ ਭਾਈ-ਦੂਜ, ਹੋਲੀ, ਕੰਜਕਾਂ, ਨਵਰਾਤਰੇ, ਦੁਸਹਿਰਾ, ਦੀਵਾਲੀ, ਲੋਹੜੀ,ਘੜਾ ਭੰਨਣਾ, ਫੁੱਲ ਚੁਗਣੇ ਅਤੇ ਗੰਗਾ/ਪਾਤਾਲ ਪੁਰੀ ਪਾਉਣੇ, ਬਰਸੀਆਂ ਮਨਾਉਣੀਆਂ, ਭਾਂਡੇ-ਬਿਸਤਰੇ ਦੇਣੇ, ਪ੍ਰੇਤ-ਕਿਰਿਆ, ਸਰਾਧ, ਤੀਰਥ, ਸੁਰਗ-ਨਰਕ ਦੇ ਲਾਲਚ ਅਤੇ ਡਰ ਆਦਿ ਹੋਰ ਵੀ ਅਨੇਕਾਂ ਕਰਮ ਕਰਦੇ ਹਨ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਦੋਹਰਾ: ਸਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਬੋਲਣ ਵਾਲੇ ਜਿਹੜੇ ਸਿੱਖ, ਉਕਤ ਸਾਰੀਆਂ ਬ੍ਰਾਹਮਣੀ ਰੀਤਾਂ-ਰਸਮਾਂ ਕਰਦੇ ਹਨ ਜਾਂ ਤਾਂ ਉਨ੍ਹਾਂ ਨੂੰ ਸਿੱਖੀ-ਸਿਧਾਂਤਾਂ ਦੀ ਜਾਣਕਾਰੀ ਨਹੀਂ ਹੈ ਜਾਂ ਫਿਰ ਉਹ ਸਿੱਖ ਭੇਖ ਵਿਚ ਹਿੰਦੂ ਹੀ ਹਨ?
ਕੀ ਸਿੱਖ, ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਫ਼ੁਰਮਾਨ:- ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ ।। ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ ।।੩।। (ਗੁ.ਗ੍ਰੰ.ਸਾ.ਪੰਨਾ-488) ਅਨੁਸਾਰ ਕਦੇ ਸੱਚ ਵੀ ਬੋਲਣਗੇ ਜਾਂ ਸਾਰੀ ਉਮਰ ਧਰਮ ਦੇ ਨਾਂ ‘ਤੇ ਝੂਠ ਹੀ ਬੋਲਦੇ ਰਹਿਣਗੇ? ਜੋ ਰਸਤਾ ਗੁਰੂ ਸਮਝਾਉਂਦਾ ਹੈ ਉਸ ਰਸਤੇ ‘ਤੇ ਸਿੱਖ ਸੇਵਕਾਂ ਵਾਂਗ ਚਲਣਗੇ ਜਾਂ ਗੁਰਮਤਿ-ਵਿਰੋਧੀ, ਸੱਚ-ਵਿਰੋਧੀ, ਸਿੱਖ-ਵਿਰੋਧੀ ਅਤੇ ਗੁਰ-ਨਿੰਦਕ ਬਣ ਕੇ ਸਾਰੀ ਉਮਰ ਗੁਰੂ ਦੀ ਸ਼ਰੇਆਮ ਤੌਹੀਨ ਹੀ ਕਰਦੇ ਰਹਿਣਗੇ?
ਸਿੱਖੋ! ਹੁਣ ਕਰੋ ਫ਼ੈਸਲਾ
ਆਪਣੇ ਆਪ ਨੂੰ ਸਿੱਖ ਸਮਝਣ ਵਾਲੇ ਜਿਹੜੇ ਲੋਕ ਰੋਜ਼ਾਨਾ ਅਰਦਾਸ ਵਿਚ ਦੋਹਰਾ: ਸਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਬੋਲਦੇ ਹਨ ਜਾਂ ਆਖਦੇ ਰਹਿੰਦੇ ਹਨ ਕਿ ਅਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਹਾਂ, ਹੋਰ ਕਿਸੇ ਨੂੰ ਨਹੀਂ। ਉਹ ਉਕਤ ਸਾਰੇ ਸਵਾਲਾਂ ਨੂੰ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਸਿੱਖਿਆ ਅਨੁਸਾਰ ਸਾਰਿਆਂ ਨੂੰ ਆਪਣੇ ਆਪ ਹੀ ਫ਼ੈਸਲਾ ਕਰ ਲੈਣਾ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਕੋ-ਇਕ ਗੁਰੂ ਮੰਨਦੇ ਹਨ ਜਾਂ ਨਹੀਂ।
ਸੰਸਾਰ ਵਿਚ ਸੱਚ ਨਾਲੋਂ ਝੂਠ, ਚੰਗਿਆਈ ਨਾਲੋਂ ਬੁਰਿਆਈ ਅਤੇ ਅਸਲ ਨਾਲੋਂ ਨਕਲ ਦੀ ਕਈ ਗੁਣਾ ਭਰਮਾਰ ਹੈ। ਸੋਨੇ ਅਤੇ ਪਿੱਤਲ, ਹੀਰੇ ਅਤੇ ਕੱਚ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ ਹੈ, ਪਰ ਦੇਖਣ ਅਤੇ ਚਕਮਣ ਤੋਂ ਇਕੋ ਜਿਹੇ ਲਗਦੇ ਹਨ। ਪੰਜਾਬੀ ਦੀ ਕਹਾਵਤ ਹੈ: ਹਰ ਚਮਕਣ ਵਾਲੀ ਸ਼ੈ ਸੋਨਾ ਨਹੀਂ ਹੋ ਸਕਦੀ। ਪਰਖ ਉਪਰੰਤ ਹੀ ਕਿਸੇ ਚਮਕ ਵਾਲੀ ਵਸਤੂ ਦਾ ਮੁੱਲ ਪੈਂਦਾ ਹੈ।
ਜਿੱਥੋਂ ਤਕ ਸਿੱਖਾਂ ਦੀ ਗੱਲ ਹੈ, ਉਸ ਬਾਰੇ ਵੀ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਹੈ ਕਿ ਬਾਹਰੋਂ ਸਿੱਖ ਦਿਸਣ ਵਾਲਾ ਜਾਂ ਆਪਣੇ ਆਪ ਨੂੰ ਸਿੱਖ ਦੱਸਣ ਵਾਲਾ ਹਰ ਇਕ ਮਨੁੱਖ, ਗੁਰੂ ਦਾ ਸਿੱਖ ਨਹੀਂ ਹੋ ਸਕਦਾ। ਇਸ ਲਈ ਕਿਸੇ ਸਿੱਖ ਦੀ ਕਦਰ ਸਿਰਫ ਉਸ ਦੇ ਸਿੱਖੀ ਬਾਣੇ ਕਰ ਕੇ ਹੀ ਨਹੀਂ ਸਗੋਂ ਉਸ ਦੇ ਸਿੱਖੀ ਬਾਣੇ ਦੀ ਕਦਰ ਉਸ ਦੇ ਸਿੱਖੀ ਅਮਲਾਂ ਕਰ ਕੇ ਹੀ ਹੋਣੀ ਚਾਹੀਦੀ ਹੈ। ਸਿੱਖ ਦੀ ਅਸਲ ਪਹਿਚਾਣ ਬਾਰੇ ਗੁਰਬਾਣੀ ਦਾ ਫ਼ੁਰਮਾਨ ਹੈ:-
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ।।
ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ।। (ਗੁ.ਗ੍ਰੰ.ਸਾ.ਪੰਨਾ-601)
ਅਰਥਾਤ ਉਹੀ ਮਨੁੱਖ, ਗੁਰੂ ਦਾ ਸਿੱਖ ਹੈ, ਗੁਰੂ ਦਾ ਮਿੱਤਰ ਹੈ, ਗੁਰੂ ਦਾ ਰਿਸ਼ਤੇਦਾਰ ਹੈ, ਜਿਹੜਾ ਗੁਰੂ ਦੇ ਗੁਰਬਾਣੀ ਹੁਕਮਾਂ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ। ਪਰ ਜਿਹੜਾ ਮਨੁੱਖ, ਗੁਰੂ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਆਪਣੀ ਮਰਜ਼ੀ ਅਨੁਸਾਰ ਚਲਦਾ ਹੈ, ਉਹ ਅਗਿਆਨਤਾ ਦੇ ਹਨੇਰੇ ਵਿਚ ਭਟਕ ਕੇ ਦੁੱਖ ਹੀ ਪਾਉਂਦਾ ਹੈ|
ਸੰਸਾਰ ਭਰ ਵਿਚ ਲੱਖਾਂ ਗੁਰਦੁਆਰੇ ਹਨ, ਲੱਖਾਂ ਹੀ ਉਨ੍ਹਾਂ ਦੇ ਪ੍ਰਬੰਧਕ ਅਤੇ ਪ੍ਰਚਾਰਕ ਹਨ ਜਿਹੜੇ ਆਪਣੇ ਆਪ ਨੂੰ ਗੁਰੂ ਦੇ ਸੇਵਕ ਅਖਵਾਉਂਦੇ ਹਨ। ਉਹ ਧਰਮ-ਅਸਥਾਨਾਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਰੋਜ਼ਾਨਾਂ ਗੁਰਬਾਣੀ ਪੜ੍ਹਦੇ ਹਨ, ਗਾਉਂਦੇ ਹਨ ਅਤੇ ਸ਼ਬਦ-ਵਿਚਾਰ ਕਰਦੇ ਹਨ। ਸਾਰੇ ਗੁਰਦੁਆਰਿਆਂ ਵਿਚ ਲੱਖਾਂ-ਕਰੋੜਾਂ ਦੀ ਗਿਣਤੀ ਵਿਚ ਸਿੱਖ-ਸੰਗਤ ਗੁਰਬਾਣੀ ਪਾਠ, ਕੀਰਤਨ ਅਤੇ ਸ਼ਬਦ-ਵਿਚਾਰ ਸੁਣਦੀ ਹੈ। ਪਰ ਕੇਵਲ ਗੁਰਬਾਣੀ ਪੜ੍ਹਣ, ਗਾਉਣ, ਕਥਾ ਕਰਨ ਵਾਲੇ ਜਾਂ ਸੁਣਨ ਵਾਲੇ ਸਿੱਖ ਪ੍ਰਵਾਨ ਨਹੀ ਹਨ। ਕੇਵਲ ਉਹੀ ਸਿੱਖ-ਸੇਵਕ ਜਾਂ ਸੁਣਨ ਵਾਲੇ ਪ੍ਰਵਾਨ ਹਨ ਜਿਹੜੇ ਗੁਰੂ ਹੁਕਮਾਂ ਨੂੰ ਸੱਚੋ-ਸੱਚ ਮੰਨ ਕੇ ਉਨ੍ਹਾਂ ਦੀ ਪਾਲਣਾ ਕਰਦੇ ਹਨ।
ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ।।
ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ
ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ।।੧।। (ਗੁ.ਗ੍ਰੰ.ਸਾ.ਪੰਨਾ-669)
ਅਰਥਾਤ ਹੇ ਭਾਈ ! ਸੇਵਕ ਅਤੇ ਸਿੱਖ ਅਖਵਾਣ ਵਾਲੇ ਸਾਰੇ ਗੁਰੂ-ਦਰ ‘ਤੇ ਪ੍ਰਭੂ ਦੀ ਪੂਜਾ-ਭਗਤੀ ਕਰਨ ਆਉਂਦੇ ਹਨ ਅਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਭਰਪੂਰ ਸ੍ਰੇਸ਼ਟ ਗੁਰਬਾਣੀ ਗਾਂਦੇ ਹਨ। ਪਰ ਪਰਮਾਤਮਾ ਉਹਨਾਂ ਮਨੁੱਖਾਂ ਦਾ ਬਾਣੀ ਗਾਉਣਾ ਅਤੇ ਸੁਣਨਾ ਕਬੂਲ ਕਰਦਾ ਹੈ, ਜਿਨ੍ਹਾਂ ਨੇ ਆਪਣੇ ਗੁਰੂ ਦੇ ਹੁਕਮ ਨੂੰ ਬਿਲਕੁਲ ਸੱਚੋ-ਸੱਚ ਜਾਣ ਕੇ ਉਸ ਉੱਤੇ ਅਮਲ ਕੀਤਾ ਹੈ।੧।
ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਆਗਿਆ ਵਿਚ ਚਲਦੇ ਹਨ, ਉਨ੍ਹਾਂ ਬਾਰੇ ਗੁਰਬਾਣੀ ਦਾ ਫ਼ੁਰਮਾਨ ਹੈ:-
ਨਾਨਕ ਹਉ ਬਲਿਹਾਰੀ ਤਿੰਨ ਕਉ ਜੋ ਚਲਨਿ ਸਤਿਗੁਰ ਭਾਇ ।।੧।। (ਗੁ.ਗ੍ਰੰ.ਸਾ.ਪੰਨਾ-651)
ਅਰਥਾਤ ਹੇ ਨਾਨਕ! ਮੈਂ ਉਹਨਾਂ ਤੋਂ ਸਦਕੇ ਹਾਂ, ਜੋ ਸਤਿਗੁਰੂ ਦੇ ਪਿਆਰ ਵਿਚ ਤੁਰਦੇ ਹਨ।੧।
ਜਿਹੜੇ ਰੋਜ਼ਾਨਾ: ਸਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਦਾ ਦੋਹਰਾ ਤਾਂ ਜ਼ਰੂਰ ਪੜ੍ਹਦੇ ਹਨ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਹੁਕਮਾਂ ਨੂੰ ਮੰਨਣ ਲਈ ਤਿਆਰ ਨਹੀਂ ਹਨ, ਉਨ੍ਹਾਂ ਬਾਰੇ ਗੁਰਬਾਣੀ ਦੇ ਫ਼ੁਰਮਾਨ ਹਨ:-
ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਖਾਇਆ।।
(ਗੁ.ਗ੍ਰੰ.ਸਾ.ਪੰਨਾ- 303)
ਅਰਥਾਤ ਜੋ ਮਨੁੱਖ ਪੂਰੇ ਸਤਿਗੁਰੂ ਦਾ ਹੁਕਮ ਨਹੀਂ ਮੰਨਦਾ, ਉਹ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੇ-ਸਮਝ ਬੰਦਾ ਮਾਇਆ (ਰੂਪੀ ਜ਼ਹਿਰ) ਦਾ ਠੱਗਿਆ ਹੋਇਆ ਹੈ।
ਜਿਨਾ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ ਤਿਨਾ ਮੁਹ ਭਲੇਰੇ ਫਿਰਹਿ ਦਯਿ ਗਾਲੇ।।
(ਗੁ.ਗ੍ਰੰ.ਸਾ.ਪੰਨਾ- 305)
ਅਰਥਾਤ ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਦੇ ਬਚਨ ਚੰਗੇ ਨਹੀਂ ਲਗਦੇ, ਉਨ੍ਹਾਂ ਦੇ ਮੂੰਹ ਭਰਿਸ਼ਟੇ ਹੋਏ ਹਨ, ਉਹ ਖਸਮ ਪ੍ਰਭੂ ਵੱਲੋਂ ਫਿਟਕਾਰੇ ਹੋਏ ਫਿਰਦੇ ਹਨ।
ਪਉੜੀ ।। ਜਿਨਾ ਗੁਰੁ ਗੋਪਿਆ ਆਪਣਾ ਤੇ ਨਰ ਬੁਰਿਆਰੀ ।।
ਹਰਿ ਜੀਉ ਤਿਨ ਕਾ ਦਰਸਨੁ ਨਾ ਕਰਹੁ ਪਾਪਿਸਟ ਹਤਿਆਰੀ ।।
ਓਹਿ ਘਰਿ ਘਰਿ ਫਿਰਹਿ ਕੁਸੁਧ ਮਨਿ ਜਿਉ ਧਰਕਟ ਨਾਰੀ ।। (ਗੁ.ਗ੍ਰੰ.ਸਾ.ਪੰਨਾ- 651)
ਅਰਥਾਤ ਜੋ ਮਨੁੱਖ, ਪਿਆਰੇ ਸਤਿਗੁਰੂ ਦੀ ਨਿੰਦਾ ਕਰਦੇ ਹਨ, ਉਹ ਬਹੁਤ ਭੈੜੇ ਹਨ, ਰੱਬ ਮਿਹਰ ਹੀ ਕਰੇ! ਹੇ ਭਾਈ! ਉਨ੍ਹਾਂ ਦਾ ਦਰਸ਼ਨ ਨਾਹ ਕਰੋ, ਉਹ ਬੜੇ ਪਾਪੀ ਤੇ ਹੱਤਿਆਰੇ ਹਨ; ਮਨੋਂ ਖੋਟੇ ਉਹ ਆਦਮੀ ਵਿਭਚਾਰਨ ਇਸਤ੍ਰੀ ਵਾਂਗ ਘਰ ਘਰ ਫਿਰਦੇ ਹਨ।
ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨੇ ਆਮ ਲੋਕਾਈ ਨੂੰ ਸਾਵਧਾਨ ਕੀਤਾ ਹੋਇਆ ਹੈ ਕਿ ਜਿਹੜੇ ਪੂਰਨ ਤੇ ਸਮਰੱਥ ਗੁਰੂ ਗ੍ਰੰਥ ਸਾਹਿਬ ਦੇ ਗੁਰਬਾਣੀ ਹੁਕਮਾਂ ਨੂੰ ਨਹੀਂ ਮੰਨਦੇ, ਜਿਨ੍ਹਾਂ ਨੂੰ ਗੁਰਬਾਣੀ ਹੁਕਮ ਚੰਗੇ ਨਹੀਂ ਲਗਦੇ, ਜਿਹੜੇ ਆਪਣੇ ਗੁਰੂ ਦੀ ਨਿੰਦਿਆ ਕਰਦੇ ਹਨ, ਜਿਹੜੇ ਆਪਣੇ ਗੁਰੂ ਦੀ ਤੌਹੀਨ ਕਰਦੇ ਹਨ, ਉਹ ਮਨਮੁੱਖ ਹਨ, ਬੇ-ਸਮਝ ਹਨ, ਅਗਿਆਨੀ ਹਨ, ਉਹ ਭ੍ਰਿਸ਼ਟੇ ਹੋਏ ਹਨ, ਉਹ ਫਿਟਕਾਰੇ ਹੋਏ ਹਨ, ਉਹ ਪਾਪੀ ਹਨ, ਹੱਤਿਆਰੇ ਹਨ ਅਤੇ ਮਨ ਦੇ ਖੋਟੇ ਹਨ। ਇਸ ਲਈ ਅਜਿਹੇ ਲੋਕਾਂ ਦੇ ਭੁੱਲ ਕੇ ਵੀ ਦਰਸ਼ਨ ਕਰਨ ਲਈ ਨਾ ਜਾਉ।
ਹੁਣ ਫ਼ੈਸਲਾ ਸਿੱਖ ਸੰਗਤ ਨੇ ਕਰਨਾ ਹੈ ਕਿ ਜਿਹੜੇ ਸਿੱਖ ਆਗੂ, ਪ੍ਰਬੰਧਕ ਅਤੇ ਪ੍ਰਚਾਰਕ ਪਹਿਲਾਂ ਆਪ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਪੂਰਨ ਤੇ ਸਮਰੱਥ ਗੁਰੂ ਮੰਨਦੇ ਹੋਏ, ਉਸ ਦੀ ਰਹਿਨੁਮਾਈ ਵਿਚ ਚਲਦੇ ਹਨ ਅਤੇ ਆਪਣੇ ਸਿੱਖ-ਧਰਮ-ਅਸਥਾਨਾਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਨੁਸਾਰ ਸੰਗਤ ਵਿਚ ਪ੍ਰਚਾਰ ਕਰਦੇ ਹਨ, ਉਨ੍ਹਾਂ ਦੀ ਹਰ ਪ੍ਰਕਾਰ ਦੀ ਮਦਦ ਕਰਨੀ ਚਾਹੀਦੀ ਹੈ। ਇਸ ਦੇ ਉਲਟ ਜਿਹੜੇ ਸਿੱਖ ਭੇਖ ਦੇ ਆਗੂ, ਪ੍ਰਬੰਧਕ ਅਤੇ ਪ੍ਰਚਾਰਕ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਨ ਤੇ ਸਮਰੱਥ ਗੁਰੂ ਨਹੀਂ ਮੰਨਦੇ, ਜਿਹੜੇ ਕੇਵਲ ਦੋਹਰੇ: ਸਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਬੋਲਣ ਜਾਂ ਪੜ੍ਹਣ ਤਕ ਹੀ ਸੀਮਤ ਹਨ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਨੁਸਾਰ ਚਲਣ ਲਈ ਤਿਆਰ ਨਹੀਂ ਹਨ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਨੁਸਾਰ ਸੰਗਤ ਵਿਚ ਪ੍ਰਚਾਰ ਨਹੀਂ ਕਰਦੇ, ਜਿਹੜੇ ਗੋਲਕਾਂ ਰਾਹੀਂ ਇਕੱਤਰ ਕੀਤਾ ਹੋਇਆ ਪੈਸਾ ਗੁਰਮਤਿ-ਵਿਰੋਧੀ, ਸੱਚ-ਵਿਰੋਧੀ, ਸਿੱਖ-ਵਿਰੋਧੀ ਅਤੇ ਗੁਰ-ਨਿੰਦਕ ਕਾਰਵਾਈਆਂ ਕਰ ਕੇ ਬਾਬਾ ਨਾਨਕ ਜੀ ਵੱਲੋਂ ਪ੍ਰਚਾਰੇ ‘ਸੱਚ-ਧਰਮ’ ਅਤੇ ਸਿੱਖ ਕੌਮ ਦਾ ਭਾਰੀ ਨੁਕਸਾਨ ਕਰ ਰਹੇ ਹਨ, ਉਨ੍ਹਾਂ ਦੇ ਧਰਮ-ਅਸਥਾਨਾਂ ਵਿਚ ਨਹੀਂ ਜਾਣਾ ਚਾਹੀਦਾ ਅਤੇ ਨਾ ਹੀ ਉਨ੍ਹਾਂ ਦੀਆਂ ਗੋਲਕਾਂ ਵਿਚ ਪੈਸਾ ਪਾਉਣਾ ਚਾਹੀਦਾ ਹੈ ਕਿਉਂਕਿ ਸਿੱਖ ਭੇਖ ਦੇ ਪੁਜਾਰੀਆਂ ਨੇ ਧਰਮ ਨੂੰ ਆਪਣਾ ਰੋਜ਼ਗਾਰ ਅਤੇ ਵਾਪਾਰ ਬਣਾਇਆ ਹੋਇਆ ਹੈ। ਯਾਦ ਰੱਖੋ, ਬਾਬੇ ਨਾਨਕ ਦਾ ਪ੍ਰਚਾਰਿਆ ਸੱਚ-ਧਰਮ’ ਕੋਈ ਰੋਜ਼ਗਾਰ ਜਾਂ ਵਪਾਰ ਦਾ ਸਾਧਨ ਨਹੀਂ ਹੈ।
ਜੇਕਰ ਸਿੱਖ ਹੁਣ ਵੀ ਨਾ ਜਾਗੇ, ਹੁਣ ਵੀ ਨਾ ਸਮਝੇ ਅਤੇ ਹੁਣ ਵੀ ਨਾ ਸੰਭਲੇ ਤਾਂ ਸਿੱਖਾਂ ਨੂੰ ਆਪਣੀ ਲਾਪਰਵਾਹੀ ਅਤੇ ਕਮਜ਼ੋਰੀ ਦਾ ਖ਼ਮਿਆਜਾ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਸਿੱਖਾਂ ਦੇ ਧਰਮ-ਅਸਥਾਨਾਂ ਵਿਚ ਬੈਠੇ ਸਿੱਖ ਭੇਖ ਦੇ ਪੁਜਾਰੀ ਸੰਸਾਰ ਵਿਚ ਜਗਤ ਗੁਰੂ ਬਾਬਾ ਨਾਨਕ ਜੀ ਵੱਲੋਂ ਕਾਇਮ ਕੀਤੇ ਸੱਚ-ਧਰਮ, ਸਿੱਖ-ਕੌਮ ਅਤੇ ਮਨੁੱਖਤਾ ਲਈ ਪੰਡਤ ਨਾਲੋਂ ਵੀ ਵਧੇਰੇ ਘਾਤਕ ਸਾਬਤ ਹੋ ਰਹੇ ਹਨ।
16-12-2025 ਦਵਿੰਦਰ ਸਿੰਘ ਆਰਟਿਸਟ
97815-09768