Punjabi Articles
ਸਿੱਖ਼ ਅਗਵਾਈ ਢਾਂਚਾ

ਗੁਰੂ ਨਾਨਕ ਦੇਵ ਜੀ ਦੇ ਆਗਮਨ ਸਮੇਂ ਹਿੰਦੂ ਪੁਜਾਰੀ ਸ਼੍ਰੇਣੀ ਭਾਵ ਬ੍ਰਾਹਮਣ ਵਰਨ ਨੇ ਸਮਾਜ ਨੂੰ ਮਿਥਿਹਾਸਕ ਅਵਤਾਰਵਾਦ, ਅੰਧਵਿਸ਼ਵਾਸੀ ਮੂਰਤੀ ਪੂਜਾ, ਤੀਰਥ ਯਾਤਰਾ, ਨਰਕ/ਸੁਰਗ, ਪਾਪ/ਪੁਨ, ਦਾਨ/ਦੱਛਣਾ, ਊਚ/ਨੀਚ, ਆਦਿ ਦੇ ਗੋਰਖ ਧੰਦੇ ਵਿਚ ਪਾਇਆ ਹੋਇਆ ਸੀ। ਕੱਟੜਵਾਦੀ ਮੁਸਲਮਾਨ ਕਾਜ਼ੀ/ਮੁੱਲਾਂ ਸ਼੍ਰੇਣੀ, ਜਿਸ ਨੂੰ ਸਰਕਾਰੀ ਸ਼ਹਿ ਸੀ, ਸਮੁੱਚੇ ਸਮਾਜ ਨੂੰ ਮੁਸਲਮਾਨੀ ਸ਼ਰ੍ਹਾ ਦੇ ਬੰਧਨਾਂ ਵਿਚ ਜਕੜ ਕੇ ਰਖਣ ਵਿਚ ਜਤਨਸ਼ੀਲ ਸੀ।
ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ ॥
ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ ॥
ਹਿੰਦੂ ਸਾਲਾਹੀ ਸਾਲਾਹਨਿ ਦਰਸਨਿ ਰੂਪਿ ਅਪਾਰੁ ॥
ਤੀਰਥਿ ਨਾਵਹਿ ਅਰਚਾ ਪੂਜਾ ਅਗਰ ਵਾਸੁ ਬਹਕਾਰੁ ॥ ਆਸਾ ਦੀ ਵਾਰ ਪਨਾਂ 465
ਅਰਥ;-ਮੁਸਲਮਾਨਾਂ ਦਾ ਯਕੀਨ ਹੈ ਕਿ ਅੱਲਾ ਦੀ ਸਿਫਤ ਸਾਲਹ ਸ਼ਰਹ ਦੁਅਰਾ ਹੀ ਹੋ ਸਕਦੀ ਹੈ ਅਤੇ ਪੜ੍ਹ ਪੜ੍ਹ ਕੇ ਵਿਚਾਰ ਕਰਦੇ ਹਨ ਕਿ ਜੋ ਅੱਲਾ ਦਾ ਦਿਦਾਰ ਕਰਨ ਲਈ ਸ਼ਰਹ ਦੇ ਬੰਦਨ ਵਿਚ ਪੈਂਦੇ ਹਨ ੳੇੁਹੀ ਧਰਮੀ ਬੰਦੇ ਹਨ। ਹਿੰਦੂ ਸਾਲਾਹੁਣ-ਯੋਗ ਅਪਾਰ ਰੂਪੀ ਹਰੀ ਦੇ ਦਰਸ਼ਨ ਹਿਤ (ਸ਼ਾਸਤ੍ਰਾਂ ਦੁਅਰਾ) ਸਾਲਾਹੁੰਦੇ ਹਨ, ਤੀਰਥਾਂ ਤੇ ਨ੍ਹਾਉਂਦੇ ਹਨ, ਮੂਰਤੀ ਅੱਗੇ ਭੇਟਾ ਰੱਖਦੇ ਅਤੇ ਚੰਦਨ ਆਦਿ ਦੀਆਂ ਸੁਗੰਧੀਆਂ ਦੁਅਰਾ ਪੂਜਾ ਕਰਦੇ ਹਨ।
ਹਿੰਦੂ ਪੁਜਾਰੀਵਾਦ ਅਤੇ ਮੁਸਲਮ ਕੱਟੜਵਾਦ ਨੂੰ ਅਪ੍ਰਵਾਨ ਕਰਦਿਆਂ ਗੁਰੂ ਨਾਨਕ ਦੇਵ ਜੀ ਨੇ ਅਦੁੱਤੀ ਸਿੱਖ਼ ਧਰਮ ਦਾ ਪ੍ਰਾਰੰਭ ਕੀਤਾ, ਜਿਸ ਵਿਚ ਗੁਰੂ ਸਾਹਿਬ ਨੇ ਪੁਜਾਰੀ ਸ਼੍ਰੇਣੀ ਦੀ ਕੋਈ ਥਾਂ ਨਹੀਂ ਰੱਖੀ ਕਿਉਂਕਿ ਇਸ ਨਿਰਾਲੇ ਪੰਥ ਦਾ ਪਾਂਧੀ ਭਾਵ ਸਿੱਖ਼ੀ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਜੀਵਨ ਦੀ ਸੇਧ ਗੁਰੂ ਸਬਦ ਤੋਂ ਲੈ ਸਕਦਾ ਹੈ। ਪਰ ਹਰ ਇਹ ਸਿੱਖ਼ ਆਪਣੇ ਆਪ ਇਹ ਸੇਧ ਲੈਣ ਦੇ ਸਮਰਥ ਨਹੀਂ ਹੈ ਇਸ ਲਈ ਗੁਰਬਾਣੀ ਦੀ ਤਰਜਮਾਨੀ ਕਰਨ ਵਾਲੇ ਗਿਆਨੀ ਪਰਚਾਰਕਾਂ ਦੀ ਵਸ਼ੇਸ਼ ਥਾਂ ਹੈ।
ਪਹਿਲੇ ਚਾਰ ਗੁਰੂ ਸਾਹਿਬਾਨ ਆਪਣੀ ਅਤੇ ਪੂਰਵ-ਗੁਰੂ ਸਾਹਿਬਾਨ ਦੀ ਬਾਣੀ ਦੁਆਰਾ ਸਿੱਖ਼ ਜਗਤ ਨੂੰ ਧਾਰਮਿਕ ਅਤੇ ਸਮਾਜਿਕ ਅਗਵਾਈ ਪ੍ਰਦਾਨ ਕਰਦੇ ਸਨ। ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਪੂਰਵ-ਗੁਰੂ ਸਾਹਿਬਾਨ ਦੀਆਂ ਬਾਣੀਆਂ ਅਤੇ ਹਿੰਦੂ ਭਗਤਾਂ ਤੇ ਮੁਸਲਮਾਨ ਪੀਰਾਂ ਦੀਆਂ ਸਿੱਖ਼ੀ ਮੂਲ ਵਿਚਾਰਧਾਰਾ ਅਨਕੂਲ ਬਾਣੀਆਂ ਦਾ ਸੰਗ੍ਰਿਹ ਪੋਥੀ ਦੇ ਰੂਪ ਵਿਚ ਕਰ ਕੇ ਸਿੱਖ਼ੀ ਜੀਵਨ ਦੀ ਸੇਧ ਦਾ ਸਰੋਤ ਨਿਵੇਕਲਾ ਕਰ ਦਿੱਤਾ। ਅਤੇ ਇਸ ਪੋਥੀ ਦੁਆਰਾ ਸਿੱਖ਼ੀ ਦੇ ਮੂਲ ਸੰਕਲਪ �ਸ਼ਬਦ-ਗੁਰੂ� ਨੂੰ ਪ੍ਰਚਲਤ ਕਰ ਦਿੱਤਾ।
ਜਹਾਂਗੀਰ ਹੱਥੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਾਰਨ ਗੁਰੂ ਹਰਿ ਗੋਬਿੰਦ ਜੀ ਨੇ ਸਿੱਖ਼ੀ ਅਤੇ ਸਿੱਖਾਂ ਦੇ ਆਰਥਿਕ, ਸਮਾਜਿਕ, ਰਾਜਸੀ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਉਨਤੀ ਵਜੋਂ ਹਰਿਮੰਦਰ ਸਾਹਿਬ ਦੇ ਸਮੂਹ ਵਿਚ ਥੜੇ ਦੀ ਸਾਜਣਾ ਕੀਤੀ। ਉਸ ਥੜੇ ਵਿਖੇ ਗੁਰੂ ਸਾਹਿਬ ਬਰਾਜਮਾਨ ਹੋ ਕੇ ਸਿੱਖਾਂ ਦੇ ਆਰਥਿਕ ਔਕੜਾਂ ਅਤੇ ਸਮਾਜਕ ਦੁੱਖ ਸੁਣਦੇ ਅਤੇ ਨਿਵਿ੍ਰਤੀ ਦੇ ਸਾਧਨ ਪ੍ਰਦਾਨ ਕਰਦੇ। ਕੱਟੜ ਪੰਥੀ ਧਾਰਮਿਕ ਜਥੇਬੰਦੀਆਂ ਅਤੇ ਅੱਤਿਆਚਾਰੀ ਸਰਕਾਰੀ ਤਾਕਤਾਂ ਦੇ ਮਾਰੂ ਹੱਲਿਆਂ ਤੋਂ ਸਿੱਖੀ ਅਤੇ ਸਿੱਖ ਕੌਮ ਦੀ ਰੱਖਿਆ ਵਜੋਂ ਉਥੇ ਹੀ ਸੈਨਕ ਕਲਾ ਅਤੇ ਖੇਡਾਂ ਦੇ ਮੁਕਾਬਲੇ ਵੀ ਕਰਵਾਉਂਦੇ। ਸਮਾਂ ਪਾ ਕੇ ਇਸ ਥੜੇ ਦਾ ਨਾਮ ਅਕਾਲ ਬੁੰਗਾ ਪੈ ਗਿਆ ਜੋ ਕਿ ਸੰਨ 1920 ਤਕ ਪ੍ਰਚਲਤ ਰਿਹਾ।
ਸੰਨ 1628 ਵਿਚ ਪਿਪਲੀ ਸਾਹਿਬ ਵਿਖੇ ਗੁਰੂ ਹਰਿ ਗੋਬਿੰਦ ਸਾਹਿਬ ਦੀ ਅਗਵਾਈ ਹੇਠ ਸਿੱਖਾਂ ਅਤੇ ਮੁਖਲਿਸ ਖਾਂ ਦੀ ਅਗਵਾਈ ਹੇਠ ਮੁਗਲਾਂ ਦੀ ਲੜਾਈ ਹੋਈ ਜਿਸ ਵਿਚ ਸਿੱਖ਼ਾਂ ਦੀ ਜਿਤ ਹੋਈ। ਸੰਨ 1630 ਗੁਰੂ ਹਰਿ ਗੋਬਿੰਦ ਸਾਹਿਬ ਅੰਮ੍ਰਿਤਸਰ ਤੋਂ ਕਰਤਾਰਪੁਰ ਚਲੇ ਗਏ। ਇਸ ਤੋਂ ਮਗਰੋਂ ਕਿਸੇ ਵੀ ਗੁਰੂ ਸਾਹਿਬ ਨੇ ਹਰਿਮੰਦਰ ਸਮੂਹ ਵਿਚ ਨਿਵਾਸ ਨਹੀਂ ਕੀਤਾ।
ਦਸਮੇਸ਼ ਗੁਰੂ ਜੀ ਨੇ 30 ਮਾਰਚ 1699 ਦੀ ਵਿਸਾਖੀ ਨੂੰ ਪੰਜਾਂ ਪਿਆਰਿਆਂ ਦੀ ਪਰੰਪਰਾ ਆਰੰਭ ਕੇ ਨਿਆਂਕਾਰੀ ਲੋਕਰਾਜੀ ਰਾਜਨੀਤਕ ਸੰਕਲਪ ਨੂੰ ਸਿਧਾਂਤ ਬਣਾ ਦਿੱਤਾ ਅਤੇ 6 ਅਕਤੂਬਰ 1708 ਨੂੰ �ਸ਼ਬਦ-ਗੁਰੂ� ਦੇ ਸੰਕਲਪ ਨੂੰ �ਗੁਰੂ ਮਾਨਿਉ ਗ੍ਰੰਥ� ਦੇ ਆਦੇਸ਼ ਦੁਆਰਾ ਸਿਧਾਂਤ ਬਣਾ ਦਿੱਤਾ।
ਗੁਰੂ ਸਾਹਿਬਾਨ ਦੇ ਅਦੇਸ਼ਾਂ ਅਤੇ ਸਿੱਖ਼ੀ ਮੂਲ ਸੰਕਲਪਾਂ ਅਤੇ ਸਿਧਾਂਤਾਂ ਦੇ ਉਲਟ ਗੁਰੂ-ਕਾਲ ਮਗਰੋਂ ਬਹੁਤ ਸਮਾਂ ਸਿੱਖ਼ ਪੰਥ ਦੀ ਅਗਵਾਈ ਪੁਜਾਰੀਵਾਦੀ ਅਤੇ ਡੇਰਾਵਾਦੀ ਸ਼੍ਰੈਣੀਆਂ ਹੱਥ ਹੀ ਰਹੀ ਹੈ। ਸਮੇਂ ਸਮੇਂ ਸਿੰਘ ਸਭਾ, ਗੁਰਦੁਆਰਾ ਸੁਧਾਰ, ਆਦਿ ਲਹਿਰਾਂ ਨੇ ਇਨ੍ਹਾਂ ਸ਼੍ਰੈਣੀਆਂ ਤੋਂ ਸਿੱਖ਼ ਪੰਥ ਨੂੰ ਛੁਟਕਾਰਾ ਦਿਵਾਉਣ ਪ੍ਰਤੀ ਸੰਘਰਸ਼ ਕੀਤੇ ਹਨ ਪਰ ਸਿੱਟੇ ਵਜੋਂ ਪੰਥ ਦੀ ਆਗੂ ਸ਼੍ਰੈਣੀ ਦੇ ਨਾਮ ਹੀ ਬਦਲਦੇ ਰਹੇ ਹਨ, ਅਗਵਾਈ ਸ਼੍ਰੈਣੀ ਦੀ ਸੋਚਣੀ, ਕਥਨੀ ਅਤੇ ਕਰਨੀ ਵਿਚ ਕੋਈ ਸੁਧਾਰ ਨਹੀਂ ਹੋ ਸਕਿਆ। ਸ਼੍ਰੌਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੇ ਹੋਂਦ ਵਿਚ ਆਉਣ ਤੋਂ ਮਗਰੋਂ ਮਹੰਤਾਂ, ਪੁਜਾਰੀਆਂ, ਆਦਿ ਦੀ ਥਾਂ ਪੁਜਾਰੀਵਾਦੀ ਜਥੇਦਾਰਾਂ ਅਤੇ ਸਿੰਘ ਸਾਹਿਬਾਨਾਂ, ਜੋ ਕਿ ਬਹੁ-ਗਿਣਤੀ ਡੇਰਾਵਾਦ ਦੀ ਉਪਜ ਹਨ, ਨੇ ਸਾਂਭ ਲਈ ਹੈ।
ਪੁਰਾਤਨ ਸਮੇਂ ਤੋਂ ਹੀ ਪੁਜਾਰੀਵਾਦੀ ਧਾਰਮਿਕ ਆਗੂ ਸ਼੍ਰੇਣੀ ਇਸ ਤੱਥ ਤੋਂ ਭਲੀ ਪਰਕਾਰ ਜਾਣੂ ਰਹੀ ਹੈ ਕਿ ਅੰਧਵਿਸ਼ਵਾਸ ਅਤੇ ਅੰਨ੍ਹੀ ਸ਼ਰਧਾ ਵਸ ਸ਼ਰਧਾਲੂਆਂ ਨੂੰ ਸੌਖਾ ਭੈ-ਭੀਤ ਕੀਤਾ ਅਤੇ ਭਰਮਾਇਆ ਜਾ ਸਕਦਾ ਹੈ। ਗੁਰੂ-ਕਾਲ ਮਗਰੋਂ ਸਿੱਖ਼ ਪੰਥ ਦੀ ਹਰ ਆਗੂ ਸ਼੍ਰੇਣੀ ਵੀ ਇਹੀ ਮੂਲ ਮੰਤਰ ਵਰਤਦੀ ਰਹੀ ਹੈ। ਇਸੇ ਮੰਤਰ ਅਧੀਨ ਸਿੱਖ਼ ਕੇਂਦਰਾਂ ਦੇ ਅੰਨੀ੍ਹ ਸ਼ਰਧਾ ਉਜਾਉ ਨਾਮ �ਹਰਿਮੰਦਰ�, �ਅਕਾਲ ਤਖਤ�, �ਸੱਚ ਖੰਡ�, ਆਦਿ ਪ੍ਰਚਲਤ ਕੀਤੇ ਗਏ। ਇਨ੍ਹਾਂ ਨਾਵਾਂ ਅਤੇ ਗੁਰੂ ਗ੍ਰੰਥ ਦੀਆਂ ਬਾਣੀਆਂ ਦੇ ਪਿਛੋਕੜ ਵਿਚ ਸ਼ਬਦ �ਸਾਹਿਬ� ਦੀ ਵਰਤੋਂ ਪ੍ਰਚਲਤ ਕੀਤੀ ਗਈ। ਗੁਰੂ ਸ਼ਬਦ, ਮੁਖਵਾਕ, ਬਚਨ, ਉਪਦੇਸ਼, ਆਦੇਸ਼, ਆਦਿ ਨੂੰ �ਹੁਕਮਨਾਮਾ� ਦਾ ਪਦ ਦੇ ਦਿੱਤਾ ਗਿਆ। ਇਹ ਨਾਮ ਅਤੇ ਪਦ, ਜੋ ਕਿ ਗੁਰਬਾਣੀ ਜਾਂ ਗੁਰੂ-ਕਾਲ ਦੀਆਂ ਸਮਕਾਲੀ ਰਚਨਾਵਾਂ ਵਿਚ ਨਹੀਂ ਮਿਲਦੇ, ਮਿਥਿਹਾਸਕ ਜਨਮ ਸਾਖੀਆਂ, ਦਸਮ ਗ੍ਰੰਥ, ਗੁਰ ਬਿਲਾਸ, ਪੰਥ ਪ੍ਰਕਾਸ਼, ਸੂਰਜ ਪ੍ਰਕਾਸ਼, ਬੰਸਾਵਲੀਨਾਮਾ, ਆਦਿ ਵਿਚੋਂ ਲਏ ਗਏ ਹਨ। ਹਰਿਮੰਦਰ ਅਤੇ ਤਖਤ ਸ਼ਬਦ ਗੁਰ ਬਿਲਾਸ ਪਾਤਸ਼ਾਹੀ 6, ਅਧਿਆਇ 5, ਪਨਾਂ 121-122 ਤੇ ਅੰਕਤ ਹਨ।
ਉਕਤ ਗੁਰ ਬਿਲਾਸ, ਜਿਸ ਵਿਚ ਗੁਰੂ ਸਾਹਿਬਾਨ ਨੂੰ ਅਵਤਾਰਵਾਦੀ, ਦੇਵੀ ਪੂਜ, ਭੰਗ ਪੀਣ ਦੇ ਆਦੀ, ਪਰਪੰਚੀ, ਆਦਿ ਦਰਸਾਇਆ ਗਿਆ ਹੈ, ਗੁਮਨਾਮ ਕਵੀ ਅਨੁਸਾਰ ਸਾਵਨ, ਸੰਮਤ 1775 (ਸੰਨ 1718) ਦੀ ਰਚਨਾ ਹੈ। ਇਸ ਕੂੜੀ ਮਿਥਿਹਾਸਕ ਰਚਨਾ ਨੂੰ ਗਿ: ਜੋਗਿੰਦਰ ਸਿੰਘ ਵੇਦਾਂਤੀ ਅਤੇ ਡਾ: ਅਮਰਜੀਤ ਸਿੰਘ ਨੇ ਸੰਪਾਦਿਤ ਕਰਕੇ ਸ਼੍ਰੋਮਣੀ ਕਮੇਟੀ ਤੋਂ ਜੂਨ ਸੰਨ 1998 ਵਿਚ ਪ੍ਰਕਾਸ਼ਕ ਕਰਵਾਇਆ ਸੀ। ਜਥੇ: ਟੌਹਰਾ, ਜਥੇ: ਮਨਜੀਤ ਸਿੰਘ, ਜਥੇ: ਕੇਵਲ ਸਿੰਘ, ਗਿ: ਸੰਤ ਸਿੰਘ ਮਸਕੀਨ, ਭਾ: ਮਨਜੀਤ ਸਿੰਘ ਕਲਕਤਾ, ਭਾ: ਰਣਜੀਤ ਸਿੰਘ, ਭਾ: ਸੁਖਦੇਵ ਸਿੰਘ ਭੌੌੋਰ, ਆਦਿ ਸਮੇਤ ਪੰਥ ਦੇ 13 ਰਤਨਾਂ ਨੇ ਇਸ ਕੂੜੀ ਰਚਨਾ ਦੀ ਪ੍ਰਸੰਸਾ ਕੀਤੀ ਸੀ। ਸ: ਗੁਰਬਖਸ਼ ਸਿੰਘ ਕਾਲਾ ਅਫਗਾਨਾ ਵੱਲੋਂ ਇਸ ਦਾ ਅਲੋਚਨਾਤਮਕ ਵਿਸ਼ਲੇਸ਼ਣ ਪ੍ਰਕਾਸ਼ਤਕ ਕਰਨ ਅਤੇ ਵਿਦਵਾਨਾਂ ਸਮੇਤ ਸਿੱਖ਼ ਜਗਤ ਵੱਲੋਂ ਨਿਖੇਧੀ ਕਰਨ ਕਾਰਨ ਸ਼੍ਰੋਮਣੀ ਕਮੇਟੀ ਨੇ ਇਸ ਦੀ ਬਿਕਰੀ ਤੇ ਰੋਕ ਲਾ ਦਿੱਤੀ, ਜੋ ਕਿ ਭੁੱਲ ਸਵੀਕਾਰਨ ਤੁਲ ਹੈ। ਵੇਦਾਂਤੀ ਨੇ ਬਦਲੇ ਵਜੋਂ 10 ਜੁਲਾਈ 2003 ਨੂੰ ਸ਼: ਕਾਲਾ ਅਫਗਾਨਾ ਨੂੰ ਪੰਥ ਵਿਚੋਂ ਛੇਕ ਦਿੱਤਾ।
ਸ਼ਬਦ ਹਰਿਮੰਦਰ ਅਤੇ ਅਕਾਲ ਤਖਤ ਪੜ੍ਹ ਸੁਣ ਕੇ ਸੁਤੇ ਹੀ ਸਧਾਰਨ ਮਨੁੱਖ ਨੂੰ ਵਿਸ਼ਵਾਸ ਬਝਦਾ ਹੈ ਕਿ ਕੇਵਲ ਇਹੀ ਹਰੀ ਦਾ ਮੰਦਰ ਅਤੇ ਅਕਾਲ ਪੁਰਖ ਦਾ ਤਖਤ ਹੈ। ਪਰ ਸਿੱਖ਼ੀ ਵਿਚਾਰਧਾਰਾ ਅਤੇ ਗੁਰਬਾਣੀ ਪ੍ਰਤੀ ਥੋੜੀ ਵੀ ਜਾਨਕਾਰੀ ਰੱਖਣ ਵਾਲਾ ਜਾਣਦਾ ਹੈ ਕਿ ਇਹ ਸਿੱਖ਼ੀ ਸੰਕਲਪਾਂ ਅਤੇ ਸਿਧਾਂਤਾਂ ਦੇ ਉਲਟ ਹੈ ਕਿਉਕਿ ਗੁਰਬਾਣੀ ਇਸ ਅੰਧਵਿਸ਼ਵਾਸੀ ਵਿਚਾਰ ਦਾ ਖੰਡਨ ਕਰਦੀ ਹੈ।
ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ ॥ ਹਿੰਦੂ ਮੂਰਤਿ ਨਾਮ ਨਿਵਾਸੀ ਦੁਹ ਮਹਿ ਤਤੁ ਨ ਹੇਰਾ ॥1॥ ਅਲਹ ਰਾਮ ਜੀਵਉ ਤੇਰੇ ਨਾਈ ॥ ਤੂ ਕਰਿ ਮਿਹਰਾਮਤਿ ਸਾਈ ॥1॥ ਰਹਾਉ ॥ ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ ॥ ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ ॥2॥ਪਨੱ 1349-11, ਪ੍ਰਭਾਤੀ, ਭਗਤ ਕਬੀਰ ਜੀ
ਅਰਥ:-ਜੇ ਅਲਹ ਕੇਵਲ ਮਸੀਤ (ਕਾਹਬੇ) ਵਿਚ ਵਸਦਾ ਹੈ ਤਾਂ ਬਾਕੀ ਮੁਲਕ ਕਿਸ ਦਾ (ਹੋਇਆ)? ਹਿੰਦੂ ਦੀ ਮਨੌਤ ਹੈ ਕਿ ਭਗਵਾਨ ਦਾ ਨਿਵਾਸ ਮੂਰਤੀ ਵਿਚ ਹੈ। ਦੋਵਾਂ ਨੇ ਭੇਦ ਨਹੀਂ ਪਾਇਆ (ਕਿ ਪ੍ਰਮਾਤਮਾ ਸਰਬ ਵਿਆਪਕ ਹੈ)।1। ਅਲਹ, ਰਾਮ, ਮੇਰੇ ਤੇ ਮਿਹਰ ਕਰ, ਮੈਂ ਤੇਰਾ ਨਾਮ ਸਿਮਰ ਕੇ (ਉੱਚਾ ਆਤਮਕ ਜੀਵਨ) ਜੀਵਾਂ ।ਰਹਾਉ। (ਹਿੰਦੂ ਦਾ ਵਿਸ਼ਵਾਸ ਹੈ ਕਿ) ਹਰੀ ਦਾ ਵਾਸਾ ਦੱਖਣ (ਜਗਨ ਨਾਥ ਪੁਰੀ) ਵਿਚ ਹੈ, । (ਮੁਸਲਮਾਨ ਦਾ ਯਕੀਨ ਹੈ ਕਿ) ਅਲਹ ਦਾ ਮੁਕਾਮ ਪੱਛਮ (ਕਾਹਬੇ) ਵਿਚ ਹੈ। (ਪਰ ਹੇ ਪ੍ਰਾਣੀ ਕੇਵਲ) ਦਿਲ ਵਿਚ ਹੀ ਰਬ ਨੂੰ ਖੋਜ (ਕਿੳੇਂਕਿ) ਏਹੀ ਉਸ (ਅਲਹ, ਹਰੀ ਦਾ) ਦਾ ਮੁਕਾਮ (ਮੰਦਰ) ਹੈ
ਲ਼ੋਗਾ, ਭਰਮਿ ਨ ਭੁਲਹੁ ਭਾਈ॥ ਖਾਲਿਕੁ ਖਲਕ, ਖਲਕ ਮਹਿ ਖਾਲਿਕੁ, ਪੂਰਿ ਰਹਿਓ ਸ੍ਰਭ ਠਾਈ॥ ਕਬੀਰ ਜੀ, ਪ: 1349
ਪੁਜਾਰੀਵਾਦੀ ਸਿੱਖ਼ ਅਗੂ ਸ਼੍ਰੇਣੀ ਦੀ ਅੰਧਵਿਸ਼ਵਾਸੀ ਅਤੇ ਅੰਨ੍ਹੀ ਂਸ਼ਰਧਾ ਉਪਜਾਊ ਨੀਤੀ ਦੇ ਅਧੀਨ ਹੀ ਸਮੁੱਚਾ ਸਿੱਖ਼ ਜਗਤ ਜਾਣੇ/ਅਣਜਾਣੇ ਦਿਨ ਵਿਚ ਹਜ਼ਾਰਾਂ ਵਾਰੀਂ 16 ਨਾਵਾਂ ਵਾਲ਼ੀ ਹਿੰਦੂ ਦੇਵੀ ਭਗੌਤੀ ਨੂੰ ਸਿਮ੍ਰਦਾ ਅਤੇ ਗੁਰੂ ਗ੍ਰੰਥ ਨੂੰ ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ, ਦੋ ਜਹਾਨ ਦਾ ਵਾਲੀ, ਅੰਤ੍ਰਯਾਮੀ, ਆਦਿ ਕਹਿ ਕੇ ਜੋਦੜੀ ਕਰਦਾ, ਪ੍ਰਸ਼ਾਦ ਦਾ ਭੋਗ ਲਵਾਉਂਦਾ ਅਤੇ ਉਸ ਤੋਂ ਸ਼ੁੱਧ ਬਾਣੀ ਪੜ੍ਹਨ ਅਤੇ ਹੋਰ ਦਾਤਾਂ ਦੀ ਮੰਗ ਕਰਦਾ ਹੈ।
ਸਿੱਖ਼ ਸੰਸਾਰ ਭਲੀ ਪ੍ਰਕਾਰ ਜਾਣੂ ਹੈ ਕਿ ਅਜੋਕੇ ਸਿੱਖ ਆਗੂ ਸਿੱਖ਼ੀ ਵਿਚਾਰਧਾਰਾ ਅਤੇ ਸਿਧਾਂਤਾਂ ਤੇ ਅਧਾਰਤ ਧਾਰਮਿਕ ਅਤੇ ਸਮਾਜਿਕ ਅਗਵਾਈ ਦੇਣ ਤੋਂ ਅਸਮਰੱਥ ਹੀ ਨਹੀਂ, ਸਗੋਂ ਪੁਜਾਰੀਵਾਦੀ ਪਦਵੀਆਂ ਹੱਥਿਆਉਣ ਲਈ ਅੰਧਵਿਸ਼ਵਾਸ ਤੇ ਅੰਨ੍ਹੀਂ ਸ਼ਰਧਾ ਉਪਜਾਊ ਬਿਪ੍ਰਨੀ ਨੀਤੀ ਦੁਆਰਾ ਸਿੱਖ਼ ਕੌਮ ਨੂੰ ਭਰਮਾਉਂਦੇ ਹਨ। ਹੁਣ ਸਹਿਜਧਾਰੀ ਸਿੱਖਾਂ ਨੂੰ ਸ਼ਰੋਮਣੀ ਕਮੇਟੀ ਦੀ ਚੋਣ ਦੀਆਂ ਵੋਟਾਂ ਦੇ ਅਧਿਕਾਰ ਤੋਂ ਵਾਂਝਿਆਂ ਕਰਕੇ ਸਿੱਖ਼ ਜਗਤ ਨੂੰ ਅੰਮ੍ਰਿਤਧਾਰੀ ਅਤੇ ਸਹਿਜਧਾਰੀ ਵਰਗਾਂ ਵਿਚ ਵੰਡਣਾਂ ਵੀ ਏਸੇ ਨੀਤੀ ਦਾ ਸਿੱਟਾ ਹੈ। ਇਸ ਨਵੇਂ ਘੜੇ ਨਿਯਮ ਅਨੁਸਾਰ ਜੇ ਸ਼੍ਰੋਮਣੀ ਕਮੇਟੀ ਨੂੰ ਅੰਮ੍ਰਿਤਧਾਰੀ ਸਿੱਖ ਹੀ ਚੁਣ ਸਕਦੇ ਹਨ ਤਾਂ ਸ਼੍ਰੋਮਣੀ ਅਕਾਲੀ ਦਲ, ਜੋ ਕਿ ਸੂਬਾਈ ਸਿਆਸੀ ਪਾਰਟੀ ਹੈ, ਦਾ ਪ੍ਰਧਾਨ ਆਪਣੇ ਸਿਆਸੀ ਅਸਰ-ਰਸੂਖ ਦੁਾਅਰਾ ਕਿਉਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਨਿਯੁਕਤੀ ਅਤੇ ਸੇਵਾ-ਮੁਕਤੀ ਕਰਦਾ ਹੈ?
ਪਿਛਲੇ ਕੁਛ ਦਹਾਕਿਆਂ ਤੋਂ, ਖਾਸ ਕਰਕੇ ਬਾਦਲ-ਟੌਹਰਾ ਜੋੜੇ ਦੀ ਅਗਵਾਈ ਸਮੇਂ, ਕਥਿਤ ਅਕਾਲ ਤਖਤ ਦੇ ਅਖੌਤੀ ਜਥੇਦਾਰ ਦੀ ਨਿਯੁਕਤੀ ਅਤੇ ਸੇਵਾ-ਮੁਕਤੀ ਦੇ ਸਬੰਧ ਵਿਚ ਵਰਤੇ ਹੱਥਕੰਡੇ, ਅਖੌਤੀ ਜਥਦਾਰਾਂ/ਸਿੰਘ ਸਾਹਿਬਾਨਾਂ, ਜਿਨ੍ਹਾਂ ਵਿਰੁੱਧ ਭ੍ਰਿਸ਼ਟਾਚਾਰ, ਵੈਰ ਵਿਰੋਧ, ਪੱਖਪਾਤ, ਤਾਨਾਸ਼ਾਹੀ, ਆਦਿ ਦੂਸ਼ਣ ਲੱਗਦੇ ਰਹਿੰਦੇ ਹਨ, ਵੱਲੋਂ ਉਲਟਾ ਪੁਜਾਰੀਵਾਦੀ ਨੀਤੀਆਂ ਦਾ ਵਿਰੋੋੋੋੋਧ ਕਰਨ ਵਾਲੇ ਸਿੱਖ਼ਾਂ ਵਿਰੁੱਧ ਹੁਕਮਨਾਮੇਂ ਛੱਡਣ ਅਤੇ ਸਿੱਖ ਵਿਦਵਾਨਾਂ ਦੀ ਕੁੱਟ ਮਾਰ ਤੋਂ ਸਾਂਈਂ ਬੁੱਲੇ ਸ਼ਾਹ ਦੀਆਂ ਇਨ੍ਹਾਂ ਸਤਰਾਂ ਦੀ ਸੱਚਾਈ ਸਿੱਧ ਹੁੰਦੀ ਹੈ।
ਧਰਮਸਾਲ ਧੜਵਾਈ (ਧਾੜਵੀ) ਵਸਦੇ, ਠਾਕਰ ਦਵਾਰੇ ਠੱਗ। ਵਿਚ ਮਸੀਤ ਕੁਸੀਤੇ ਰਹਿੰਦੇ, ਆਸ਼ਕ ਰਹਿਨ ਅਲੱਗ।44। ਕਈ ਹਾਜੀ ਬਣ ਬਣ ਆਏ ਜੀ, ਗਲ ਨੀਲੇ ਜਾਮੇ ਪਾਏ ਜੀ, ਹੱਜ ਵੇਚ ਟਕੇ ਲੈ ਖਾਏ ਜੀ, ਪਰ ਏ ਗੱਲ ਕੀਹਨੂੰ ਭਾਏ ਜੀ।
ਕਿਸੇ ਵੀ ਦੇਸ, ਕੌਮ, ਧਰਮ, ਸਮਾਜ, ਸੰਸਥਾ, ਜਥੇਬੰਦੀ, ਆਦਿ ਦੀ ਉੱਨਤੀ ਜਾਂ ਨਿਘਾਰ ਉਸ ਦੇ ਮੁੱਖ ਆਗੂ ਜਾਂ ਆਗੂ ਢਾਂਚੇ ਅਤੇ ਆਮ ਜੰਤਾ ਦੀ ਸੂਝ-ਬੂਝ ਤੇ ਨਿਰਭਰ ਹੁੰਦੀ ਹੈ। ਸਿੱਖ਼ਾਂ ਦਾ ਅਜੋਕਾ ਅਗਵਾਈ ਢਾਂਚਾ ਨਾ ਹੋਇਆਂ ਤੋਂ ਵੀ ਨਖਿੱਧ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਨਿਯੁੁੁਕਤ ਅਤੇ ਸੇਵਾ-ਮੁਕਤ ਕੀਤੇ ਕਥਿਤ ਅਕਾਲ ਤਖਤ ਦੇ ਮੁੱਖ ਸੇਵਾਦਾਰ ਅਤੇ ਗੁਰਧਾਮਾਂ ਦੇ ਗ੍ਰੰਥੀ, ਜੋ ਕਿ ਆਪਣੇ ਆਪ ਨੂੰ ਜਥੇਦਾਰ ਅਤੇੇੇ ਸਾਹਿਬ ਕਹਿੰਦੇ ਕਹਾਉਂਦੇ ਹਨ, ਪਛਮੀ ਦੇਸਾਂ ਵਿਚ ਉੱਚ-ਪੁਜਾਰੀ ਜਾਣੇ ਜਾਂਦੇ ਹਨ। ਆਪਣੇ ਸੁਆਰਥ ਸਿੱਧੀ ਲਈ ਇਨ੍ਹਾਂ ਨੇ ਸਿੱਖ਼ੀ ਦੇ ਮੀਰੀ ਪੀਰੀ ਦੇ ਸਿਧਾਂਤ ਨੂੰ ਪੁਜਾਰੀਵਾਦੀ ਬਣਾ ਹੈ ਦਿੱਤਾ ਅਤੇ ਪੰਜਾਂ ਪਿਆਰਿਆਂ ਦੀ ਪਰੰਪਰਾ ਦਾ ਸਿਆਸੀਕਰਨ ਕਰ ਦਿੱਤਾ ਹੈ। ਗਿ: ਸੰਤ ਸਿੰਘ ਮਸਕੀਨ ਅਤੇ ਉਸ ਦੇ ਚਹੇਤੇ ਗਿ: ਚੇਤ ਸਿੰਘ, ਜਿਨ੍ਹਾਂ ਦਾ ਗਿ: ਭਾਗ ਸਿੰਘ ਨੂੰ ਛੇਕਣ ਵਿਚ ਭਾਰੀ ਯੋਗਦਾਨ ਸੀ, ਮਸਕੀਨ ਦੀ ਪੁਸਤਕ �ਦੇਸ਼-ਵਿਦੇਸ਼ ਗੁਰਦਵਾਰਿਆਂ ਦਾ ਪ੍ਰਬੰਧਕੀ ਢਾਂਚਾ ਅਤੇ ਪ੍ਰਚਾਰਕ ਸ਼੍ਰੇਣੀ� ਵਿਚ ਲਿਖਦੇ ਹਨ;
"ਪਰ ਪ੍ਰਬੰਧਕੀ ਢਾਂਚਾ ਰਾਜਨੀਤਕ, ਸੁਆਰਥੀ ਤੇ ਬਾਜ਼ਾਰੀ ਹੈ। ਸੁਆਰਥ ਤੇ ਰਾਜਨੀਤੀ ਲਈ ਮੈਂਬਰਾਂ ਦੀ ੂਖਰੀਦੋ-ਫਰੋਖਤ ਵੀ ਚੱਲਦੀ ਹੈ। ਸੰਗਤਾਂ ਰੱਬੀ ਰਸ ਵਿਚ ਡੁੱਬ ਕੇ ਲੀਨ ਹੋਣਾ ਚਾਹੁੰਦੀਆਂ ਹਨ, ਪ੍ਰਬੰਧਕ ਇਸੇ ਹੀ ਇਕੱਠ ਦੇ ਆਸਰੇ ਰਾਜਨੀਤਕ ਖੇਤਰ ਵਿਚ ਪ੍ਰਗਟ ਹੋਣਾ ਚਾਹੁੰਦਾ ਹੈ; ਅੋਰ ਸਫਲਤਾ ਮਿਲੀ ਤਾਂ ਕਹਿੰਦਾ ਹੈ ਕਿ ਸਾਡਾ ਧਰਮ ਅਤੇ ਰਾਜਨੀਤਕ ਢਾਂਚਾ ਇਕ ਹੈ, ਇਸ ਤੋਂ ਕੀ ਮੁਰਾਦ ਹੈ ਇਸ ਦਾ ਬੋਧ ਬਿਲਕੁਲ ਨਹੀਂ ਹੈ"। ਗਿ: ਸੰਤ ਸਿੰਘ ਮਸਕੀਨ, ਪਨਾਂ 38
"ਹਕੀਕਤ ਇਹ ਹੈ ਕਿ ਗੁਰਦਵਾਰਿਆਂ ਵਿਚ ਗੁਰਮਤਿ ਦੀ ਗੱਲ ਨਹੀਂ ਹੋ ਰਹੀ, ਰਾਜਨੀਤੀ ਚੱਲ ਰਹੀ ਹੈ"। ਗਿ: ਚੇਤ ਸਿੰਘ, ਸਾਬਕਾ ਹੈਡ ਗ੍ਰੰਥੀ, ਸ੍ਰੀ ਦਰਬਾਰ ਸਾਹਿਬ, ਭiੂਮਕਾ, ਪਨਾਂ 6
ਸਪੱਸ਼ਟ ਹੈ ਕਿ ਸਿੱਖ਼ ਕੌਮ ਨੂੰ ਅਜੋਕੇ ਪੁਜਾਰੀਵਾਦੀ ਜਥੇਦਾਰਾਂ ਅਤੇ ਸਿੰਘ ਸਾਹਿਬਾਨਾਂ ਦੇ ਟੋਲੇ ਦੀ ਥਾਂ ਨਵੇਂ ਕੇਂਦਰੀ ਅਗਵਾਈ ਢਾਂਚੇ ਦੀ ਲੋੜ ਹੈ ਜੋ ਕਿ ਗੁਰਮਤਿ ਅਤੇ ਸਿੱਖ਼ੀ ਸਿਧਾਂਤਾਂ ਦੇ ਅਧਾਰ ਤੇ ਅਗਵਾਈ ਪ੍ਰਦਾਨ ਕਰ ਸਕੇ। ਇਸ ਪਰਿਵਰਤਨ ਦੀ ਪਹਿਲ ਰੋਜ਼ਵਿਲ, ਕੈਲੀਫੋਰਨਆਂ, ਅਮਰੀਕਾ ਦੇ ਹਰਦੇਵ ਸਿੰਘ ਸ਼ੇਰਗਿੱਲ ਅਤੇ ਉੁੁਨ੍ਹਾਂ ਦੇ ਸਾਥੀਆਂ ਵੱਲੋਂ ਸ਼ੁਰੂ ਹੋ ਚੁਕੀ ਹੈ। ਪਰ ਇਸ ਕਰਾਂਤੀਕਾਰੀ ਪਰਿਵਰਤਨ ਲਈ ਸਮੁਚੀ ਸਿੱਖ਼ ਕੌਮ ਲਈ ਪੁਜਾਰੀਵਾਦੀ ਸੋਚਣੀ, ਕਥਨੀ ਅਤੇ ਕਰਨੀ, ਜੋ ਕਿ ਸਿੱਖ਼ ਪੰਥ ਨੂੰ ਬਿਪ੍ਰਨੀ ਅਵਤਾਰਵਾਦੀ ਅਤੇ ਮਿਥਿਹਾਸਵਾਦੀ ਲਿਖਾਰੀਆਂ ਅਤ ਪ੍ਰਚਾਰਕਾਂ ਦੀ ਦੇਣ ਹੈ, ਤਿਆਗ ਕੇ ਗੁਰਮਤਿ ਅਨੁਸਾਰ ਅਪਣਾਉਣੀ ਜ਼ਰੂਰੀ ਹੈ।
ਜਿਨਾਂ ਚਿਰ ਸਿੱਖ਼ ਕੌਮ ਨੂੰ ਇਹ ਬੋਧ ਨਹੀਂ ਹੋ ਜਾਂਦਾ ਕਿ ਅਲਹ, ਭਗਵਾਨ, ਅਕਾਲ ਪੁਰਖ ਜਾਂ ਹਰੀ ਦਾ ਨਿਵਾਸ ਕੇਵਲ ਕਾਹਬੇ, ਜਗਨ ਨਾਥ ਪੁਰੀ, ਦਵਾਰਕਾ ਜਾਂ ਹਰਿਮੰਦਰ ਵਿਚ ਨਹੀਂ ਹੀ ਹੈ ਅਤੇ ਨਾ ਹੀ ਕੇਵਲ ਅਕਾਲ ਤਖਤ ਹੀ ਉਸ ਦਾ ਤਖਤ ਹੈ, ਸਗੋਂ ਉਹ ਤਾਂ ਸਰਬ ਵਿਅਪਕ ਹੈ ਅਤੇ ਉਸਦਾ ਨਿਵਾਸ ਅਤੇ ਤਖਤ ਮਨੁੱਖ ਦੇ ਹਿਰਦੇ ਵਿਚ ਹੈ, ਉਨਾਂ ਚਿਰ ਸੁਆਰਥੀ ਪੁਜਾਰੀਵਾਦੀ ਕੇਂਦ੍ਰੀ ਸਿੱਖ਼ ਅਗਵਾਈ ਢਾਂਚਾ ਸਿੱਖ਼ ਜਗਤ ਨੂੰ ਅੰਨ੍ਹੀਂ ਸ਼ਰਧਾ ਅਤੇ ਅੰਧਵਿਸ਼ਵਾਸ ਦੇ ਗੋਰਖ ਧੰਧੇ ਵੱਸ ਕਰਕੇ ਆਪਣਾ ਉਲੂ ਸਿੱਧਾ ਕਰਦਾ ਰਹੇਗਾ।
ਚਰਨਜੀਤ ਸਿੰਘ ਬੱਲ