Punjabi Articles
ਕੀ ਸਿੱਖਾਂ ਨੂੰ ਆਪਣੇ ਸਤਿਗੁਰਾਂ ਦੇ ਸਰੀਰਕ ਜਨਮ-ਮਰਨ ਦਿਨ ਮਨਾਉਣੇ ਚਾਹੀਦੇ ਹਨ?

ਸੱਚ ਜਾਣਿਓ! ਇਸ ਸਵਾਲ ਦੇ ਸਬੰਧ ਵਿਚ ਵਿਰਲੇ ਸਿੱਖਾਂ ਦਾ ਜਵਾਬ ‘ਨਾ’ ਵਿਚ ਹੋਵੇਗਾ, ਪਰ ਬਹੁ-ਗਿਣਤੀ ਸਿੱਖਾਂ ਦਾ ਜਵਾਬ ‘ਹਾਂ’ ਵਿਚ ਹੋਵੇਗਾ। 25-26 ਸਾਲ ਪੁਰਾਣੀ ਗੱਲ ਹੈ ਕਿ ਮੈਂਨੂੰ ਡਾ. ਕੁਲਦੀਪ ਸਿੰਘ, ਰਿਟਾਇਰਡ ਮੁਖੀ ਸਰਜਰੀ ਵਿਭਾਗ, ਪੀ.ਜੀ.ਆਈ., ਚੰਡੀਗੜ੍ਹ ਵੱਲੋਂ ਲਿਖਿਆ ਇਕ ਪੈਂਫਲੇਟ ਪੜ੍ਹਣ ਨੂੰ ਮਿਲਿਆ ਸੀ, ਜਿਸ ਵਿਚ ਉਨ੍ਹਾਂ ਨੇ ਲਿਖਿਆ ਸੀ ਕਿ ਸਿੱਖਾਂ ਨੂੰ ਆਪਣੇ ਸਤਿਗੁਰਾਂ ਦੇ ਸਰੀਰਕ ਜਨਮ-ਮਰਨ ਗੁਰਪੁਰਬ ਨਹੀਂ ਮਨਾਉਣੇ ਚਾਹੀਦੇ। ਇਸ ਤੋਂ ਇਲਾਵਾ ਇਹ ਵੀ ਲਿਖਿਆ ਸੀ ਕਿ ਸਿੱਖਾਂ ਨੂੰ ਇਸ ਗੱਲ ਦੀ ਸੱਚਾਈ ਬਾਰੇ ਬਹੁਤ ਦੇਰ ਬਾਅਦ ਸਮਝ ਆਵੇਗੀ। ਹੁਣ ਇਕ ਹੋਰ ਨਵਾਂ ਸਵਾਲ ਪੈਦਾ ਹੋ ਗਿਆ ਹੈ ਕਿ ‘ਨਾ’ ਦਾ ਜਵਾਬ ਦੇਣ ਵਾਲੇ ਸਹੀ ਹਨ ਜਾਂ ‘ਹਾਂ’ ਦਾ ਜਵਾਬ ਦੇਣ ਵਾਲੇ ਸਹੀ ਹਨ?
ਸਾਨੂੰ
ਇਕ ਗੱਲ ਹਮੇਸ਼ਾ
ਲਈ ਸਮਝ
ਲੈਣੀ ਚਾਹੀਦੀ ਹੈ ਕਿ ਜੇਕਰ ਸਿੱਖਾਂ ਦਾ ਕੋਈ ਵੀ ਸਵਾਲ ਜਾਂ ਸਮੱਸਿਆ ਹੋਵੇ ਤਾਂ ਉਸ ਦਾ ਇਕੋ-ਇਕ ਵਾਹਿਦ ਹੱਲ, ਗੁਰੂ ਗ੍ਰੰਥ ਸਾਹਿਬ
ਜੀ ਦੀ ਗੁਰਬਾਣੀ ਹੈ, ਕਿਉਂਕਿ
ਗੁਰੂ ਦਾ ਫ਼ੈਸਲਾ ਅੰਤਮ, ਅਟੱਲ, ਸਦੀਵੀ ਅਤੇ ਸਰਬ-ਉੱਚ ਹੈ। ਇਸ ਲਈ ਹਰ ਇਕ ਸਿੱਖ ਦਾ ਜ਼ਰੂਰੀ
ਫ਼ਰਜ਼
(ਧਰਮ) ਬਣਦਾ ਹੈ ਕਿ ਉਹ ਆਪਣੇ
ਜੀਵਨ ਵਿਚ ਗੁਰਬਾਣੀ ਹੁਕਮਾਂ ਨੂੰ ਲਾਗੂ ਕਰੇ। ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਉਹ ਸਿੱਖ ਅਖਵਾਉਣ ਦਾ ਹੱਕਦਾਰ
ਨਹੀਂ ਹੈ। ਗੁਰਬਾਣੀ ਦਾ ਫ਼ੁਰਮਾਨ
ਹੈ:-
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ
ਭਾਣੇ ਵਿਚਿ ਆਵੈ।।
ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ।।
ਬਿਨੁ
ਸਤਿਗੁਰ ਸੁਖ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ।।੧।।
(ਗੁ.ਗ੍ਰੰ.ਸਾ.ਪੰਨਾ-601)
ਅਰਥਾਤ ਉਹੀ
ਮਨੁੱਖ,
ਗੁਰੂ ਦਾ ਸਿੱਖ ਹੈ, ਗੁਰੂ
ਦਾ ਮਿੱਤਰ ਹੈ, ਗੁਰੂ ਦਾ ਰਿਸ਼ਤੇਦਾਰ ਹੈ, ਜਿਹੜਾ ਗੁਰੂ
ਦੇ ਗੁਰਬਾਣੀ ਹੁਕਮਾਂ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ। ਪਰ
ਜਿਹੜਾ ਮਨੁੱਖ, ਗੁਰੂ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਆਪਣੀ ਮਰਜ਼ੀ ਅਨੁਸਾਰ ਚਲਦਾ ਹੈ, ਉਹ
ਅਗਿਆਨਤਾ ਦੇ ਹਨੇਰੇ ਵਿਚ ਭਟਕ ਕੇ ਦੁੱਖ ਹੀ ਪਾਉਂਦਾ ਹੈ| ਗੁਰੂ
ਦੀ ਸ਼ਰਨ ਪੈਣ ਤੋਂ ਬਿਨਾਂ ਮਨੁੱਖ ਕਦੇ ਸੁਖ ਨਹੀਂ ਪਾ ਸਕਦਾ ਅਤੇ ਮੁੜ
ਮੁੜ ਦੁੱਖੀ ਹੋ ਕੇ ਪਛੁਤਾਂਦਾ ਹੈ।੧।
ਗੁਰਬਾਣੀ ਵਿਚ ‘ਗੁਰਮਤਿ’ ਨੂੰ ਸਭ ਤੋਂ ਉੱਤਮ
ਅਤੇ ਨਿਰੋਲ ਸੱਚ ਦਾ ਦਰਜਾ ਦਿੱਤਾ ਗਿਆ ਹੈ। ਗੁਰਬਾਣੀ ਦੇ ਫ਼ੁਰਮਾਨ ਹਨ:-
ਗੁਰਮਤਿ
ਸਾਚੀ ਸਾਚਾ ਵੀਚਾਰੁ।। ਆਪੇ
ਬਖਸੇ ਦੇ ਵੀਚਾਰੁ।।
(ਗੁ.ਗ੍ਰੰ.ਸਾ.ਪੰਨਾ-666)
ਅਰਥਾਤ ਗੁਰੂ ਦੀ ਸਿੱਖਿਆ ਸੱਚਾਈ ਭਰਪੂਰ ਹੈ ਜੋ ਕਦੇ ਉਕਾਈ ਨਾ ਖਾਣ ਵਾਲੀ ਸਿੱਖਿਆ ਹੈ ਜਿਹੜੀ ਸਦਾ-ਥਿਰ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਦੀ ਹੈ। ਪਰ
ਇਹ ਵਿਚਾਰ ਪ੍ਰਭੂ ਉਸ ਨੂੰ ਹੀ ਦੇਂਦਾ ਹੈ ਜਿਸ ਉੱਤੇ ਉਹ ਆਪ
ਹੀ ਬਖ਼ਸ਼ਿਸ਼ ਕਰਦਾ ਹੈ।
ਗੁਰਮਤਿ ਊਤਮ ਸੰਗਿ ਸਾਥਿ।।
ਹਰਿ ਨਾਮੁ ਰਸਾਇਣੁ ਸਹਜਿ ਆਥਿ।।੧।। (ਗੁ.ਗ੍ਰੰ.ਸਾ.ਪੰਨਾ-1170)
ਅਰਥਾਤ ਜਿਨ੍ਹਾਂ ਨੂੰ ਗੁਰੂ ਦੀ ਸ੍ਰੇਸ਼ਟ ਮਤਿ ਪ੍ਰਾਪਤ
ਹੁੰਦੀ ਹੈ, ਪਰਮਾਤਮਾ ਉਹਨਾਂ ਨੂੰ ਸਦਾ ਅੰਗ-ਸੰਗ ਦਿੱਸਦਾ ਹੈ। ਸਭ
ਤੋਂ ਸ੍ਰੇਸ਼ਟ ਨਾਮ-ਰਸ, ਉਹਨਾਂ ਨੂੰ ਅਡੋਲ ਅਵਸਥਾ ਵਿਚ ਟਿਕੇ ਰਹਿਣ ਕਰ ਕੇ ਮਿਲ ਜਾਂਦਾ ਹੈ।1।
ਜਿਨ੍ਹਾਂ
ਨੂੰ ਸਤਿਗੁਰੂ ਦੀ ਸਿੱਖਿਆ ਚੰਗੀ ਨਹੀਂ ਲਗਦੀ ਜਾਂ ਜਿਹੜੇ ਗੁਰਮਤਿ ਦਾ ਰਾਹ ਛੱਡ ਕੇ, ਆਪਣੀ ਮਨਮਤ ਅਨੁਸਾਰ
ਚਲਦੇ ਹਨ,
ਉਨ੍ਹਾਂ
ਪ੍ਰਤੀ ਗੁਰਬਾਣੀ ਦਾ ਫ਼ੁਰਮਾਨ ਹੈ:-
ਗੁਰਮਤਿ ਛੋਡਹਿ ਉਝੜਿ ਜਾਈ।। ਮਨਮੁਖਿ ਰਾਮੁ ਨ ਜਪੈ ਅਵਾਈ।।
ਪਚਿ
ਪਚਿ ਬੂਡਹਿ ਕੂੜੁ ਕਮਾਵਹਿ ਕੂੜਿ ਕਾਲੁ ਬੈਰਾਈ ਹੇ।।੧।।
(ਗੁ.ਗ੍ਰੰ.ਸਾ. ਪੰਨਾ-1025)
ਅਰਥਾਤ ਜਿਹੜੇ ਬੰਦੇ ਆਪਣੇ ਮਨ ਦੇ ਪਿੱਛੇ ਲੱਗ ਕੇ, ਗੁਰੂ ਦੀ ਮਤਿ ‘ਤੇ ਤੁਰਨਾ ਛੱਡ ਦੇਂਦੇ ਹਨ, ਉਹ
ਔਝੜੇ ਰਸਤੇ ਪੈ ਕੇ, ਪਰਮਾਤਮਾ ਦਾ ਨਾਮ ਵਿਸਾਰ ਦੇਂਦੇ ਹਨ (ਭਾਵ ਸੱਚਾਈ ਦਾ ਰਾਹ ਤਿਆਗ ਦੇਂਦੇ ਹਨ)। ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਬੰਦੇ ਨਿਰਾ
ਮਾਇਆ ਦਾ ਧੰਦਾ ਹੀ ਕਰਦੇ ਰਹਿੰਦੇ ਹਨ, ਅਜਿਹੇ ਬੰਦੇ ਖੁਆਰ ਹੋ ਹੋ ਕੇ ਮਾਇਆ ਦੇ ਮੋਹ ਦੇ ਸਮੁੰਦਰ ਵਿਚ ਹੀ ਗੋਤੇ ਖਾਂਦੇ ਰਹਿੰਦੇ
ਹਨ ਅਤੇ ਮਾਇਆ ਦੇ ਝੂਠੇ ਧੰਦੇ ਵਿਚ ਫਸੇ ਰਹਿਣ ਕਰ ਕੇ, ਖੁਆਰੀ ਵਾਲੀ ਮੌਤ ਉਹਨਾਂ ਦੀ ਦੁਸ਼ਮਣ ਬਣੀ ਰਹਿੰਦੀ ਹੈ।
ਕੀ ਸਤਿਗੁਰਾਂ ਦੇ ਸਰੀਰਕ ਜਨਮ-ਮਰਨ ਦਿਨ ਮਨਾਉਣੇ ਚਾਹੀਦੇ
ਹਨ ਜਾਂ ਨਹੀਂ?
ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਸਿੱਖਿਆ ਅਨੁਸਾਰ
ਸਿੱਖਾਂ ਨੂੰ ਆਪਣੇ ਸਤਿਗੁਰਾਂ ਦੇ ਸਰੀਰਕ ਜਨਮ-ਮਰਨ ਦਿਨ ਨਹੀਂ ਮਨਾਉਣੇ ਚਾਹੀਦੇ ਕਿਉਂਕਿ ਸਤਿਗੁਰੂ, ਜਨਮ-ਮਰਨ ਤੋਂ ਰਹਿਤ ਹੈ। ਗੁਰਬਾਣੀ ਦਾ ਫ਼ੁਰਮਾਨ ਹੈ:-
ਜਨਮ ਮਰਣ ਦੁਹਹੂ ਮਹਿ
ਨਾਹੀ ਜਨ ਪਰਉਪਕਾਰੀ ਆਏ ।।
ਜੀਅ ਦਾਨੁ ਦੇ ਭਗਤੀ
ਲਾਇਨਿ ਹਰਿ ਸਿਉ ਲੈਨਿ ਮਿਲਾਏ ।।੨।।
(ਗੁ.ਗ੍ਰੰ.ਸਾ.ਪੰਨਾ-749)
ਅਰਥਾਤ
ਹੇ ਭਾਈ! ਸੰਤ ਜਨ, ਜਨਮ-ਮਰਨ ਦੇ ਗੇੜ ਵਿਚ
ਨਹੀਂ ਆਉਂਦੇ,
ਉਹ ਤਾਂ ਜਗਤ ਵਿਚ
ਦੂਜਿਆਂ ਦੀ ਭਲਾਈ ਕਰਨ ਵਾਸਤੇ ਆਉਂਦੇ ਹਨ। ਸੰਤ ਜਨ ਹੋਰਨਾਂ ਨੂੰ ਆਤਮਕ ਜੀਵਨ ਦੀ ਦਾਤਿ ਦੇ ਕੇ
ਪਰਮਾਤਮਾ ਦੀ ਭਗਤੀ ਵਿਚ ਜੋੜਦੇ ਹਨ ਅਤੇ ਉਹਨਾਂ ਨੂੰ ਪਰਮਾਤਮਾ ਨਾਲ ਮਿਲਾ ਦੇਂਦੇ ਹਨ।੨।
ਗੁਰਬਾਣੀ
ਅਨੁਸਾਰ ਸਪੱਸ਼ਟ ਹੋ ਗਿਆ ਹੈ ਕਿ ਆਪਣੇ ਆਪ ਨੂੰ ਸਿੱਖ ਸਮਝਣ ਵਾਲੇ ਲੋਕ ਆਪਣੇ ਸਤਿਗੁਰਾਂ ਦੇ ਸਰੀਰਕ
ਜਨਮ-ਮਰਨ ਦਿਨ ਨਹੀਂ ਮਨਾ
ਸਕਦੇ,
ਉਹ
ਭਾਵੇਂ ਬਿਕ੍ਰਮੀ ਕੈਲੰਡਰ ਵਾਲੇ ਹੋਣ ਤੇ ਚਾਹੇ ਨਾਨਕਸ਼ਾਹੀ ਕੈਲੰਡਰ ਵਾਲੇ ਹੋਣ।
ਕੀ
ਸਿੱਖਾਂ ਨੂੰ ਆਪਣੇ ਗੁਰੂ ਦੀ ਜਾਣਕਾਰੀ ਨਹੀਂ ਹੈ?
ਇਹ
ਇਕ ਕੌੜਾ ਸੱਚ ਹੈ ਕਿ ਜਿਹੜੇ ਸਿੱਖ ਆਪਣੇ ਸਤਿਗੁਰਾਂ ਦੇ ਸਰੀਰਕ ਜਨਮ-ਮਰਨ ਦਿਨ ਮਨਾਉਂਦੇ ਹਨ, ਉਨ੍ਹਾਂ ਨੂੰ ਆਪਣੇ
ਗੁਰੂ ਦੀ ਜਾਣਕਾਰੀ ਨਹੀਂ ਹੈ।
ਸਿੱਧਾਂ
ਨੂੰ ਵੀ ਬਹੁਤ ਵੱਡਾ ਭੁਲੇਖਾ ਸੀ ਕਿ ਬਾਬਾ ਨਾਨਕ ਜੀ ਦਾ ਗੁਰੂ, ਕੋਈ ਮਨੁੱਖ ਹੋਵੇਗਾ। ਇਸੇ ਭੁਲੇਖੇ ਨੂੰ ਦੂਰ ਕਰਨ ਲਈ
ਹੀ ਸਿੱਧਾਂ ਨੇ ਬਾਬਾ ਜੀ ਨੂੰ ਸਵਾਲ ਕੀਤਾ ਸੀ ਕਿ ਹੇ ਨਾਨਕ! ਤੁਹਾਡਾ ਗੁਰੂ ਕੌਣ ਹੈ ਅਤੇ ਤੁਸੀਂ
ਕਿਸ ਦੇ ਚੇਲੇ ਹੋ?
ਸਤਿਗੁਰੂ
ਜੀ ਦਾ ਜਵਾਬ ਸੀ:-
ਸਬਦੁ
ਗੁਰੂ ਸੁਰਤਿ ਧੁਨਿ ਚੇਲਾ।। (ਗੁ. ਗ੍ਰੰ. ਸਾ. ਪੰਨਾ- 943)
ਬਾਬਾ
ਜੀ ਦਾ ਬਹੁਤ ਹੀ ਸਪੱਸ਼ਟ ਅਤੇ ਠੋਸ ਜਵਾਬ ਸੀ ਕਿ ਮੇਰਾ ਗੁਰੂ ‘ਸਬ਼ਦ ’ ਹੈ ਅਤੇ ਮੇਰਾ ‘ਮਨ’ ਉਸ ਸ਼ਬਦ ਗੁਰੂ ਦਾ ਚੇਲਾ
ਭਾਵ ਸਿੱਖ ਹੈ। ਇਕ ਗੱਲ ਨੋਟ ਕਰਨ ਵਾਲੀ
ਹੈ ਕਿ ਬਾਬਾ ਜੀ ਨੇ ਨਾ ਤਾਂ ਕਿਸੇ ਸਰੀਰ ਨੂੰ ਆਪਣਾ ‘ਗੁਰੂ’ ਬਣਾਇਆ ਸੀ ਅਤੇ ਨਾ
ਹੀ ਆਪਣੇ ਸਰੀਰ ਨੂੰ ‘ਸਿੱਖ’ ਦੱਸਿਆ |
1708
ਈ: ਵਿਚ ‘ਨਾਨਕ ਜੋਤਿ’ ਗੁਰੂ ਗੋਬਿੰਦ ਸਿੰਘ
ਜੀ ਨੇ ਆਪਣੇ ਤੋਂ ਮਗਰੋਂ ਜਗਤ ਗੁਰੂ ਬਾਬਾ ਨਾਨਕ ਜੀ ਦੇ ਕਾਇਮ ਕੀਤੇ ਗੁਰਗੱਦੀ (ਤਖ਼ਤ) ਉੱਤੇ ਸ਼ਬਦ-ਗੁਰੂ ਨੂੰ ਸਦੀਵੀ ਗੁਰਿਆਈ
ਦੇਂਦੇ ਹੋਏ,
ਸਿੱਖਾਂ
ਨੂੰ ਸਦੀਵੀ ਹੁਕਮ ਕਰ ਦਿੱਤਾ ਸੀ ਕਿ ਅੱਜ ਤੋਂ ਤੁਹਾਡਾ ਸਦੀਵੀ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਜੀ
ਹੈ। ਇਸ ਲਈ ਤੁਸੀਂ ਕਿਸੇ
ਹੋਰ ਰਚਨਾ ਜਾਂ ਮਨੁੱਖ ਨੂੰ ਆਪਣਾ ਗੁਰੂ ਨਹੀਂ ਮੰਨਣਾ।
ਹੈਰਾਨੀ
ਦੀ ਗੱਲ ਹੈ ਕਿ ਪੰਜ ਸਦੀਆਂ ਪਹਿਲਾਂ ਸਿੱਧ-ਜੋਗੀ ਸਮਝ ਗਏ ਸਨ ਕਿ ਬਾਬਾ ਨਾਨਕ ਜੀ ਦਾ ਗੁਰੂ ਕੇਵਲ
‘ਸ਼ਬਦ’ ਹੈ। ਇਸ ਅਟੱਲ ਸੱਚਾਈ ਨੂੰ ਸਮਝਦੇ ਹੋਏ ਜੋਗੀ ਵੀ ‘ਸ਼ਬਦ-ਗੁਰੂ’ ਦੇ ਸਿੱਖ ਬਣ ਗਏ ਸਨ, ਪਰ ਆਪਣੇ ਆਪ ਨੂੰ ਸਿੱਖ
ਸਮਝਣ ਵਾਲੇ ਲੋਕਾਂ ਨੂੰ ਹਾਲੇ ਤਕ ਇਹ ਸਮਝ ਨਹੀਂ ਆਈ ਕਿ ਉਨ੍ਹਾਂ ਦਾ ਗੁਰੂ, ਸ਼ਬਦ-ਗੁਰਬਾਣੀ ਹੈ ਜਾਂ ਸਰੀਰ। ਇਸ ਅਗਿਆਨਤਾ ਕਾਰਣ ਹੀ ਸਿੱਖ
ਹਾਲੇ ਵੀ ਸਰੀਰਾਂ ਅਤੇ ਤਸਵੀਰਾਂ ਦੇ ਭਰਮਜਾਲ ਵਿਚ ਬਹੁਤ ਬੁਰੀ ਤਰ੍ਹਾਂ ਉਲਝੇ ਹੋਏ ਦਿਖਾਈ ਦੇਂਦੇ ਹਨ।
ਸਰੀਰਾਂ ਅਤੇ ਤਸਵੀਰਾਂ ਦੇ ਪੁਜਾਰੀਆਂ
ਵੱਲੋਂ ਇਕ ਗੱਲ ਆਮ ਆਖੀ ਜਾਂਦੀ ਹੈ ਕਿ ਬੇਸ਼ੱਕ ਸਿੱਖ ਦਾ ਗੁਰੂ ਕੇਵਲ ‘ਸ਼ਬਦ-ਗੁਰੂ’ ਹੀ ਹੈ ਪਰ ਸਾਰੇ ਸਤਿਗੁਰਾਂ ਨੇ ਮਨੁੱਖਾ ਸਰੀਰ ਵਿਚ ਆ ਕੇ ਸਿੱਖੀ ਦਾ ਪਰਚਾਰ ਕੀਤਾ ਸੀ। ਇਸ ਕਰ ਕੇ ਸਤਿਗੁਰਾਂ ਦੇ ਸਰੀਰਾਂ ਨਾਲ ਸਬੰਧਤ ਗੁਰਪੁਰਬ ਮਨਾਏ
ਜਾ ਸਕਦੇ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਕੁਦਰਤੀ ਨਿਯਮਾਂ ਅਨੁਸਾਰ ਸਾਰੇ ‘ਨਾਨਕ ਜੋਤਿ’ ਸਤਿਗੁਰਾਂ ਦੇ ਸਰੀਰ ਬਿਨਸ ਗਏ ਸਨ ਤਾਂ ਉਨ੍ਹਾਂ ਦੇ ਸਰੀਰਾਂ ਨੂੰ ਸਿੱਖਾਂ ਨੇ ਬੇਲੋੜਾ
ਜਾਣ ਕੇ ਉਨ੍ਹਾਂ ਦਾ ਸਸਕਾਰ ਕਿਉਂ ਕਰ ਦਿੱਤਾ ਸੀ? ਜੇਕਰ ਸਤਿਗੁਰਾਂ ਦੇ ਸਰੀਰ ਹੀ ਗੁਰੂ ਹੁੰਦੇ ਤਾਂ ਉਸ ਵੇਲੇ ਦੇ ਸਿੱਖਾਂ ਨੇ ਮ੍ਰਿਤਕ ਸਰੀਰਾਂ ਨੂੰ ਸਾਂਭ ਕੇ ਕਿਉਂ ਨਹੀਂ ਰੱਖਿਆ? ‘ਨਾਨਕ ਜੋਤਿ’ ਗੁਰੂ ਗੋਬਿੰਦ ਸਿੰਘ ਜੀ ਤੋਂ ਮਗਰੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨੂੰ ਹੀ ਕਿਉਂ ਸਾਂਭ ਕੇ ਰੱਖਿਆ ਹੋਇਆ ਹੈ?
ਆਮ ਸਿੱਖਾਂ ਨੂੰ ਵੀ ਇਸ ਗੱਲ ਦੀ ਚੰਗੀ ਤਰ੍ਹਾਂ ਸਮਝ ਹੈ ਕਿ ਕਿਸੇ ਵੀ ਮਨੁੱਖਾ ਸਰੀਰ ਦੀ ਮਾਨਤਾ ਉਦੋਂ ਤਕ ਹੁੰਦੀ ਹੈ ਜਦੋਂ ਤਕ ਉਹ ਜ਼ਿੰਦਾ ਰਹਿੰਦਾ ਹੈ, ਪਰ ਜਦੋਂ ਕੋਈ ਸਰੀਰ ਮੁਰਦਾ ਹੋ ਜਾਂਦਾ ਹੈ ਤਾਂ ਉਸ
ਨੂੰ ਕੇਵਲ ਮਿੱਟੀ ਦੀ ਢੇਰੀ ਹੀ ਮੰਨਿਆ ਜਾਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਜਿਹੜੇ ਪਰਵਾਰਕ
ਮੈਂਬਰ,
ਸਾਕ-ਸਬੰਧੀ, ਰਿਸ਼ਤੇਦਾਰ ਅਤੇ ਮਿੱਤਰ
ਕਿਸੇ ਜ਼ਿੰਦਾ ਸਰੀਰ ਨੂੰ ਹੱਦੋਂ ਵੱਧ ਪਿਆਰ ਕਰਦੇ ਹਨ, ਉਸ ਸਰੀਰ ਨੂੰ ਮੁਰਦਾ ਹੋਣ ਉਪਰੰਤ
ਉਸ ਨੂੰ ਸ਼ਮਸ਼ਾਨਘਾਟ ਵਿਚ ਆਪਣੇ ਹੱਥਾਂ ਨਾਲ ਸਾੜ ਆਉਦੇ ਹਨ। ਕੋਈ ਵੀ ਸਾਕ-ਸਬੰਧੀ ਆਪਣੇ ਮ੍ਰਿਤਕ
ਪ੍ਰਾਣੀ ਨੂੰ ਆਪਣੇ ਘਰ ਜ਼ਿਆਦਾ ਦੇਰ ਰੱਖਣਾ ਨਹੀਂ ਚਾਹੁੰਦਾ ਕਿਉਂਕਿ ਮੁਰਦਾ ਸਰੀਰ ਬਹੁਤ ਜ਼ਲਦੀ ਦੁਰਗੰਧ ਦੇਣ ਲੱਗ ਪੈਂਦਾ ਹੈ। ਗੁਰਬਾਣੀ ਦਾ ਫ਼ੁਰਮਾਨ
ਹੈ:-
ਤਨ ਤੇ ਪ੍ਰਾਨ ਹੋਤ ਜਬ ਨਿਆਰੇ
ਟੇਰਤ ਪ੍ਰੇਤਿ ਪੁਕਾਰਿ।।
ਆਧ ਘਰੀ ਕੋਊ ਨਹਿ ਰਾਖੈ ਘਰ ਤੇ ਦੇਤ ਨਿਕਾਰਿ।।੧।।
(ਗੁ. ਗ੍ਰੰ. ਸਾ. ਪੰਨਾ- 536)
ਅਰਥਾਤ ਮੌਤ ਆਉਣ ‘ਤੇ ਜਦੋਂ ਜ਼ਿੰਦ ਸਰੀਰ ਨਾਲੋਂ
ਵੱਖ ਹੋ ਜਾਂਦੀ ਹੈ ਤਾਂ ਸਬੰਧੀ ਉੱਚੀ-ਉੱਚੀ ਆਖਦੇ ਹਨ ਕਿ ਇਹ ਗੁਜ਼ਰ ਚੁੱਕਾ ਹੈ, ਇਹ ਪੂਰਾ ਹੋ ਚੁੱਕਾ
ਹੈ। ਕੋਈ ਵੀ ਸਬੰਧੀ ਅੱਧੀ
ਘੜੀ ਲਈ ਵੀ,
ਉਸ
ਮੁਰਦਾ ਸਰੀਰ ਨੂੰ ਘਰ ਰੱਖਣ ਲਈ ਤਿਆਰ ਨਹੀਂ ਹੁੰਦਾ। ਸਾਰੇ ਉਸ ਨੂੰ ਘਰ ਵਿਚੋਂ ਕੱਢਣ ਦੀ ਗੱਲ ਕਰਦੇ ਹਨ।
ਕਾ ਕੀ ਮਾਤ ਪਿਤਾ ਕਹੁ ਕਾ ਕੋ
ਕਵਨ ਪੁਰਖ ਕੀ ਜੋਈ।।
ਘਟ ਫੂਟੇ ਕੋਊ ਬਾਤ
ਨਾ ਪੁਛੈ ਕਾਢਹੁ ਕਾਢਹੁ ਹੋਈ।।੨।।
(ਗੁ. ਗ੍ਰੰ. ਸਾ. ਪੰਨਾ- 478)
ਅਰਥਾਤ ਇੱਥੇ ਦੱਸੋ, ਕਿਸ ਦੀ ਮਾਂ? ਕਿਸ ਦਾ ਪਿਓ? ਅਤੇ ਕਿਸ ਦੀ ਵਹੁਟੀ? ਜਦੋਂ ਦੇਹ ਰੂਪੀ ਭਾਂਡਾ
ਭੱਜਦਾ ਹੈ ਤਾਂ ਕੋਈ ਵੀ ਇਸ ਦੀ ਬਾਤ ਨਹੀਂ ਪੁੱਛਦਾ ਤਦੋਂ ਸਾਰੇ ਪਾਸਿਓਂ ਇਹੀ ਆਵਾਜ਼ ਆਉਂਦੀ ਹੈ, ਇਸ ਨੂੰ ਛੇਤੀ ਬਾਹਰ
ਕੱਢੋ।
ਸ਼ਬਦ ਅਤੇ ਸਰੀਰ ਵਿਚ ਬਹੁਤ ਵੱਡਾ ਅੰਤਰ ਹੁੰਦਾ ਹੈ। ਸ਼ਬਦ-ਗੁਰਬਾਣੀ ਨੂੰ ਮਨੁੱਖ, ਰਹਿੰਦੀ ਦੁਨੀਆਂ ਤਕ ਸਾਂਭ ਕੇ ਰੱਖ ਸਕਦਾ ਹੈ, ਪਰ ਕਿਸੇ ਵੀ ਮ੍ਰਿਤਕ
ਪ੍ਰਾਣੀ ਦੇ ਸਰੀਰ ਨੂੰ ਮਨੁੱਖ ਆਪਣੇ ਘਰ ਇਕ ਜਾਂ ਦੋ ਦਿਨ ਤੋਂ ਵੱਧ ਸਾਂਭ ਕੇ ਰੱਖਣ ਲਈ
ਤਿਆਰ ਨਹੀਂ ਹੁੰਦਾ। ਇਸੇ ਅਟੱਲ ਸੱਚਾਈ ਨੂੰ ਮੁੱਖ ਰੱਖਦੇ ਹੋਏ, ਬਾਬਾ ਨਾਨਕ ਜੀ ਨੇ ਆਪਣਾ ਗੁਰੂ ‘ਸ਼ਬਦ’ ਨੂੰ ਬਣਾਇਆ ਸੀ ਅਤੇ ਆਪਣੇ ਸਿੱਖਾਂ ਨੂੰ ਵੀ ਸ਼ਬਦ-ਗੁਰੂ ਦੀ ਰਹਿਨੁਮਾਈ ਵਿਚ ਚਲਣ ਦਾ ਉਪਦੇਸ਼ ਦਿੱਤਾ।
ਕੀ ‘ਨਾਨਕ ਜੋਤਿ’ ਸਤਿਗੁਰਾਂ ਵੇਲੇ ਜਨਮ-ਮਰਨ ਦਿਨ ਮਨਾਏ ਜਾਂਦੇ ਸਨ?
ਗੱਲ ਨੋਟ ਕਰਨ ਵਾਲੀ ਹੈ ਕਿ ਬਾਬਾ ਨਾਨਕ ਜੀ ਤੋਂ ਲੈ ਕੇ ‘ਨਾਨਕ ਜੋਤਿ’ ਗੁਰੂ ਗੋਬਿੰਦ ਸਿੰਘ ਜੀ ਤਕ, ਉਸ ਸਮੇਂ ਸਤਿਗੁਰਾਂ ਦੇ ਸਰੀਰਕ ਜਨਮ-ਮਰਨ ਦਿਨ ਮਨਾਉਣ ਦੀ ਕੋਈ ਵੀ ਰੀਤ ਪਰਚੱਲਤ ਨਹੀਂ ਸੀ।
ਇਸ
ਦਾ ਵੱਡਾ ਕਾਰਣ ਇਹ ਸੀ ਕਿ ਬਾਬਾ ਨਾਨਕ ਜੀ ਨੇ ਮਨੁੱਖਤਾ ਨੂੰ ਆਪਣੇ ਸਰੀਰਾਂ ਨਾਲ ਨਹੀਂ ਸਗੋਂ ਸ਼ਬਦ-ਗੁਰੂ ਦੀ ਸਿੱਖਿਆ
ਨਾਲ ਜੋੜਿਆ ਸੀ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਉਸ ਸਮੇਂ ਸਤਿਗੁਰਾਂ ਦੇ ਸਰੀਰਕ ਜਨਮ-ਮਰਨ ਦਿਨ ਨਹੀਂ ਮਨਾਏ
ਜਾਂਦੇ ਸਨ ਤਾਂ ਅੱਜ ਕਿਉਂ ਮਨਾਏ ਜਾਂਦੇ ਹਨ? ਇਸ ਸਵਾਲ ਦਾ ਇਕੋ ਜਵਾਬ ਹੈ ਕਿ ਆਪਣੇ ਆਪ ਨੂੰ ਸਿੱਖ ਸਮਝਣ ਵਾਲੇ ਲੋਕਾਂ
ਦੀ ਬਹੁ-ਗਿਣਤੀ ਸ਼ਬਦ-ਗੁਰੂ ਦੀ ਜਾਣਕਾਰੀ ਨਾ ਹੋਣ ਕਰ ਕੇ ਦੇਹਧਾਰੀ ਸਾਧਾਂ-ਸੰਤਾਂ ਨੂੰ ਪੂਜਣ ਲੱਗ ਪਈ ਹੈ।
ਸਿੱਖਾਂ ਦੇ ਧਰਮ-ਅਸਥਾਨਾਂ ਵਿਚ ਗੁਰਮਤਿ ਦੇ ਪਰਚਾਰ ਦੀ ਘਾਟ
ਸ਼ਬਦ-ਗੁਰੂ ਨੂੰ ਤਿਆਗ ਕੇ ਸਰੀਰਾਂ ਦੇ ਪੁਜਾਰੀ ਬਣਨ ਵਿਚ ਆਮ ਸਿੱਖਾਂ ਦਾ ਦੋਸ਼
ਘੱਟ ਹੈ, ਪਰ ਜ਼ਿਆਦਾ ਦੋਸ਼ ਉਨ੍ਹਾਂ ਪੁਜਾਰੀ ਲੋਕਾਂ ਦਾ ਹੈ ਜਿਹੜੇ ਧਰਮ
ਦਾ ਭੇਖ ਧਾਰਨ ਕਰ ਕੇ ਧਰਮ-ਅਸਥਾਨਾਂ ਵਿਚ ਕਾਬਜ਼ ਹੋ ਕੇ ਬੈਠੇ ਹਨ। ਅਜਿਹੇ ਭੇਖੀ ਲੋਕਾਂ ਦੀ ਵਿਦਿਅਕ
ਯੋਗਤਾ ਨਾ ਦੇ ਬਰਾਬਰ ਹੁੰਦੀ ਹੈ ਕਿਉਂਕਿ ਉਨ੍ਹਾਂ ਵਿਚ ਬਹੁਤਾਤ ਨੇ ਸਕੂਲਾਂ ਦੀ ਪੜ੍ਹਾਈ ਅੱਧਵਾਟੇ
ਛੱਡੀ ਹੁੰਦੀ ਹੈ ਜਿਸ ਕਾਰਣ ਉਹ ਵਿਦਿਅਕ ਪੱਖੋਂ ਅਨਪੜ੍ਹ ਜਾਂ ਅਧਪੜ੍ਹ ਹੀ ਹੁੰਦੇ ਹਨ। ਅਜਿਹੀ ਹਾਲਤ ਵਿਚ ਉਨ੍ਹਾਂ ਨੂੰ
ਗੁਰਮਤਿ ਦੀ ਜਾਣਕਾਰੀ ਬਿਲਕੁਲ ਨਹੀਂ ਹੁੰਦੀ, ਕੇਵਲ ਸਿੱਖ ਹੋਣ ਦਾ ਭੇਖ ਧਾਰਨ ਕੀਤਾ ਹੁੰਦਾ ਹੈ। ਜੇਕਰ ਕੁੱਝ ਪੜ੍ਹੇ-ਲਿਖੇ ਹਨ, ਉਨ੍ਹਾਂ ਨੇ ਵੀ ਧਰਮ
ਨੂੰ ਰੋਜ਼ਗਾਰ ਸਮਝ ਕੇ ਅਪਨਾਇਆ ਹੋਇਆ ਹੈ।
ਹੈਰਾਨੀ ਦੀ ਗੱਲ ਹੈ ਕਿ ਸਕੂਲਾਂ/ਕਾਲਜਾਂ/ਯੂਨੀਵਰਸਿਟੀਆਂ
ਵਿਚ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ/ਪ੍ਰੋਫ਼ੈਸਰਾਂ ਦੀ ਵਿਦਿਅਕ ਯੋਗਤਾ
ਨੂੰ ਪਰਖ ਕੇ ਰੱਖਿਆ ਜਾਂਦਾ ਹੈ ਪਰ ਸਿੱਖਾਂ ਦੇ ਧਰਮ-ਅਸਥਾਨਾਂ ਵਿਚ ਜਿੱਥੇ ‘ਸੱਚ-ਧਰਮ’ ਦਾ ਪਰਚਾਰ ਕਰਨਾ ਸਭ
ਤੋਂ ਔਖਾ ਕੰਮ ਹੈ,
ਉੱਥੇ
ਪਰਚਾਰਕਾਂ ਦਾ ਕੇਵਲ ਬਾਹਰੀ ਭੇਖ ਦੇਖ ਕੇ ਰੱਖਿਆ ਜਾਂਦਾ ਹੈ। ਇਹੋ ਵੱਡਾ ਕਾਰਣ ਹੈ ਕਿ ਪਖੰਡੀ
ਲੋਕਾਂ ਨੇ ਗੁਰਮਤਿ ਤੋਂ ਉਲਟ ਪਰਚਾਰ ਕਰ ਕੇ, ਸਕੂਲਾਂ/ਕਾਲਜਾਂ/ਯੂਨੀਵਰਸਿਟੀਆਂ
ਤੋਂ ਪੜ੍ਹੇ-ਲਿਖੇ ਸਿੱਖਾਂ ਦੇ ਘਰਾਂ
ਵਿਚ ਵੀ ਸਤਿਗੁਰਾਂ ਦੀਆਂ ਮਨੋਕਲਪਿਤ ਤਸਵੀਰਾਂ ਲਗਵਾ ਕੇ, ਉਨ੍ਹਾਂ ਦੀ ਪੂਜਾ ਕਰਾਉਣੀ ਸ਼ੁਰੂ
ਕਰਾ ਦਿੱਤੀ ਹੈ। ਇਸ ਤੋਂ ਇਲਾਵਾ ਪਖੰਡੀ
ਸਾਧਾਂ-ਸੰਤਾਂ, ਬ੍ਰਹਮਗਿਆਨੀਆਂ ਅਤੇ
ਮਹਾਂਪੁਰਸ਼ਾਂ ਨੇ ਲੋਕਾਂ ਪਾਸੋਂ ਆਪਣੀ ਸੇਵਾ-ਪੂਜਾ ਕਰਵਾਉਣੀ ਸ਼ੁਰੂ ਕਰਵਾਈ ਹੋਈ ਹੈ। ਅਨਪੜ੍ਹ ਅਤੇ ਪੜ੍ਹੇ-ਲਿਖੇ ਅਗਿਆਨੀ ਲੋਕ
ਵੀ ਪਖੰਡੀਆਂ ਨੂੰ ਰੱਬ ਦਾ ਰੂਪ, ਬਾਬੇ ਨਾਨਕ ਜਾਂ ਗੁਰੂ ਗੋਬਿੰਦ ਸਿੰਘ ਦਾ ਰੂਪ ਸਮਝ ਕੇ ਉਨ੍ਹਾਂ
ਦੀ ਹਰ ਪ੍ਰਕਾਰ ਦੀ ਸੇਵਾ-ਪੂਜਾ ਕਰਨ ਵਿਚ ਆਪਣੇ ਧੰਨਭਾਗ ਸਮਝਦੇ ਹਨ।
ਬਾਬਾ ਨਾਨਕ ਜੀ ਵੱਲੋਂ ਪਰਚਾਰੇ ਧਰਮ ਦਾ ਆਧਾਰ ਕੇਵਲ ਸੱਚ ਹੈ, ਜਿਸ ਦਾ ਝੂਠ, ਪਖੰਡਾਂ-ਕਰਮਕਾਡਾਂ ਨਾਲ ਦੂਰ ਦਾ ਵੀ ਸਬੰਧ ਨਹੀਂ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਸਿੱਖ, ਬਾਬਾ ਨਾਨਕ ਜੀ ਦੀ ਸਦੀਵੀ ਸਿੱਖਿਆ:
ਸਬਦੁ
ਗੁਰੂ ਸੁਰਤਿ ਧੁਨਿ ਚੇਲਾ।। ਤੋਂ
ਮਿਲਣ ਵਾਲੀ ਸਿੱਖਿਆ ਨੂੰ ਮਰਦੇ ਦਮ ਤਕ ਨਹੀਂ ਸਮਝ ਸਕੇ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀ
ਵਿਸ਼ਾਲ ਗੁਰਬਾਣੀ ਨੂੰ ਨਾ ਤਾਂ ਪੜ੍ਹ ਸਕਦੇ ਹਨ ਅਤੇ ਨਾ ਹੀ ਕਦੇ ਸਮਝ ਸਕਦੇ ਹਨ। ਅਜਿਹੇ ਸਿੱਖ ਕੇਵਲ ਸਰੀਰਾਂ ਦੇ
ਜਨਮ-ਮਰਨ ਦਿਨ ਹੀ ਮਨਾ ਸਕਦੇ
ਹਨ। ਅਸਲ ਵਿਚ ਗੁਰਬਾਣੀ
ਹੁਕਮਾਂ ਨੂੰ ਜੀਵਨ ਵਿਚ ਲਾਗੂ ਕਰਨਾ ਬਹੁਤ ਔਖਾ ਕੰਮ ਸਮਝਿਆ ਜਾਂਦਾ ਹੈ ਪਰ ਸਤਿਗੁਰਾਂ ਦੇ ਸਰੀਰਾਂ
ਦੇ ਜਨਮ-ਮਰਨ ਦਿਹਾੜੇ ਮਨਾਉਣ
ਦਾ ਕੰਮ ਬਹੁਤ ਸੌਖਾ ਸਮਝਿਆ ਜਾਂਦਾ ਹੈ। ਇਹੋ ਵੱਡਾ ਕਾਰਣ ਹੈ ਕਿ ਆਪਣੇ ਆਪ ਨੂੰ ਸਿੱਖ ਸਮਝਣ ਵਾਲੇ ਲੋਕਾਂ ਦੀ ਬਹੁਗਿਣਤੀ ਅੱਜ ਵੀ ਸ਼ਬਦ ਗੁਰੂ ਦੇ ਅਧੀਨ ਚਲਣ ਲਈ ਤਿਆਰ ਨਹੀਂ ਹੈ।
ਕੀ
ਬਿਕ੍ਰਮੀ ਅਤੇ ਨਾਨਕਸ਼ਾਹੀ ਕੈਲੰਡਰ ਕੇਵਲ ਗੁਰਪੁਰਬ ਮਨਾਉਣ ਤਕ ਹੀ ਸੀਮਤ ਹਨ?
ਕਹਾਵਤ
ਹੈ ਕਿ ਮੁਲਾਂ ਦੀ ਦੌੜ ਕੇਵਲ ਮਸੀਤ ਤਕ ਹੁੰਦੀ ਹੈ। ਉਸ ਤਰ੍ਹਾਂ ਬਿਕ੍ਰਮੀ ਅਤੇ ਨਾਨਕਸ਼ਾਹੀ ਕੈਲੰਡਰ ਨੂੰ ਮੰਨਣ ਵਾਲਿਆਂ
ਦੀ ਸਾਰੀ ਦੌੜ ਕੇਵਲ ਗੁਰਪੁਰਬ ਮਨਾਉਣ ਤੱਕ ਹੀ ਸੀਮਤ ਹੁੰਦੀ ਹੈ। ਸਿੱਖ ਕੌਮ ਦੇ ਲੋਕ, ਕਈ ਸਾਲਾਂ ਤੋਂ ਬਿਕ੍ਰਮੀ
ਅਤੇ ਨਾਨਕਸ਼ਾਹੀ ਕੈਲੰਡਰਾਂ ਦੀਆਂ ਤਰੀਕਾਂ ਅਨੁਸਾਰ ਗੁਰਪੁਰਬ ਮਨਾਉਣ ਲਈ ਇਕ ਦੂਜੇ ਨਾਲ ਲਗਾਤਾਰ ਲੜਦੇ
ਆ ਰਹੇ ਹਨ। ਸਿੱਖ, ਇਨ੍ਹਾਂ ਕੈਲੰਡਰਾਂ
ਦੀਆਂ ਵੱਖਰੀਆਂ ਵੱਖਰੀਆਂ ਤਰੀਕਾਂ ਅਨੁਸਾਰ ਗੁਰਪੁਰਬ ਮਨਾ ਕੇ, ਜਿੱਥੇ ਸੰਸਾਰ ਵਿਚ ਆਪਣਾ ਜਲੂਸ
ਕੱਢ ਰਹੇ ਹਨ,
ਉੱਥੇ
ਆਪਣੇ ਸਤਿਗੁਰਾਂ ਦਾ ਵੀ ਜਲੂਸ ਕੱਢ ਰਹੇ ਹਨ। ਦੋਹਾਂ ਧਿਰਾਂ ਵੱਲੋਂ ਆਪਣੇ ਆਪਣੇ ਕੈਲੰਡਰਾਂ ਦੀਆਂ ਤਰੀਕਾਂ
ਨੂੰ ਮੁੱਖ ਰੱਖ ਕੇ ਗੁਰਪੁਰਬ ਤਾਂ ਮਨਾਏ ਜਾਂਦੇ ਹਨ, ਪਰ ਗੁਰਪੁਰਬ ਵਾਲੇ ਦਿਨ ਗੁਰੂ
ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਹੁਕਮਾਂ ਨੂੰ ਲਾਗੂ ਕਰਨ ਦਾ ਕੋਈ ਉਪਰਾਲਾ ਨਹੀਂ ਕੀਤਾ ਜਾਂਦਾ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਦੋਨਾਂ ਧਿਰਾਂ
ਨੇ ਆਪਣੇ ਆਪਣੇ ਕੈਲੰਡਰਾਂ ਅਨੁਸਾਰ ਗੁਰਪੁਰਬ ਮਨਾਉਣ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ
ਨੂੰ ਮੁੱਖ ਰੱਖਦੇ ਹੋਏ, ਹੇਠ ਲਿਖੀਆਂ ਗੱਲਾਂ ਦਾ ਤਿਆਗ ਕਰ ਦਿੱਤਾ ਹੈ? ਜਿਵੇਂ ਕਿ:-
1. ਕੀ ਉਨ੍ਹਾਂ ਨੇ ਆਪਣੀਆਂ ਧਰਮਸਾਲਾਵਾਂ(ਗੁਰਦੁਆਰਿਆਂ) ਵਿਚ ਗੁਰਮਤਿ-ਵਿਰੋਧੀ, ਸੱਚ-ਵਿਰੋਧੀ, ਸਿੱਖ-ਵਿਰੋਧੀ ਅਤੇ ਗੁਰ-ਨਿੰਦਕ ਰਚਨਾਵਾਂ ਦਾ ਪਰਚਾਰ ਕਰਨਾ ਬੰਦ ਕਰ ਦਿੱਤਾ ਹੈ?
2. ਕੀ ਉਨ੍ਹਾਂ ਨੇ ਭਗਉਤੀ (ਦੁਰਗਾ
ਮਾਤਾ) ਅੱਗੇ ਅਰਦਾਸਾਂ ਕਰਨੀਆਂ ਛੱਡ ਦਿੱਤੀਆਂ ਹਨ?
3. ਕੀ ਉਨ੍ਹਾਂ ਨੇ ਗੰਦੇ-ਅਸ਼ਲੀਲ, ਕਾਮ-ਉਕਸਾਊ
ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ) ਦੀਆਂ ਰਚਨਾਵਾਂ ਜਾਪ, ਚੌਪਈ
ਅਤੇ ਸਵੱਈਏ ਆਦਿ ਪੜ੍ਹਣੀਆਂ ਛੱਡ ਦਿੱਤੀਆਂ ਹਨ?
4. ਕੀ ਉਨ੍ਹਾਂ ਨੇ ਜਾਤੀਵੰਡ ਦੀ ਊਚ-ਨੀਚ ਦਾ ਤਿਆਗ ਕਰਦੇ ਹੋਏ,
ਆਪਣੇ ਨਾਵਾਂ ਨਾਲੋਂ ਜਾਤ-ਗੋਤ ਹਟਾ ਦਿੱਤੇ ਹਨ?
5. ਕੀ ਉਹ ਆਪਣੇ ਬੱਚਿਆਂ ਦੇ ਰਿਸ਼ਤੇ-ਨਾਤੇ ਬਿਨਾਂ ਜਾਤ-ਗੋਤ
ਤੋਂ ਕਰਨ ਲੱਗ ਪਏ ਹਨ?
6. ਕੀ ਉਨ੍ਹਾਂ ਨੇ ਜਨਮ ਤੋਂ ਲੈ ਕੇ ਮਰਨ ਤਕ ਆਪਣੇ ਜੀਵਨ ਵਿਚ ਕੀਤੀਆਂ ਜਾਂਦੀਆਂ ਬ੍ਰਾਹਮਣੀ
ਰੀਤਾਂ ਰਸਮਾਂ ਦਾ ਤਿਆਗ ਕਰ ਦਿੱਤਾ ਹੈ?
7. ਕੀ ਉਨ੍ਹਾਂ ਨੇ ਆਪਣੇ ਜੀਵਨ ਵਿਚੋਂ ਨਫ਼ਰਤ, ਵੈਰ-ਵਿਰੋਧ, ਝੂਠ, ਹੇਰਾਫੇਰੀ, ਠੱਗੀ-ਫ਼ਰੇਬ, ਰਿਸ਼ਵਤਖ਼ੋਰੀ, ਮੁਨਾਫ਼ਾਖ਼ੋਰੀ, ਬੇਈਮਾਨੀ, ਮਿਲਾਵਟ, ਲੁੱਟ-ਘਸੁੱਟ, ਚੋਰ-ਬਜ਼ਾਰੀ, ਚੋਰੀ-ਯਾਰੀ, ਨਸ਼ੇ, ਲੜਾਈ-ਝਗੜੇ, ਨਾਜਾਇਜ਼
ਕਬਜ਼ੇ, ਬੇਇਨਸਾਫ਼ੀ, ਬਲਾਤਕਾਰ, ਆਚਰਣਹੀਣਤਾ ਵਰਗੀਆਂ ਬੁਰਿਆਈਆਂ
ਨੂੰ ਤਿਆਗ ਦਿੱਤਾ ਹੈ?
8. ਅਕਸਰ ਸਾਧਾਂ-ਸੰਤਾਂ ਜਾਂ ਉਨ੍ਹਾਂ ਦੇ
ਚੇਲਿਆਂ ਵੱਲੋਂ ਆਪਣੇ ਮਰ ਚੁੱਕੇ ਸਾਧਾਂ-ਸੰਤਾਂ
ਦੀਆਂ ਡੇਰਿਆਂ ਵਿਚ ਹਰ ਸਾਲ ਬਰਸੀਆਂ ਮਨਾਈਆਂ ਜਾਂਦੀਆਂ
ਹਨ। ਜਿਸ ਦਾ ਸਿੱਖ ਪਰਚਾਰਕ ਵਿਰੋਧ ਕਰਦੇ ਹਨ। ਹੈਰਾਨੀ ਦੀ ਗੱਲ ਹੈ ਕਿ ਸਿੱਖ ਪਰਚਾਰਕ ਇਕ ਪਾਸੇ ਤਾਂ ਸਾਧਾਂ-ਸੰਤਾਂ ਦੀਆਂ ਬਰਸੀਆਂ ਮਨਾਉਣ ਦਾ ਵਿਰੋਧ ਕਰਦੇ ਹਨ, ਪਰ ਦੂਜੇ
ਪਾਸੇ ਆਪਣੇ ਸਤਿਗੁਰਾਂ ਦੀਆਂ ਸਲਾਨਾ ਬਰਸੀਆਂ ਮਨਾਉਂਦੇ ਹਨ। ਸਿੱਖ ਪਰਚਾਰਕਾਂ ਨੇ
ਇਹ ਦੋਗ਼ਲੀ ਨੀਤੀ ਕਿਉਂ ਅਪਨਾਈ ਹੋਈ ਹੈ?
9. ਸੰਸਾਰ ਭਰ ਦੇ ਜਿਹੜੇ ਸਿੱਖ,
ਸਰਕਾਰੀ ਦਫ਼ਤਰਾਂ, ਅਰਧ-ਸਰਕਾਰੀ ਅਦਾਰਿਆਂ ਵਿਚ ਨੌਕਰੀ ਕਰਦੇ ਹਨ ਅਤੇ ਜਿਹੜੇ ਵਪਾਰ ਜਾਂ ਆਪਣੇ ਹੋਰ ਕੰਮ-ਧੰਦੇ ਕਰਦੇ ਹਨ, ਉਹ
ਸਾਰੇ ਅੰਗਰੇਜ਼ੀ ਕੈਲੰਡਰ ਅਧੀਨ ਹੀ ਕੰਮ ਕਰਦੇ ਹਨ। ਕੀ ਬਿਕ੍ਰਮੀ ਅਤੇ ਨਾਨਕ ਸ਼ਾਹੀ ਕੈਲੰਡਰਾਂ ਵਾਲੇ
ਆਪਣੇ ਜੀਵਨ ਦੇ ਸਾਰੇ ਕੰਮ ਆਪਣੇ ਆਪਣੇ ਕੈਲੰਡਰਾਂ ਅਨੁਸਾਰ ਕੰਮ ਕਰਦੇ ਹਨ ਜਾਂ ਅੰਗਰੇਜ਼ੀ ਕੈਲੰਡਰ
ਅਨੁਸਾਰ ਕਰਦੇ ਹਨ? ਕੀ ਦੋਨਾਂ ਨੇ ਆਪਣੇ ਜੀਵਨ ਵਿਚੋਂ ਅੰਗਰੇਜ਼ੀ
ਕੈਲੰਡਰ ਦਾ ਤਿਆਗ ਕਰ ਦਿੱਤਾ ਹੈ?
ਜੇਕਰ ਦੋਨੋਂ ਧਿਰਾਂ ਵੱਲੋਂ ਮਨਾਏ ਜਾਂਦੇ ਗੁਰਪੁਰਬਾਂ ਜਾਂ
ਜੀਵਨ ਵਿਚ ਕੀਤੇ ਜਾਣ ਵਾਲੇ ਕੰਮਾਂ ਨੂੰ ਪਰਤੱਖ ਰੂਪ ਵਿਚ ਦੇਖਿਆ ਜਾਵੇ ਤਾਂ ਉਪਰੋਕਤ ਸਾਰੇ ਸਵਾਲਾਂ
ਦੇ ਜਵਾਬ ਨਾ ਵਿਚ ਹੀ ਮਿਲਦੇ ਹਨ ਕਿਉਂਕਿ ਦੋਨਾਂ ਧਿਰਾਂ ਵਿਚ ਸਾਰੀਆਂ ਗੱਲਾਂ ਸਾਂਝੀਆਂ ਹਨ ਅਤੇ ਉਨ੍ਹਾਂ
ਵਿਚ ਇਕ ਵੀ ਖ਼ਾਸ ਗੱਲ ਨਹੀਂ ਹੁੰਦੀ। ਜੇਕਰ ਦੋਹਾਂ ਧਿਰਾਂ ਨੇ ਆਪਣੇ ਆਪਣੇ ਕੈਲੰਡਰਾਂ ਦੀਆਂ ਤਰੀਕਾਂ
ਅਨੁਸਾਰ ਗੁਰਪੁਰਬ ਮਨਾ ਕੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਤੋਂ ਉਲਟ ਹੀ ਕੰਮ ਕਰਨੇ
ਹਨ ਤਾਂ ਯਾਦ ਰੱਖੋ ਨਾ ਤਾਂ ਬਿਕ੍ਰਮੀ ਕੈਲੰਡਰ ਨੇ ਸਿੱਖਾਂ ਦਾ ਕੁੱਝ ਸੰਵਾਰਨਾ ਹੈ ਅਤੇ ਨਾ ਹੀ ਨਾਨਕ
ਸ਼ਾਹੀ ਕੈਲੰਡਰ ਨੇ ਸਿੱਖਾਂ ਦਾ ਕੁੱਝ ਸੰਵਾਰਨਾ ਹੈ।
ਦੋ ਧਿਰਾਂ ਦੀ ਲੜਾਈ ਵਿਚ ਲਾਭ ਕਿਸ ਨੂੰ
ਹੋ ਰਿਹਾ ਹੈ?
ਸਿੱਖਾਂ ਦੀਆਂ ਦੋ ਧਿਰਾਂ ਕਈ ਸਾਲਾਂ
ਤੋਂ ਆਪਣੇ ਆਪਣੇ ਕੈਲੰਡਰਾਂ ਨੂੰ ਲੈ ਕੇ ਲੜ ਰਹੀਆਂ ਹਨ। ਇਕ ਧਿਰ ਕਹਿੰਦੀ ਹੈ ਕਿ ਸਾਡਾ ਬਿਕ੍ਰਮੀ
ਕੈਲੰਡਰ ਠੀਕ ਹੈ, ਨਾਨਕ ਸ਼ਾਹੀ ਕੈਲੰਡਰ ਠੀਕ ਨਹੀਂ
ਹੈ। ਇਸੇ ਤਰ੍ਹਾਂ ਦੂਜੀ ਧਿਰ ਕਹਿੰਦੀ ਹੈ ਕਿ ਸਾਡਾ
ਨਾਨਕ ਸ਼ਾਹੀ ਕੈਲੰਡਰ ਠੀਕ ਹੈ,
ਬਿਕ੍ਰਮੀ ਕੈਲੰਡਰ ਠੀਕ ਨਹੀਂ।
ਦੋਨੋਂ ਧਿਰਾਂ ਇਕ ਦੂਜੇ ਨਾਲ ਸ਼ਬਦਾਂ ਦੀ ਜੰਗ ਲੜ ਰਹੀਆਂ ਹਨ, ਇਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਬਹਿਸ ਕਰ ਰਹੀਆਂ ਹਨ, ਇਕ ਦੂਜੇ ਨੂੰ
ਚੈਲਿੰਜ ਕਰ ਰਹੀਆਂ ਹਨ ਅਤੇ ਆਪਣੇ ਆਪਣੇ ਕੈਲੰਡਰਾਂ ਦੇ ਸਹੀ ਹੋਣ ਦਾ ਦਾਅਵਾ ਵੀ ਕਰ ਰਹੀਆਂ ਹਨ। ਅੱਜ
ਕੈਲੰਡਰ ਦੋਨਾਂ ਧਿਰਾਂ ਦੀ ਅਣਖ ਦਾ ਸਵਾਲ ਬਣ ਚੁੱਕਾ ਹੈ। ਕੈਲੰਡਰਾਂ ਨੂੰ ਲੈ ਕੇ ਕੌਮ ਵਿਚ ਅੱਜ
ਬਹੁਤ ਵੱਡਾ ਪਾੜਾ ਪੈ ਚੁੱਕਿਆ ਹੈ ਜਿਹੜਾ ਕਦੇ ਵੀ ਪੂਰਾ ਨਹੀਂ ਹੋ ਸਕਦਾ।
ਧਰਮਸਾਲਾਵਾਂ ਵਿਚ ਬੈਠਾ ਪੁਜਾਰੀ ਦੋਹੇ
ਧਿਰਾਂ ਦੀ ਲੜਾਈ ਨੂੰ ਦੇਖ ਕੇ ਖ਼ੁਸ਼ ਹੋ ਰਿਹਾ ਹੈ ਕਿਉਂਕਿ ਪਹਿਲਾਂ ਗੁਰਪੁਰਬ ਜਾਂ ਇਤਿਹਾਸਕ
ਦਿਹਾੜੇ ਇਕ ਦਿਨ ਹੀ ਮਨਾਏ ਜਾਂਦੇ ਸਨ, ਪਰ ਹੁਣ ਸਿੱਖ, ਦੋ ਵਾਰ ਗੁਰਪੁਰਬ ਮਨਾਉਣ ਲੱਗ ਪਏ ਹਨ। ਪਹਿਲਾਂ
ਗੋਲਕ ਵਿਚ ਇਕ ਵਾਰ ਚੜ੍ਹਾਵਾ ਚੜ੍ਹਦਾ ਸੀ,
ਪਰ ਹੁਣ ਦੋ ਵਾਰ ਚੜ੍ਹਾਵਾ ਚੜ੍ਹਦਾ ਹੈ। ਜਦ ਤੋਂ ਸਿੱਖਾਂ ਦੇ ਧਰਮ-ਅਸਥਾਨਾਂ ਦੀ ਗਿਣਤੀ
ਵਧੀ ਹੈ, ਉੱਦੋਂ
ਤੋਂ ਧਰਮ ਦੇ ਠੇਕੇਦਾਰਾਂ ਦੀਆਂ ਦਸੇ ਉਂਗਲਾਂ ਗੋਲਕਾਂ ਵਿਚ ਹਨ। ਇਸੇ ਤਰ੍ਹਾਂ ਦੁਕਾਨਦਾਰਾਂ ਨੂੰ ਪਹਿਲਾਂ ਸਿੱਖਾਂ
ਪਾਸੋਂ ਇਕ ਦਿਨ ਆਮਦਨ ਹੁੰਦੀ ਸੀ, ਪਰ ਹੁਣ ਦੋ ਵਾਰ ਹੋਣ ਲੱਗ ਪਈ ਹੈ। ਇਸ ਤੋਂ
ਇਲਾਵਾ ਆਤਿਸ਼ਬਾਜੀ ਨੂੰ ਵੇਚ ਕੇ ਦੁਕਾਨਦਾਰਾਂ ਨੂੰ ਵੱਖਰੀ ਆਮਦਨ ਹੋ ਰਹੀ ਹੈ। ਸਿੱਖੋ! ਕੈਲੰਡਰਾਂ ਦੇ ਨਾਂ ‘ਤੇ ਆਪਸ ਵਿਚ ਲੜੀ ਜਾਉ ਅਤੇ ਗੋਲਕਾਂ ਦੀ ਆਮਦਨ
ਵਿਚ ਵਾਧਾ ਕਰੀ ਜਾਉ।
ਕਮਾਉਣ ਅਤੇ ਮਨਾਉਣ ਵਿਚ ਕੀ ਅੰਤਰ
ਹੁੰਦਾ ਹੈ?
ਬਾਬਾ ਨਾਨਕ ਜੀ ਨੇ ਦੂਰ-ਅੰਦੇਸੀ ਅਤੇ ਸਦੀਵੀ ਫ਼ੈਸਲਾ ਲੈਂਦੇ ਹੋਏ, ਮਨੁੱਖਤਾ ਨੂੰ ‘ਸੱਚ-ਧਰਮ’ ਦੇ ਰਾਹ ਉੱਤੇ ਤੋਰਨ ਲਈ ਸ਼ਬਦ-ਗੁਰੂ ਦੇ ਸਿੱਖ ਬਣਾਇਆ ਸੀ ਤਾਂ ਜੋ ਆਪਣੇ ਆਪ ਨੂੰ ਸਿੱਖ ਸਮਝਣ ਵਾਲੇ ਲੋਕ, ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿਚ ਕਮਾ ਕੇ, ਆਪਣਾ ਅਤੇ ਮਨੁੱਖਤਾ ਦਾ ਭਲਾ ਕਰਦੇ ਰਹਿਣ। ਬਾਬਾ
ਨਾਨਕ ਜੀ ਤੋਂ ਲੈ ਕੇ ‘ਨਾਨਕ ਜੋਤਿ’ ਗੁਰੂ ਗੋਬਿੰਦ ਸਿੰਘ ਜੀ ਤਕ ਜਿੰਨੇ ਵੀ ਲੋਕਾਂ
ਨੇ ਸ਼ਬਦ-ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿਚ
ਕਮਾਇਆ ਉਹ ਸਾਰੇ ਚੜ੍ਹਦੀਕਲਾ ਵਿਚ ਰਹੇ।
ਪਰ ਜਦ ਤੋਂ ਸਿੱਖ ਭੇਖ ਦੇ
ਵਿਹਲੜ ਪੁਜਾਰੀਆਂ ਅਤੇ ਸਾਧਾਂ-ਸੰਤਾਂ ਨੇ ਸ਼ਬਦ-ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿਚ ਕਮਾਉਣ ਦੀ ਬਜਾਏ ਸਤਿਗੁਰਾਂ ਦੇ
ਸਰੀਰਕ ਜਨਮ-ਮਰਨ ਦਿਨ ਮਨਾਉਣ ਦਾ ਰਾਹ ਤੋਰਿਆ ਹੈ, ਉਦੋਂ ਤੋਂ ਹੀ ਪੁਜਾਰੀ ਸ਼੍ਰੇਣੀ ਨੇ ਧਰਮ ਨੂੰ
ਆਪਣਾ ਰੋਜ਼ਗਾਰ ਬਣਾ ਲਿਆ ਹੋਇਆ ਹੈ। ਯਾਦ ਰੱਖੋ, ਬਾਬਾ
ਜੀ ਦਾ ਦੱਸਿਆ ਹੋਇਆ ਮਾਰਗ, ਮਨੁੱਖਤਾ ਨੂੰ ਵਿਕਾਸ ਦੇ ਰਾਹ ਉੱਤੇ ਤੋਰਦਾ
ਹੈ ਅਤੇ ਪੁਜਾਰੀਆਂ ਦਾ ਦੱਸਿਆ ਹੋਇਆ ਰਾਹ ਮਨੁੱਖਤਾ ਨੂੰ ਵਿਨਾਸ਼ ਦੇ ਰਾਹ ਉੱਤੇ ਤੋਰਦਾ ਹੈ।
ਸੰਸਾਰ ਦਾ ਹਰ ਇਕ ਮਨੁੱਖ ਆਪਣਾ ਅਤੇ
ਆਪਣੇ ਪਰਵਾਰ ਦਾ ਜੀਵਨ ਨਿਰਬਾਹ ਕਰਨ ਲਈ ਕੋਈ ਨਾ ਕੋਈ ਕਿਰਤਕਾਰ ਕਰਦਾ ਹੈ। ਅਜਿਹਾ ਕਰ ਕੇ ਉਹ
ਆਪਣੇ ਵਿਕਾਸ ਵੱਲ ਵਧਦਾ ਹੈ। ਇਸ ਦੇ ਉਲਟ ਜਦੋਂ ਮਨੁੱਖ ਕਮਾਉਣ ਦੀ ਬਜਾਏ ਆਪਣੀ ਕਮਾਈ ਨੂੰ ਮਨਾਉਣ ਉੱਤੇ
ਲਾਉਣ ਲੱਗ ਪੈਂਦਾ ਹੈ ਤਾਂ ਉਹ ਆਪਣੇ ਵਿਨਾਸ਼ ਵਲ ਵਧ ਜਾਂਦਾ ਹੈ। ਵਿਗਿਆਨ ਨੇ ਆਪਣੀਆਂ ਖੋਜਾਂ ਨੂੰ
ਕਮਾਉਣ ਉਪਰੰਤ ਮਨੁੱਖਤਾ ਲਈ ਅਨੇਕਾਂ ਸਹੂਲਤਾਂ ਪੈਦਾ ਕਰ ਕੇ ਦਿੱਤੀਆਂ, ਜਿਸ ਦਾ ਸਾਰੀ ਮਨੁੱਖਤਾ ਅਨੰਦ ਮਾਣ ਰਹੀ ਹੈ। ਇਸ
ਦੇ ਉਲਟ ਧਰਮ-ਅਸਥਾਨਾਂ ਵਿਚ ਬੈਠੀ ਪੁਜਾਰੀ ਸ਼੍ਰੇਣੀ
ਨੇ ਮਨੁੱਖਤਾ ਦੇ ਵਿਕਾਸ ਲਈ ਕਦੇ ਵੀ ਅਜਿਹਾ ਕੋਈ ਕਾਰਨਾਮਾ ਕਰ ਕੇ ਨਹੀਂ ਦਿਖਾਇਆ ਜਿਸ ਨਾਲ
ਮਨੁੱਖਤਾ ਦਾ ਭਲਾ ਹੁੰਦਾ ਹੋਵੇ। ਪੁਜਾਰੀ ਸ਼੍ਰੇਣੀ ਨੇ ਹਮੇਸ਼ਾ ਹੀ ਮਨੁੱਖਤਾ ਨੂੰ ਧਰਮ ਦੇ ਨਾਂ ‘ਤੇ ਲੁੱਟ ਕੇ ਲੋਕਾਂ ਨੂੰ ਵਿਨਾਸ਼ ਦੇ ਰਾਹ ਉੱਤੇ ਤੋਰਿਆ
ਹੋਇਆ ਹੈ।
ਸ਼ਬਦ-ਗੁਰੂ ਹਮੇਸ਼ਾ ਜਿੰਦਾ
ਰਹਿੰਦਾ ਹੈ
ਗੁਰੂ
ਦੇ ਸ਼ਬਦ ਦੀ ਮਹਾਨਤਾ ਨੂੰ ਕੋਈ ਖ਼ਤਮ ਨਹੀਂ ਕਰ ਸਕਦਾ ਅਤੇ ਨਾ ਹੀ ਉਸ ਨੂੰ ਮਿਟਾ ਸਕਦਾ ਹੈ। ਗੁਰਬਾਣੀ ਦਾ ਫ਼ੁਰਮਾਨ ਹੈ:-
ਗੁਰੁ ਪੂਰਾ ਪਾਈਐ ਵਡਭਾਗੀ।।ਗੁਰ ਕੀ ਸੇਵਾ ਦੂਖੁ ਨ ਲਾਗੀ।।
ਗੁਰ ਕਾ ਸਬਦੁ ਨ ਮੇਟੈ ਕੋਇ।।ਗੁਰੁ ਨਾਨਕੁ ਨਾਨਕੁ ਹਰਿ ਸੋਇ।।੪।।
(ਗੁ.ਗ੍ਰੰ.ਸਾ.ਪੰਨਾ-864-865)
ਅਰਥਾਤ
ਹੇ ਭਾਈ! ਵੱਡੀ ਕਿਸਮਤ ਨਾਲ ਪੂਰਾ ਗੁਰੂ ਮਿਲਦਾ
ਹੈ। ਗੁਰੂ ਦੀ ਸਰਨ ਪਿਆਂ ਕੋਈ ਦੁੱਖ ਪੋਹ ਨਹੀਂ ਸਕਦਾ। ਜਿਸ ਮਨੁੱਖ ਦੇ ਹਿਰਦੇ
ਵਿਚ ਗੁਰੂ ਦਾ ਸ਼ਬਦ ਵੱਸ ਪਏ ਉਸ ਦੇ ਅੰਦਰੋਂ ਕੋਈ ਮਨੁੱਖ ਆਤਮਕ ਜੀਵਨ ਦੇ ਉਜਾਲੇ ਨੂੰ ਮਿਟਾ ਨਹੀਂ ਸਕਦਾ। ਹੇ ਭਾਈ! ਗੁਰੂ ਨਾਨਕ, ਉਸ ਪਰਮਾਤਮਾ ਦਾ ਰੂਪ ਹੈ।੪।
ਬਾਬਾ
ਨਾਨਕ ਜੀ ਨੇ ਆਪਣੇ ਮਨ ਵਿਚ ਆਪਣੇ ਗੁਰੂ ਦੇ ਸ਼ਬਦ ਨੂੰ ਵਸਾਇਆ ਹੋਇਆ ਸੀ। ਸਰੀਰ
ਬਿਨਸਣ ਤੋਂ ਪਹਿਲਾਂ ਆਪਣੇ ਗੁਰੂ ਦੇ ਸ਼ਬਦ ਨੂੰ ਭਾਈ
ਲਹਿਣਾ ਜੀ ਦੇ ਮਨ ਵਿਚ ਵਸਾ ਕੇ,
ਉਨ੍ਹਾਂ ਨੂੰ ‘ਨਾਨਕ ਜੋਤਿ’ ਗੁਰੂ ਅੰਗਦ ਜੀ ਬਣਾ ਕੇ ਗੁਰਗੱਦੀ(ਤਖ਼ਤ)
ਉੱਤੇ ਬਿਰਾਜਮਾਨ ਕਰ
ਦਿੱਤਾ ਸੀ। ਇਹ ਸਿਲਸਿਲਾ ‘ਨਾਨਕ ਜੋਤਿ’ ਗੁਰੂ ਗੋਬਿੰਦ ਸਿੰਘ ਜੀ ਤਕ ਚਲਦਾ ਰਿਹਾ। ਅਖ਼ੀਰ
ਵਿਚ ਗੁਰੂ ਸਾਹਿਬ ਨੇ ਆਪਣੇ ਤੋਂ ਮਗਰੋਂ ਬਾਬਾ ਨਾਨਕ ਜੀ ਵੱਲੋਂ ਕਾਇਮ ਕੀਤੇ ਗੁਰਗੱਦੀ(ਤਖ਼ਤ) ਉੱਤੇ ਗੁਰੂ ਦੇ ਸ਼ਬਦ ਨੂੰ ਸਦੀਵੀ ਗੁਰਿਆਈ ਦੇ ਕੇ, ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਦੇ
ਦਿੱਤਾ।
ਮੁਗ਼ਲ ਸਰਕਾਰਾਂ ਨੇ ‘ਨਾਨਕ
ਜੋਤਿ’ ਗੁਰੂ ਅਰਜਨ ਸਾਹਿਬ ਨੂੰ ਸਰੀਰਕ ਤੌਰ ‘ਤੇ ਖ਼ਤਮ ਕਰ ਕੇ ਸ਼ਬਦ-ਗੁਰੂ ਨੂੰ ਖ਼ਤਮ ਕਰਨਾ ਚਾਹਿਆ। ਔਰੰਗਜੇਬ਼ ਦੀ ਹੁਕੂਮਤ ਨੇ ਗੁਰੂ ਤੇਗ
ਬਹਾਦਰ ਜੀ ਦਾ ਸੀਸ ਵੱਖਰਾ ਕਰ ਕੇ,
ਸ਼ਬਦ-ਗੁਰੂ ਨੂੰ ਖ਼ਤਮ ਕਰਨਾ ਚਾਹਿਆ। ਇਸ ਤੋਂ ਬਾਅਦ ਫਿਰ
ਔਰੰਗਜੇਬ ਦੀ ਹੁਕੂਮਤ ਨੇ ‘ਨਾਨਕ ਜੋਤਿ’ ਗੁਰੂ ਗੋਬਿੰਦ ਸਿੰਘ ਜੀ ਦੇ ਸਮੁੱਚੇ ਪਰਵਾਰ ਨੂੰ
ਖ਼ਤਮ ਕਰ ਕੇ ਸ਼ਬਦ-ਗੁਰੂ ਨੂੰ ਖ਼ਤਮ ਕਰਨਾ ਚਾਹਿਆ। ਪਰ ਇਹ
ਸ਼ਬਦ-ਗੁਰੂ, ‘ਨਾਨਕ ਜੋਤਿ’ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸਦੀਵੀ ਗੁਰਿਆਈ ਦਾ ਦਰਜਾ ਪ੍ਰਾਪਤ
ਕਰ ਕੇ ਅੱਜ ਵੀ ਪ੍ਰਕਾਸ਼ਮਾਨ ਹੈ। ਇਸ ਦੇ ਉਲਟ ਜਿਨ੍ਹਾਂ ਨੇ ਸ਼ਬਦ-ਗੁਰੂ ਨੂੰ ਖ਼ਤਮ ਕਰਨਾ ਚਾਹਿਆ ਜਾਂ ਮਿਟਾਉਣਾ ਚਾਹਿਆ, ਉਹ ਸਾਰੇ ਖ਼ਤਮ ਹੋ ਗਏ ਜਾਂ ਕਬਰਾਂ ਦੇ ਹਨੇਰੇ ਵਿਚ
ਸਦਾ ਲਈ ਗ਼ਰਕ ਹੋ ਗਏ ਹਨ।
ਜੇਕਰ ਕੋਈ ਗੁਰਮਤਿ-ਵਿਰੋਧੀ,
ਸੱਚ-ਵਿਰੋਧੀ, ਸਿੱਖ-ਵਿਰੋਧੀ ਜਾਂ ਗੁਰ-ਨਿੰਦਕ ਅਗਿਆਨਤਾਵਸ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਨਸ਼ਟ ਕਰ ਕੇ ਇਹ ਸਮਝਦਾ ਹੋਵੇ
ਕਿ ਅਜਿਹਾ ਕਰ ਕੇ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਖ਼ਤਮ ਹੋ ਜਾਵੇਗੀ ਤਾਂ ਉਸ ਦਾ ਇਹ ਉਸ ਦਾ ਬਹੁਤ
ਵੱਡਾ ਭੁਲੇਖਾ ਹੈ। ਅਜਿਹੀ ਸੋਚ ਵਾਲੇ ਲੋਕਾਂ ਨੂੰ ਹਮੇਸ਼ਾ ਲਈ ਸਮਝ ਲੈਣਾ ਚਾਹੀਦਾ ਹੈ ਕਿ ਕਦੇ ਵੀ
ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨੂੰ ਕੋਈ ਖ਼ਤਮ ਨਹੀਂ ਕਰ ਸਕਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ
ਜੀ ਦੀ ਗੁਰਬਾਣੀ ਸੰਸਾਰ ਭਰ ਅੰਦਰ ਹੋਰ ਥਾਵਾਂ ‘ਤੇ
ਪ੍ਰਕਾਸ਼ਮਾਨ ਰਹੇਗੀ।
ਕੀ ਸਿੱਖ ਆਪਣਾ ਇਤਿਹਾਸ ਭੁੱਲ ਜਾਣਗੇ?
ਸਿੱਖ-ਇਤਿਹਾਸ ਦੇ ਨਾਂ ‘ਤੇ ਇਤਿਹਾਸਕ ਦਿਨ ਮਨਾਉਣ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ ਸਿੱਖਾਂ ਨੇ
ਆਪਣੇ ਸਤਿਗੁਰਾਂ ਅਤੇ ਸਿੱਖਾਂ ਨਾਲ ਸਬੰਧਤ ਦਿਨ-ਦਿਹਾੜੇ
ਨਾ ਮਨਾਏ ਤਾਂ ਸਿੱਖਾਂ ਦੇ ਬੱਚੇ ਆਪਣਾ ਇਤਿਹਾਸ ਭੁੱਲ ਜਾਣਗੇ। ਯਾਦ ਰਹੇ ਕਿ ਬਾਬਾ ਨਾਨਕ ਜੀ ਤੋਂ
ਲੈ ਕੇ ‘ਨਾਨਕ ਜੋਤਿ’ ਗੁਰੂ ਗੋਬਿੰਦ ਸਿੰਘ ਜੀ ਤਕ ਕਿਸੇ ਦਾ ਕੋਈ ਵੀ ਦਿਨ-ਦਿਹਾੜਾ ਨਹੀਂ ਮਨਾਇਆ ਜਾਂਦਾ ਸੀ। ਹੁਣ ਸਵਾਲ
ਪੈਦਾ ਹੁੰਦਾ ਹੈ ਕਿ ਕੀ ਉਸ ਵੇਲੇ ਦੇ ਸਿੱਖਾਂ ਜਾਂ ਉਨ੍ਹਾਂ ਦੇ ਬੱਚਿਆਂ ਨੂੰ ਆਪਣਾ ਇਤਿਹਾਸ ਭੁੱਲ
ਗਿਆ ਸੀ? ਜਵਾਬ ਹੈ ਕਦੇ ਵੀ ਨਹੀਂ ਕਿਉਂਕਿ ਜਿਸ ਮਨੁੱਖ
ਅੰਦਰ ਬਾਬੇ ਨਾਨਕ ਦੇ ‘ਸੱਚ-ਧਰਮ’ ਦੀ ਜੋਤਿ ਜਗ ਪੈਂਦੀ ਸੀ, ਉਸ ਨੂੰ ਕੋਈ ਖ਼ਤਮ ਨਹੀਂ ਕਰ ਸਕਿਆ ਅਤੇ ਨਾ ਹੀ ਉਸ
ਨੂੰ ਕੋਈ ਝੁਕਾ ਸਕਿਆ।
ਸਿੱਖ ਇਤਿਹਾਸ ਗਵਾਹ ਕਿ ‘ਨਾਨਕ ਜੋਤਿ’ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ
ਸਿੰਘ ਅਤੇ ਬਾਬਾ ਫ਼ਤਿਹ ਸਿੰਘ ਨੇ ਆਪਣੀ ਛੋਟੀ ਉਮਰ ਵਿਚ ਲਾਸਾਨੀ ਕੁਰਬਾਨੀ ਦੇ ਕੇ ਸਾਬਤ ਕਰ ਦਿੱਤਾ
ਸੀ ਕਿ ਜਿਹੜੇ ਮਨੁੱਖ ਆਪਣੇ ਗੁਰੂ ਦੀ ਸਿੱਖਿਆ ਉੱਤੇ ਚਲਦੇ ਹਨ, ਉਹ ਭਾਵੇਂ ਵੱਡੀ ਉਮਰ ਦੇ ਹੋਣ ਅਤੇ ਭਾਵੇਂ ਸਭ ਤੋਂ ਛੋਟੀ ਉਮਰ ਦੇ ਹੋਣ, ਦੁਨੀਆਂ ਦੀ ਕੋਈ ਵੀ ਤਾਕਤ ਨਾ ਤਾਂ ਉਨ੍ਹਾਂ ਦਾ ਧਰਮ
ਬਦਲ ਸਕਦੀ ਅਤੇ ਨਾ ਹੀ ਉਨ੍ਹਾਂ ਨੂੰ ਝੁਕਾ ਸਕਦੀ ਹੈ। ਜਦੋਂ ਸਾਹਿਬਜ਼ਾਦਿਆਂ ਦੀ ਕੁਰਬਾਨੀ ਦੀ ਗੱਲ
ਹੁੰਦੀ ਹੈ ਤਾਂ ‘ਨਾਨਕ ਜੋਤਿ’ ਸਤਿਗੁਰਾਂ ਅਤੇ ਸਿੱਖਾਂ ਦੀਆਂ ਕੁਰਬਾਨੀਆਂ ਦਾ
ਸਾਰਾ ਇਤਿਹਾਸ ਖੁਲ੍ਹ ਜਾਂਦਾ ਹੈ।
ਜਦੋਂ ਸਿੱਖਾਂ ਨੂੰ ਸਾਹਿਬਜ਼ਾਦਿਆਂ ਦੀ ਕੁਰਬਾਨੀ ਦਾ
ਹਵਾਲਾ ਦਿੱਤਾ ਜਾਂਦਾ ਹੈ ਕਿ ਸਭ ਤੋਂ ਛੋਟੀ ਉਮਰ ਵਿਚ ਲਾਸਾਨੀ ਕੁਰਬਾਨੀ ਦਿੱਤੀ ਹੈ ਤਾਂ ਸਿੱਖ ਆਖ
ਦੇਂਦੇ ਹਨ ਕਿ ਉਹ ਤਾਂ ਗੁਰੂ ਦੇ ਬੱਚੇ ਸਨ, ਅਸੀਂ ਉਨ੍ਹਾਂ ਦੀ ਰੀਸ ਨਹੀਂ ਕਰ ਸਕਦੇ। ਹੁਣ ਸਵਾਲ ਪੈਦਾ ਹੁੰਦਾ ਹੈ ਕਿ
ਬਾਬਾ ਸ੍ਰੀਚੰਦ,
ਲਖ਼ਮੀ
ਦਾਸ,
ਦਾਤੂ, ਦਾਸੂ, ਮੋਹਨ, ਮੋਹਰੀ, ਪ੍ਰਿਥੀ ਚੰਦ ਅਤੇ ਉਸ ਦਾ ਪੁੱਤਰ ਮਿਹਰਬਾਨ, ਧੀਰਮੱਲ
ਅਤੇ ਬਾਬਾ ਰਾਮ ਰਾਇ ਵੀ
ਤਾਂ
‘ਨਾਨਕ
ਜੋਤਿ’
ਸਤਿਗੁਰਾਂ
ਦੇ ਬੱਚੇ ਸਨ,
ਉਹ
ਕੋਈ ਕੁਰਬਾਨੀ ਕਿਉਂ ਨਾ ਦੇ ਸਕੇ?
ਹਰ ਇਕ ਬੱਚੇ ਦੇ ਸਰੀਰ ਦੀ ਹੋਂਦ ਮਾਤਾ-ਪਿਤਾ ਕਰ ਕੇ ਬਣਦੀ
ਹੈ ਪਰ ਸਿੱਖ ਦੀ ਹੋਂਦ ਉਸ ਦੇ ਮਨ ਕਰ ਕੇ ਬਣਦੀ ਹੈ। ਬਾਬਾ ਸ੍ਰੀਚੰਦ, ਲਖ਼ਮੀ ਦਾਸ, ਦਾਤੂ, ਦਾਸੂ, ਮੋਹਨ, ਮੋਹਰੀ, ਪ੍ਰਿਥੀ ਚੰਦ ਅਤੇ ਉਸ ਦਾ ਪੁੱਤਰ ਮਿਹਰਬਾਨ, ਧੀਰਮੱਲ
ਅਤੇ ਬਾਬਾ ਰਾਮ ਰਾਇ ਆਦਿ
ਸਤਿਗੁਰਾਂ ਦੀ ਸਰੀਰਕ ਅੰਸ਼ ਹੋਣ ਕਰ ਕੇ ਸਤਿਗੁਰਾਂ ਦੇ ਬੱਚੇ ਜ਼ਰੂਰ ਸਨ, ਪਰ ਸ਼ਬਦ-ਗੁਰੂ ਦੀ ਸਿੱਖਿਆ ਨੂੰ
ਨਾ ਮੰਨਣ ਕਰ ਕੇ,
ਉਹ
ਸਾਰੇ ਸਿੱਖੀ ਤੋਂ ਬਾਗ਼ੀ ਮੰਨੇ ਜਾਂਦੇ ਸਨ।
ਜਿਹੜੇ ਮਨੁੱਖ, ਸ਼ਬਦ-ਗੁਰੂ ਦੀ ਸਿੱਖਿਆ ਅਨੁਸਾਰ
ਚਲਦੇ ਹਨ,
ਉਹ
ਵੀ ਸਿੱਖ ਹੋਣ ਕਰ ਕੇ ਗੁਰੂ ਬੱਚੇ ਹਨ। ਗੁਰਬਾਣੀ ਦਾ ਫ਼ੁਰਮਾਨ ਹੈ:-
ਸਤਿਗੁਰੂ
ਨੋ ਮਿਲੇ ਸੇਈ ਜਨ ਉਬਰੇ ਜਿਨ ਹਿਰਦੈ ਨਾਮੁ ਸਮਾਰਿਆ।।
ਜਨ
ਨਾਨਕ ਕੇ ਗੁਰਸਿਖ ਪੁਤਹਹੁ ਹਰਿ ਜਪਿਅਹੁ ਹਰਿ ਨਿਸਤਾਰਿਆ ।।੨।।
(ਗੁ.ਗ੍ਰੰ.ਸਾ.ਪੰਨਾ-312)
ਅਰਥਾਤ
ਜੋ ਮਨੁੱਖ, ਸਤਿਗੁਰੂ ਨੂੰ ਜਾ ਮਿਲਦੇ ਹਨ, ਉਹ
ਸੰਸਾਰ ਸਾਗਰ ਤੋਂ ਬਚ ਜਾਂਦੇ ਹਨ,
ਕਿਉਂਕਿ ਉਹ ਹਿਰਦੇ ਵਿਚ ਨਾਮ ਨੂੰ ਸੰਭਾਲਦੇ ਹਨ।
ਇਸ ਲਈ ਪ੍ਰਭੂ ਦੇ ਦਾਸ ਨਾਨਕ ਦੇ ਸਿੱਖ ਪੁੱਤਰੋ! ਪ੍ਰਭੂ ਦਾ ਨਾਮ ਜਪੋ ਕਿਉਂਕਿ
ਪ੍ਰਭੂ ਸੰਸਾਰ ਤੋਂ ਪਾਰ ਉਤਾਰਦਾ ਹੈ।2।
ਉਕਤ ਫ਼ੁਰਮਾਨ ਅਨੁਸਾਰ ਜਿਹੜੇ ਮਨੁੱਖ, ਸ਼ਬਦ-ਗੁਰੂ ਦੀ ਰਹਿਨੁਮਾਈ ਵਿਚ ਚਲਦੇ ਹਨ, ਉਹ ਮਨ ਤੋਂ ਬਾਬਾ ਨਾਨਕ ਜੀ ਦੇ ਸਿੱਖ ਪੁੱਤਰ ਹਨ। ਪਰ ਸਤਿਗੁਰਾਂ ਦੇ
ਬਾਗ਼ੀ ਪੁੱਤਰਾਂ ਵਾਂਗ ਜਿਹੜੇ ਸ਼ਬਦ-ਗੁਰੂ ਦੀ ਰਹਿਨੁਮਾਈ ਵਿਚ ਨਹੀਂ ਚਲਦੇ ਉਨ੍ਹਾਂ
ਲਈ ਸਿੱਖੀ ਵਿਚ ਕੋਈ ਥਾਂ ਨਹੀਂ ਹੈ।
ਹੁਣ ਗੱਲ ਕਰਦੇ ਹਾਂ ਉਨ੍ਹਾਂ
ਸਿੱਖਾਂ ਦੀ ਜਿਹੜੇ ਪਿਛਲੇ 70 ਸਾਲਾਂ ਤੋਂ ਇਤਿਹਾਸ ਦੇ ਨਾਂ ‘ਤੇ ਹਰ ਸਾਲ ਦਿਨ-ਦਿਹਾੜੇ ਮਨਾਉਂਦੇ ਆ
ਰਹੇ ਹਨ,
ਉਨ੍ਹਾਂ
ਨੇ ਆਪਣੇ ਜੀਵਨ ਵਿਚ ਕੀ ਪਾਇਆ ਹੈ ਅਤੇ ਕੀ ਗਵਾਇਆ ਹੈ?
1. ਸਿੱਖ-ਇਤਿਹਾਸ ਅਨੁਸਾਰ ਦਿਨ-ਦਿਹਾੜੇ ਮਨਾਉਣ ਦਾ ਸਭ ਤੋਂ ਜ਼ਿਆਦਾ ਪਰਚਾਰ ਧਰਮਸਾਲਾਵਾਂ ਵਿਚ ਬੈਠੇ ਸਿੱਖ
ਭੇਖ ਦੇ ਪੁਜਾਰੀ ਅਤੇ ਸਾਧ-ਸੰਤ ਹੀ
ਕਰਦੇ ਆ ਰਹੇ ਹਨ। ਇਤਿਹਾਸ ਦੇ ਨਾਂ ‘ਤੇ
ਦਿਨ-ਦਿਹਾੜੇ ਮਨਾਉਣ ਦਾ ਮੁੱਖ ਕਾਰਣ ਇਹ ਹੈ ਕਿ ਸਾਰਾ
ਸਾਲ ਗੋਲਕਾਂ ਵਿਚ ਆਮਦਨ ਬਣੀ ਰਹਿੰਦੀ ਹੈ। ਪਿਛਲੇ 70 ਸਾਲਾਂ ਤੋਂ ਜਿਹੜੇ ਪੀੜ੍ਹੀ ਦਰ ਪੀੜ੍ਹੀ ਧਰਮਸਾਲਾਵਾਂ ਵਿਚ ਬੈਠੇ ਹਨ, ਉਨ੍ਹਾਂ ਨੂੰ ਨਾ ਤਾਂ ਸ਼ਬਦ-ਗੁਰੂ ਦੀ ਜਾਣਕਾਰੀ ਹੈ ਅਤੇ ਨਾ ਹੀ ਸਿੱਖ-ਇਤਿਹਾਸ ਦੀ ਸਹੀ ਜਾਣਕਾਰੀ ਹੈ। ਜੇਕਰ ਪੁਜਾਰੀ ਸ਼੍ਰੇਣੀ ਨੇ ਸ਼ਬਦ-ਗੁਰੂ ਅਤੇ ਸਿੱਖ-ਇਤਿਹਾਸ
ਦਾ ਸਹੀ ਪਰਚਾਰ ਕੀਤਾ ਹੁੰਦਾ ਤਾਂ ਸਿੱਖ ਕੌਮ ਅੱਜ ਨਿਘਾਰ ਵੱਲ ਨਾ ਜਾਂਦੀ।
2. ਸੰਸਾਰ ਭਰ ਵਿਚ ਸਿੱਖਾਂ ਦੇ ਕਿਸੇ ਇਕ ਧਰਮ-ਅਸਥਾਨ ਵਿਚੋਂ ਕੋਈ ਇਕ ਪਰਚਾਰਕ ਜਾਂ ਪ੍ਰਬੰਧਕ ਐਸਾ ਨਹੀਂ ਮਿਲ ਸਕਦਾ ਜਿਹੜਾ ਕੇਵਲ ਗੁਰੂ
ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਵਿਚ ਆਪ ਚਲਦਾ ਹੋਵੇ ਅਤੇ ਉਸ ਅਨੁਸਾਰ ਸੰਗਤ ਵਿਚ ਪਰਚਾਰ ਕਰਦਾ
ਹੋਵੇ।
3. ਆਪਣੇ ਆਪ ਨੂੰ ਸਿੱਖ ਸਮਝਣ ਵਾਲੀ ਨੌਜਵਾਨ ਪੀੜ੍ਹੀ ਦੀ ਬਹੁ-ਗਿਣਤੀ ਨੇ ਆਪਣੇ ਕੇਸ-ਦਾੜ੍ਹੀ
ਕਟਾ ਕੇ ਆਪਣੇ ਸਿਰਾਂ ਤੋਂ ਪਗੜੀਆਂ ਲਾਹ ਕੇ ਪਰੇ ਸੁੱਟ ਦਿੱਤੀਆਂ ਹਨ।
4. ਵਿਦੇਸ਼ਾਂ ਵਿਚ ਜਾਣ ਵਾਲਿਆਂ ਨੇ ਵਿਦੇਸ਼ਾਂ ਵਿਚ ਜਾ ਕੇ ਆਪਣੇ ਕੇਸ-ਦਾੜ੍ਹੀ ਕਟਾ ਕੇ ਆਪਣੇ ਸਿਰਾਂ ਤੋਂ ਪਗੜੀਆਂ ਲਾਹ ਕੇ ਪਰੇ ਸੁੱਟ ਦਿੱਤੀਆਂ
ਹਨ।
5. ਇਕ ਪਿੰਡ ਤੋਂ 5 ਸਾਬਤ ਸੂਰਤ ਸਿੱਖ ਵੀ
ਨਹੀਂ ਲੱਭਦੇ।
6. ਔਰਤਾਂ ਨੇ ਆਪਣੇ ਕੇਸਾਂ-ਭਰਵੱਟਿਆਂ
ਦੀ ਬੇਅਦਬੀ ਕਰ ਕੇ ਸਿਰਾਂ ਤੋਂ ਚੁੰਨੀਆਂ ਲਾਹ ਸੁੱਟੀਆਂ ਹਨ।
7. ਸਿੱਖ, ਸੱਭ ਤੋਂ ਜ਼ਿਆਦਾ ਸ਼ਰਾਬ ਪੀਣ ਦੇ ਆਦਿ ਹਨ। ਵਿਆਹਾਂ
ਜਾਂ ਪਾਰਟੀਆਂ ਵਿਚ ਸ਼ਰਾਬ ਆਮ ਵਰਤਾਈ ਜਾਂਦੀ ਹੈ। ਇਸ
ਤੋਂ ਇਲਾਵਾ ਸਿੱਖ ਹੋਰ ਵੀ ਭੈੜੇ-ਭੈੜੇ ਨਸ਼ਿਆਂ ਦੇ ਸ਼ਿਕਾਰ ਹੋ ਚੁੱਕੇ ਹਨ।
8. ਆਪਣੇ ਆਪ ਨੂੰ ਸਿੱਖ ਸਮਝਣ ਵਾਲੇ ਲੋਕ ਹੁਣ ਤਕ ਜਾਤੀਵੰਡ ਦੀ ਪੰਜਾਲੀ ਵਿਚੋਂ ਆਪਣਾ
ਖਹਿੜਾ ਨਹੀਂ ਛੁਡਾ ਸਕੇ।
9. ਆਪਣੇ ਆਪ ਨੂੰ ਸਿੱਖ ਸਮਝਣ ਵਾਲੇ ਲੋਕ, ਜਨਮ ਤੋਂ ਲੈ ਕੇ ਮੌਤ ਤਕ ਸਾਰੀਆਂ ਬ੍ਰਾਹਮਣੀ ਰੀਤਾਂ-ਰਸਮਾਂ ਨੂੰ ਨਹੀਂ ਤਿਆਗ ਸਕੇ।
10. ਕੁੱਝ ਵਿਰਲੇ ਸਿੱਖਾਂ ਨੂੰ ਛੱਡ ਕੇ ਸਮੁੱਚੀ ਕੌਮ, ਸ਼ਬਦ-ਗੁਰੂ ਨੂੰ ਛੱਡ ਕੇ ਦੇਹਧਾਰੀ ਸਾਧਾਂ-ਸੰਤਾਂ, ਬ੍ਰਹਮ-ਗਿਆਨੀਆਂ, ਮਹਾਂਪੁਰਸ਼ਾਂ
ਦੇ ਪੈਰਾਂ ਨਾਲ ਜੁੜ ਚੁੱਕੀ ਹੈ।
11. ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਕੜੇ ਬੇਅਦਬੀਆਂ ਹੋ ਚੁੱਕੀਆਂ ਹਨ। ਜਿਸ
ਤੋਂ ਸਾਬਤ ਹੁੰਦਾ ਹੈ ਕਿ ਪੁਜਾਰੀ ਸ਼੍ਰੇਣੀ ਆਪਣੇ ਧਰਮ-ਅਸਥਾਨਾਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਿਫਾਜ਼ਤ ਕਰਨ ਵਿਚ ਬਹੁਤ ਬੁਰੀ ਤਰ੍ਹਾਂ ਨਾਕਾਮ
ਸਾਬਤ ਹੋਈ ਹੈ।
12. ਸਮਾਜ ਵਿਚ ਨੀਚ ਸਮਝੇ ਜਾਣ ਵਾਲੇ ਸਿੱਖਾਂ ਨਾਲ ਹੋ ਰਹੇ ਜਾਤੀ ਵਿਤਕਰੇ ਕਾਰਣ ਅੱਜ ਬਹੁਤ ਸਾਰੇ
ਲੋਕ, ਸਿੱਖੀ ਦਾ ਰਾਹ ਤਿਆਗ ਕੇ ਡੇਰਿਆਂ ਦੇ ਰਾਹ ਪੈ ਗਏ
ਹਨ।
13. ਜੇਕਰ 70 ਸਾਲ ਤੋਂ ਲਗਾਤਾਰ ਸਿੱਖ-ਇਤਿਹਾਸ ਦੇ ਨਾਂ ਤੇ ਦਿਨ-ਦਿਹਾੜੇ ਮਨਾਉਣ ਨਾਲ ਸਿੱਖਾਂ ਦਾ ਇਹ ਹਾਲ ਹੋ ਗਿਆ ਹੈ ਤਾਂ ਭਵਿੱਖ ਵਿਚ ਆਉਣ ਵਾਲੀ
ਪੀੜ੍ਹੀ ਦਾ ਕੀ ਹਾਲ ਹੋਵੇਗਾ?
14. ਪਿਛਲੇ 70 ਸਾਲਾਂ ਤੋਂ ਸਿੱਖ-ਇਤਿਹਾਸ ਦੇ ਦਿਹਾੜੇ ਮਨਾਉਣ ਨਾਲ ਸਿੱਖ-ਕੌਮ ਦੀ ਗਿਣਤੀ ਘਟੀ ਹੈ ਪਰ ਧਰਮ-ਅਸਥਾਨਾਂ ਵਿਚ ਗੋਲਕਾਂ ਦੀ ਆਮਦਨ ਵਧੀ ਹੈ।
ਉਪਰੋਕਤ ਤੋਂ ਸਪੱਸ਼ਟ ਹੋ ਜਾਂਦਾ
ਹੈ ਕਿ ਸਿੱਖ-ਇਤਿਹਾਸ ਦੇ ਨਾਂ ‘ਤੇ ਸਤਿਗੁਰਾਂ ਅਤੇ
ਪੁਰਾਤਨ ਸਿੱਖਾਂ ਦੇ ਸਰੀਰਕ ਜਨਮ-ਮਰਨ ਦਿਨ ਮਨਾਉਣ ਨਾਲ ਸਿੱਖ-ਕੌਮ ਦਾ ਭਾਰੀ ਨੁਕਸਾਨ ਹੋਇਆ
ਹੈ। ਇਸ ਲਈ ਆਪਣੇ
ਆਪ ਨੂੰ ਸਿੱਖ ਸਮਝਣ ਵਾਲੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਿੱਖ-ਇਤਿਹਾਸ ਮਨਾਉਣ ਦਾ
ਵਿਸ਼ਾ ਨਹੀਂ ਹੈ ਸਗੋਂ ਇਹ ਸ਼ਬਦ-ਗੁਰੂ ਦੀ ਰਹਿਨੁਮਾਈ ਅਨੁਸਾਰ ਚਲ ਕੇ, ਆਪਣੇ ਇਤਿਹਾਸ ਨੂੰ
ਬਰਕਰਾਰ ਰੱਖਣ ਦਾ ਵਿਸ਼ਾ ਹੈ। ਅੱਜ ਸਿੱਖਾਂ ਕੋਲ ਆਪਣਾ ਕੋਈ ਵੀ ਸਿੱਖ-ਇਤਿਹਾਸ ਅਜਿਹਾ ਨਹੀਂ ਹੈ ਜਿਹੜਾ
ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਤੇ ਸੱਚ ਦੀ ਕਸਵੱਟੀ ਉੱਤੇ ਖਰਾ ਸਾਬਤ ਹੁੰਦਾ ਹੋਵੇ। ਇਸ ਲਈ ਸਿੱਖ-ਇਤਿਹਾਸ ਮਨਾਉਣ ਦੀ
ਥਾਂ ਅਜਿਹਾ ਸਿੱਖ-ਇਤਿਹਾਸ ਲਿਖਿਆ ਜਾਵੇ
ਜਿਸ ਉੱਤੇ ਹਰ ਕੋਈ ਮਾਣ ਕਰ ਸਕੇ।
ਕੀ ਕੈਲੰਡਰਾਂ ਅਨੁਸਾਰ ਦਿਨ-ਦਿਹਾੜੇ ਮਨਾ ਕੇ ਸਿੱਖੀ
ਫੈਲ ਜਾਵੇਗੀ?
ਬਿਲਕੁਲ ਨਹੀਂ। ਜੇਕਰ ਸਿੱਖ, ਬਿਕ੍ਰਮੀ ਕੈਲੰਡਰ ਅਨੁਸਾਰ
ਦਿਨ-ਦਿਹਾੜੇ ਮਨਾ ਕੇ ਸੰਸਾਰ
ਵਿਚ ਸਿੱਖੀ ਦਾ ਪਸਾਰਾ ਨਹੀਂ ਕਰ ਸਕੇ ਤਾਂ ਨਾਨਕ ਸ਼ਾਹੀ ਕੈਲੰਡਰ ਅਨੁਸਾਰ ਦਿਨ-ਦਿਹਾੜੇ ਮਨਾ ਕੇ ਵੀ
ਸਿੱਖੀ ਦਾ ਪਸਾਰਾ ਨਹੀਂ ਕਰ ਸਕਦੇ। ਹੈਰਾਨੀ ਦੀ ਗੱਲ ਹੈ ਕਿ ਬਾਬਾ ਨਾਨਕ ਜੀ ਨੇ ਆਪਣੇ ਸਮੇਂ 70 ਸਾਲ ਦੀ ਉਮਰ ਤਕ ਬਿਨਾਂ ਸਹੂਲਤਾਂ ਅਤੇ ਅਤਿਅੰਤ ਕਠਿਆਈਆਂ ਹੋਣ ਦੇ ਬਾਵਜੂਦ ਦੇਸ-ਵਿਦੇਸ਼ਾਂ ਵਿਚ ਦੂਰ ਦੁਰਾਡੀਆਂ ਥਾਵਾਂ ਤੇ ਜਾ ਜਾ ਕੇ ਸਿੱਖੀ ਦਾ ਪਰਚਾਰ ਕਰਨ ਉਪਰੰਤ ਤਿੰਨ ਕਰੋੜ ਲੋਕਾਂ ਨੂੰ ਸਿੱਖ ਬਣਾਇਆ ਸੀ, ਪਰ ਇਸ ਦੇ ਉਲਟ ਸੰਸਾਰ ਭਰ ਵਿਚ ਗੁਰਦੁਆਰਿਆਂ ਦੇ ਸਿੱਖ ਪ੍ਰਬੰਧਕਾਂ
ਅਤੇ ਪਰਚਾਰਕਾਂ ਕੋਲ ਅਨੇਕਾਂ ਸਹੂਲਤਾਂ ਹੋਣ ਦੇ ਬਾਵਜੂਦ, ਉਹ ਪਿਛਲੇ 70 ਸਾਲ ਤੋਂ ਸੰਸਾਰ ਵਿਚ
ਕੇਵਲ
7 ਵਿਅਕਤੀਆਂ
ਨੂੰ ਵੀ ਅਜਿਹੇ ਸਿੱਖ ਨਹੀਂ ਬਣਾ ਸਕੇ ਜਿਹੜੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਵਿਚ ਚਲਦੇ
ਹੋਣ।
ਹੁਣ
ਸਵਾਲ ਪੈਦਾ ਹੁੰਦਾ ਹੈ ਕਿ ਬਾਬਾ ਜੀ ਨੇ ਦੇਸ-ਵਿਦੇਸਾਂ ਵਿਚ ਦੂਰ-ਦੁਰਾਡੀਆਂ ਥਾਵਾਂ ‘ਤੇ ਜਾ ਜਾ ਕੇ ਕਿਹੜੇ
ਕੈਲੰਡਰਾਂ ਅਨੁਸਾਰ ਦਿਨ-ਦਿਹਾੜੇ ਮਨਾ ਕੇ ਸਿੱਖੀ ਦਾ ਪਰਚਾਰ ਅਤੇ ਪਸਾਰ ਕੀਤਾ ਸੀ?
ਯਾਦ
ਰੱਖੋ ਜੇਕਰ ਪੰਥ ਦਰਦੀ ਸਾਰੇ ਸੰਸਾਰ ਵਿਚ ਸਿੱਖੀ ਦਾ ਪਰਚਾਰ ਅਤੇ ਪਸਾਰ ਕਰਨਾ ਚਾਹੁੰਦੇ ਹਨ ਤਾਂ ਕੇਵਲ
ਬਾਬਾ ਨਾਨਕ ਜੀ ਵਾਂਗ ਕੇਵਲ ਸ਼ਬਦ-ਗੁਰੂ (ਗੁਰੂ ਗ੍ਰੰਥ ਸਾਹਿਬ ਜੀ) ਦੀ ਰਹਿਨੁਮਾਈ ਵਿਚ
ਚਲ ਕੇ ਹੀ ਅਜਿਹਾ ਕਰ ਸਕਦੇ ਹਨ।
ਕੀ ਵਿਦਿਅਕ ਸੰਸਥਾਵਾਂ
ਦੇ ਅਧਿਆਪਕਾਂ/ ਪ੍ਰੋਫ਼ੈਸਰਾਂ ਦੇ ਦਿਨ ਮਨਾਏ ਜਾਂਦੇ
ਹਨ?
ਸੰਸਾਰ ਦਾ ਹਰੇਕ ਮਨੁੱਖ ਆਪਣੇ
ਬਚਪਨ ਵਿਚ ਸਿੱਖਿਆ ਲੈਣ ਲਈ ਸਭ ਤੋਂ ਪਹਿਲਾਂ ਸਕੂਲਾਂ ਤੋਂ ਆਪਣਾ ਸਫ਼ਰ ਸ਼ੁਰੂ ਕਰਦਾ ਹੋਇਆ ਕਾਲਜਾਂ/ਯੂਨੀਵਰਸਿਟੀਆਂ ਤਕ ਪਹੁੰਚ ਜਾਂਦਾ ਹੈ। ਸਕੂਲਾਂ/ਕਾਲਜਾਂ/ਯੂਨੀਵਰਸਿਟੀਆਂ ਦੇ ਵਿਦਿਆਰਥੀ ਆਪਣੇ ਅਧਿਆਪਕਾਂ/ਪ੍ਰੋਫ਼ੈਸਰਾਂ ਤੋਂ ਆਪਣੀ ਆਪਣੀ ਸਿੱਖਿਆ ਹਾਸਲ ਕਰਦੇ ਹਨ। ਸਿੱਖਿਆ ਹਾਸਲ ਕਰਨ ਸਮੇਂ ਵਿਦਿਆਰਥੀ ਆਪਣੇ ਅਧਿਆਪਕਾਂ/ਪ੍ਰੋਫ਼ੈਸਰਾਂ ਦੇ ਕਦੇ ਵੀ ਜਨਮ-ਮਰਨ ਦਿਨ ਨਹੀਂ ਮਨਾਉਂਦੇ ਅਤੇ ਨਾ ਹੀ ਸਿੱਖਿਆ ਪੂਰੀ ਹੋਣ ਉਪਰੰਤ ਆਪਣੀ ਜ਼ਿੰਦਗੀ ਵਿਚ ਕਦੇ ਮਨਾਉਂਦੇ
ਹਨ। ਅਸਲ ਵਿਚ ਆਪਣੇ ਅਧਿਆਪਕਾਂ/ਪ੍ਰੋਫ਼ੈਸਰਾਂ ਦੇ ਜਨਮ-ਮਰਨ ਦਿਨ ਨਾ ਮਨਾਉਣ ਦਾ ਵੱਡਾ ਕਾਰਣ ਇਹ ਹੈ ਕਿ ਵਿਦਿਆਰਥੀਆਂ ਦਾ ਸਬੰਧ ਆਪਣੇ ਅਧਿਆਪਕਾਂ/ ਪ੍ਰੋਫ਼ੈਸਰਾਂ ਵੱਲੋਂ ਦਿੱਤੀ ਜਾ ਰਹੀ ਸਿੱਖਿਆਵਾਂ ਨਾਲ ਹੁੰਦਾ ਹੈ ਨਾ ਕਿ ਉਨ੍ਹਾਂ ਦੇ ਸਰੀਰਾਂ ਨਾਲ।
ਜਿਹੜੇ ਵਿਦਿਆਰਥੀ ਸਕੂਲਾਂ/ਕਾਲਜਾਂ/ਯੂਨੀਵਰਸਿਟੀਆਂ
ਤੋਂ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਆਪਣਾ ਜੀਵਨ ਨਿਰਬਾਹ ਕਰਨ ਲਈ ਵੱਡੇ ਅਹੁਦਿਆਂ ਤੋਂ ਲੈ ਕੇ ਛੋਟੇ
ਅਹੁਦਿਆਂ ਉੱਤੇ ਕੰਮ ਕਰ ਚੁੱਕੇ ਹਨ ਜਾਂ ਕਰ ਰਹੇ ਹਨ। ਇਸ ਤੋਂ ਇਲਾਵਾ ਜਿਹੜੇ ਵਪਾਰ
ਦੇ ਖੇਤਰ ਵਿਚ ਵੱਡੇ ਵਪਾਰ ਤੋਂ ਲੈ ਕੇ ਛੋਟੇ ਵਪਾਰ ਕਰ ਚੁੱਕੇ ਹਨ ਜਾਂ ਕਰ ਰਹੇ ਹਨ , ਉਨ੍ਹਾਂ ਨੂੰ ਇਸ ਮੁਕਾਮ
ਤੇ ਪਹੁੰਚਾਣ ਵਾਲੇ ਸਕੂਲਾਂ/ਕਾਲਜਾਂ/ਯੂਨੀਵਰਸਿਟੀਆਂ
ਦੇ ਅਧਿਆਪਕਾਂ/ਪ੍ਰੋਫ਼ੈਸਰਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਜੇਕਰ ਸਕੂਲਾਂ/ਕਾਲਜਾਂ/ਯੂਨੀਵਰਸਿਟੀਆਂ
ਦੇ ਅਧਿਆਪਕ/ਪ੍ਰੋਫ਼ੈਸਰ ਸਮਾਜ ਨੂੰ ਸਿੱਖਿਅਤ ਨਾ ਕਰਨ ਤਾਂ ਸਮਾਜ ਦੇ ਲੋਕ ਅਨਪੜ੍ਹ ਹੋਣ
ਕਰ ਕੇ ਆਪਣੇ ਧਰਮ-ਗ੍ਰੰਥਾਂ ਨੂੰ ਵੀ ਨਹੀਂ
ਪੜ੍ਹ ਸਕਦੇ।
‘ਨਾਨਕ ਜੋਤਿ’ ਸਤਿਗੁਰਾਂ ਦੇ ਸਰੀਰਕ
ਜਨਮ-ਮਰਨ ਦਿਨ ਮਨਾਉਣ ਵਾਲੇ
ਸਿੱਖਾਂ ਨੂੰ ਸਕੂਲਾਂ/ਕਾਲਜਾਂ/ਯੂਨੀਵਰਸਿਟੀਆਂ
ਦੇ ਵਿਦਿਆਰਥੀਆਂ ਤੋਂ ਸੇਧ ਲੈਣੀ ਚਾਹੀਦੀ ਹੈ। ਜੇਕਰ
ਸੰਸਾਰ ਭਰ ਵਿਚ ਸਕੂਲਾਂ/ਕਾਲਜਾਂ/ਯੂਨੀਵਰਸਿਟੀਆਂ
ਵਿਚ ਪੜ੍ਹਣ ਵਾਲੇ ਸਿੱਖ ਵਿਦਿਆਰਥੀ ਆਪਣੇ ਸਤਿਗੁਰਾਂ ਦੇ ਜਨਮ-ਮਰਨ ਦਿਹਾੜੇ ਮਨਾਉਣੇ ਛੱਡ ਕੇ
ਕੇਵਲ ਸ਼ਬਦ-ਗੁਰੂ ਦੀ ਰਹਿਨੁਮਾਈ
ਵਿਚ ਚਲਣਾ ਸ਼ੁਰੂ ਕਰ ਦੇਣ ਤਾਂ ਕੇਵਲ 5 ਸਾਲਾਂ ਵਿਚ ਹੀ ਬਹੁਤ ਵੱਡੀ ਤਬਦੀਲੀ ਆ ਸਕਦੀ ਹੈ।
ਆਪਣੀਆਂ ਗ਼ਲਤੀਆਂ ਦਾ ਦੋਸ਼ ਬ੍ਰਾਹਮਣ ਨੂੰ ਨਾ ਦਿਉ।
ਆਪਣੇ ਆਪ ਨੂੰ ਸਿੱਖ ਸਮਝਣ ਵਾਲੇ ਲੋਕ, ਆਪਣੇ ਜੀਵਨ ਵਿਚ ਜਨਮ ਤੋਂ ਲੈ ਕੇ ਮੌਤ ਤਕ ਜਿੰਨੇ ਵੀ ਕਾਰਜ ਨਿਭਾਉਂਦੇ
ਹਨ, ਉਹ ਸਾਰੇ ਬ੍ਰਾਹਮਣ ਦੇਵਤਾ ਦੀ ਮਰਿਆਦਾ
ਅਨੁਸਾਰ ਹੀ ਨਿਭਾਉਂਦੇ ਹਨ। ਸਿੱਖੀ-ਸਿਧਾਂਤਾਂ ਅਨੁਸਾਰ ਸਿੱਖਾਂ ਪਾਸੋਂ ਆਪ ਤਾਂ
ਚੱਲਿਆ ਨਹੀਂ ਜਾਂਦਾ, ਪਰ ਆਪਣੀਆਂ ਕਮਜ਼ੋਰੀਆਂ ਅਤੇ ਗ਼ਲਤੀਆਂ
ਦਾ ਸਾਰਾ ਭਾਂਡਾ ਬ੍ਰਾਹਮਣ ਦੇ ਸਿਰ ਉੱਤੇ ਭੰਨਦੇ ਰਹਿੰਦੇ ਹਨ। ਬ੍ਰਾਹਮਣ
ਦੇਵਤਾ ਆਪਣੀ ਕੌਮ ਦੇ ਲੋਕਾਂ ਨੂੰ ਸਦੀਆਂ ਤੋਂ ਆਪਣੀ ਬਣਾਈ ਹੋਈ ਮਰਿਆਦਾ ਅਨੁਸਾਰ ਚਲਾਉਂਦਾ ਆ
ਰਿਹਾ ਹੈ। ਇਸ ਕੰਮ ਵਿਚ ਉਸ ਦੀ ਹਿੰਮਤ ਸਮਝ ਲਉ ਜਾਂ ਉਸ ਦੇ ਪਰਚਾਰ ਦੀ ਤਕਨੀਕ। ਪਰ ਸਿੱਖ ਆਪਣੇ
ਗੁਰੂ ਦੀ ਬਣਾਈ ਸਦੀਵੀ ਮਰਿਆਦਾ ਨੂੰ ਕੇਵਲ 300 ਸਾਲਾਂ
ਵਿਚ ਹੀ ਭੁੱਲ ਗਏ ਕਿਉਂਕਿ ਆਪਣੇ ਆਪ ਨੂੰ ਸਿੱਖ ਸਮਝਣ ਵਾਲੇ ਲੋਕ, ਬ੍ਰਾਹਮਣੀ ਮਰਿਆਦਾ ਨੂੰ ਹੀ ਗੁਰ-ਮਰਿਆਦਾ ਸਮਝ ਕੇ ਆਪਣਾ ਜਨਾਜ਼ਾ ਕੱਢਦੇ ਆ ਰਹੇ ਹਨ। ਇਸ ਵਿਚ ਬ੍ਰਾਹਮਣ ਦਾ ਕਸੂਰ ਨਹੀਂ ਸਗੋਂ ਸਾਰਾ
ਕਸੂਰ ਸਿੱਖ ਭੇਖ ਦੇ ਲੋਕਾਂ ਦਾ ਆਪਣਾ ਹੈ।
ਬ੍ਰਾਹਮਣ ਨੂੰ ਆਪਣਾ ਦੁਸ਼ਮਣ ਨਾ ਬਣਾਉ
ਸਾਰੇ ‘ਨਾਨਕ ਜੋਤਿ’ ਸਤਿਗੁਰਾਂ ਦੀ ਕਿਸੇ ਵੀ ਮਨੁੱਖ, ਕੌਮ ਜਾਂ ਧਰਮ ਨਾਲ ਕੋਈ ਨਫ਼ਰਤ ਜਾਂ ਦੁਸ਼ਮਣੀ ਨਹੀਂ
ਸੀ, ਪਰ ਜਿਹੜੇ ਲੋਕ ਧਰਮ
ਦੇ ਨਾਂ ‘ਤੇ ਝੂਠ ਬੋਲ ਬੋਲ ਕੇ, ਮਨੁੱਖਤਾ ਨੂੰ ਕੁਰਾਹੇ ਪਾ ਕੇ ਲੁੱਟ ਰਹੇ ਸਨ, ਸਤਿਗੁਰਾਂ ਨੇ ਉਨ੍ਹਾਂ ਦੇ ਧਾਰਮਕ ਅਕੀਦਿਆਂ ਨੂੰ
ਸੱਚ ਦੀ ਕਸਵੱਟੀ ਉੱਤੇ ਪਰਖ ਕੇ,
ਉਨ੍ਹਾਂ ਦੇ ਧਰਮ-ਵਿਰੋਧੀ ਕਾਰਨਾਮਿਆਂ ਨੂੰ ਜ਼ਰੂਰ ਰੱਦ ਕਰ ਦਿੱਤਾ
ਸੀ। ਜਿਨ੍ਹਾਂ ਲੋਕਾਂ ਨੂੰ ਕੋਈ ਭੁਲੇਖਾ ਸੀ, ਉਨ੍ਹਾਂ ਨੂੰ ‘ਸੱਚ-ਧਰਮ’ ਦੀ ਸਿੱਖਿਆ ਦੇ ਕੇ ਸੱਚ ਦੇ ਪਾਂਧੀ ਬਣਾਇਆ ਗਿਆ। ਜਿੱਥੋਂ ਤਕ ਬ੍ਰਾਹਮਣ ਦੀ ਗੱਲ ਹੈ ਜਿਹੜੇ ਸਚਿਆਰ
ਬ੍ਰਾਹਮਣ, ਭਗਤ-ਜਨ ਅਤੇ ਭੱਟ-ਜਨ ਸਨ, ਉਨ੍ਹਾਂ ਦੀ ਬਾਣੀ ਨੂੰ ਆਪਣੀ ਬਾਣੀ ਦੇ ਬਰਾਬਰ ਇਕ ਸਮਾਨ ਦਰਜਾ ਦੇ ਕੇ, ਉਨ੍ਹਾਂ ਨੂੰ ਆਪਣੇ ਸਦੀਵੀ ਮਿੱਤਰ ਬਣਾ ਲਿਆ।
ਇਸ
ਦੇ ਉਲਟ ਆਪਣੇ ਆਪ ਨੂੰ ਸਿੱਖ ਸਮਝਣ ਵਾਲੇ ਲੋਕਾਂ ਨੇ ਆਪਣੀਆਂ ਕਮਜ਼ੋਰੀਆਂ ਅਤੇ ਗ਼ਲਤੀਆਂ ਦਾ ਸਾਰਾ
ਭਾਂਡਾ ਬ੍ਰਾਹਮਣ ਦੇ ਸਿਰ ਮੜ੍ਹ ਕੇ,
ਉਸ ਨੂੰ ਆਪਣਾ ਪੱਕਾ
ਦੁਸ਼ਮਣ ਬਣਾ ਲਿਆ ਹੈ। ਇਸ ਲਈ ਸਿੱਖਾਂ ਨੂੰ ਚਾਹੀਦਾ ਹੈ ਕਿ ਬ੍ਰਾਹਮਣ ਨੂੰ ਆਪਣਾ ਦੁਸ਼ਮਣ ਸਮਝਣ ਤੋਂ
ਪਹਿਲਾਂ ਆਪਣੀਆਂ ਗ਼ਲਤੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਸਿੱਖ ਆਪ ਤਾਂ ਆਪਣੇ ਗੁਰੂ ਤੋਂ
ਬਾਗ਼ੀ ਹੋਏ ਫਿਰਦੇ ਹਨ। ਯਾਦ
ਰੱਖੋ ਬ੍ਰਾਹਮਣ ਦੇਵਤਾ
ਕੇਵਲ ਭੇਖੀ ਸਿੱਖਾਂ ਦੇ ਸਿਰ ਉੱਤੇ ਹੀ ਸਵਾਰ ਹੋ ਸਕਦਾ ਹੈ, ਗੁਰਮਤਿ ਦੇ ਧਾਰਨੀ ਸਿੱਖਾਂ ਉੱਤੇ ਨਹੀਂ।
ਜੇਕਰ ਆਪਣੇ ਆਪ ਨੂੰ ਸਿੱਖ
ਸਮਝਣ ਵਾਲੇ ਲੋਕ, ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਹੁਕਮਾਂ
ਅਧੀਨ ਚਲਦੇ ਤਾਂ ਅੱਜ ਬਹੁਤ ਸਾਰੇ ਲੋਕਾਂ ਨੇ ਗੁਰਗੱਦੀ(ਤਖ਼ਤ)ਦੀ ਸ਼ਰਨ ਵਿਚ ਆ ਜਾਣਾ ਸੀ ਜਿਵੇਂ
ਕਸ਼ਮੀਰੀ ਬ੍ਰਾਹਮਣ, ਸਾਰੇ ਦਰਬਾਰ ਛੱਡ ਕੇ ਗੁਰੂ ਦੇ ਦਰਬਾਰ
ਦੀ ਸ਼ਰਨ ਵਿਚ ਆ ਗਏ ਸਨ। ਪਰ ਇਹ ਇਕ ਕੌੜਾ ਸੱਚ ਹੈ ਕਿ ਧਰਮਸਾਲਾਵਾਂ ਵਿਚ ਸਿੱਖਾਂ ਦੀਆਂ ਆਪ
ਹੁਦਰੀਆਂ ਅਤੇ ਗੁਰਮਤਿ-ਵਿਰੋਧੀ ਕਾਰਵਾਈਆਂ ਨੂੰ ਦੇਖ ਕੇ, ਗੁਰੂ ਦੀ ਸ਼ਰਨ ਵਿਚ ਆਉਣ ਦੀ ਥਾਂ ਲੋਕ ਆਪਣੇ ਘਰ
ਬੈਠ ਕੇ ਹੀ ਗੁਰਬਾਣੀ ਪੜ੍ਹਦੇ ਹਨ।
ਸਿੱਖੋ ! ਵੈਦ ਬਣ ਕੇ ਕੌਮ ਦੀ ਨਬਜ਼ ਨੂੰ ਪਛਾਣੋ
ਪੁਰਾਣੇ ਸਮੇਂ ਸਮਾਜ
ਵਿਚ ਲੋਕਾਂ ਦਾ ਇਲਾਜ ਕਰਨ ਵਾਲੇ ਵੈਦ(ਹਕੀਮ) ਹੁੰਦੇ ਸਨ ਪਰ ਅੱਜ ਦੇ ਅਧੁਨਿਕ ਸਮੇਂ ਵਿਚ ਡਾਕਟਰ
ਹੁੰਦੇ ਹਨ। ਬਾਬਾ ਨਾਨਕ ਜੀ ਨੇ
ਆਪਣੇ ਸਮੇਂ ਦੇਖ ਲਿਆ ਸੀ ਕਿ ਆਪਣੇ ਆਪ ਨੂੰ ਵੈਦ ਅਖਵਾਉਣ ਵਾਲੇ ਮਨੁੱਖ ਵੀ ਅਸਲ ਰੋਗਾਂ ਤੋਂ ਅਣਜਾਣ
ਸਨ ਜਿਸ ਕਰ ਕੇ,
ਲੋਕਾਂ
ਦਾ ਸਹੀ ਇਲਾਜ ਨਹੀਂ ਹੋ ਰਿਹਾ ਸੀ। ਬਾਬਾ ਜੀ ਗੁਰਬਾਣੀ ਵਿਚ ਲਿਖਦੇ ਹਨ:
ਸਲੋਕ
ਮ: ੧।।
ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ।।
ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ ।।੧।। (ਗੁ.ਗ੍ਰੰ.ਸਾ.ਪੰਨਾ-1279)
ਅਰਥਾਤ ਮਰੀਜ਼ ਨੂੰ ਦਵਾਈ ਦੇਣ ਲਈ ਹਕੀਮ ਸੱਦਿਆ ਜਾਂਦਾ
ਹੈ ਜਿਹੜਾ
ਮਰੀਜ਼ ਦੀ ਬਾਂਹ ਫੜ ਕੇ, ਨਾੜੀ ਟੋਲਦਾ ਹੈ ਅਤੇ ਮਰਜ਼ ਲੱਭਣ ਦਾ ਜਤਨ ਕਰਦਾ ਹੈ; ਪਰ ਅੰਞਾਣ ਹਕੀਮ ਇਹ ਨਹੀਂ ਜਾਣਦਾ ਕਿ ਪ੍ਰਭੂ
ਤੋਂ ਵਿਛੋੜੇ ਦੀ ਪੀੜ ਬਿਰਹੀ ਬੰਦਿਆਂ ਦੇ ਦਿਲ ਵਿਚ ਹੋਇਆ ਕਰਦੀ ਹੈ।1।
ਜਿਹੜਾ ਮਨੁੱਖ, ਗੁਰੂ ਦਾ ਸਿੱਖ ਬਣ ਜਾਵੇ ਸਮਝੋ, ਉਸ ਨੂੰ ਵੀ ਅਸਲ ਸਿੱਖ
ਅਤੇ ਅਸਲ ਵੈਦ ਕਿਹਾ ਜਾ ਸਕਦਾ ਹੈ। ਗੁਰਬਾਣੀ ਦਾ ਫ਼ੁਰਮਾਨ ਹੈ:
ਸੋ
ਗੁਰੂ ਸੋ ਸਿਖੁ ਕਥੀਅਲੇ ਸੋ ਵੈਦੁ ਜਿ ਜਾਣੈ ਰੋਗੀ।।
ਤਿਸੁ ਕਾਰਣਿ ਕੰਮੁ ਨ ਧੰਧਾ ਨਾਹੀ ਧੰਧੈ ਗਿਰਹੀ ਜੋਗੀ ।।੫।। (ਗੁ.ਗ੍ਰੰ.ਸਾ.ਪੰਨਾ-503)
ਅਰਥਾਤ ਜਿਸ
ਮਨੁੱਖ ਨੇ ਪਰਮਾਤਮਾ ਨੂੰ ਆਪਣੇ ਹਿਰਦੇ
ਵਿਚ ਵਸਾ ਲਿਆ ਹੈ ਉਸ
ਨੂੰ ਅਸਲ ਗੁਰੂ ਕਿਹਾ ਜਾ ਸਕਦਾ ਹੈ, ਉਸ ਨੂੰ ਅਸਲ ਸਿੱਖ ਕਿਹਾ ਜਾ ਸਕਦਾ ਹੈ, ਉਸ ਨੂੰ ਅਸਲ ਵੈਦ ਕਿਹਾ ਜਾ ਸਕਦਾ ਹੈ ਕਿਉਂਕਿ ਉਹ ਹੋਰ ਆਤਮਕ
ਰੋਗੀਆਂ ਦੇ ਰੋਗ ਸਮਝ ਲੈਂਦਾ ਹੈ। ਪਰਮਾਤਮਾ ਦੇ ਸਿਮਰਨ ਦੀ ਬਰਕਤਿ ਨਾਲ ਦੁਨੀਆਂ ਦਾ ਕੰਮ-ਧੰਧਾ ਉਸ ਨੂੰ ਵਿਆਪ ਨਹੀਂ ਸਕਦਾ। ਪ੍ਰਭੂ ਦੇ
ਸਿਮਰਨ ਸਦਕਾ ਉਹ
ਮਾਇਆ ਦੇ ਬੰਧਨ ਵਿਚ ਨਹੀਂ ਫਸਦਾ , ਉਹ ਗ੍ਰਿਹਸਤੀ ਹੁੰਦਾ ਵੀ ਜੋਗੀ ਹੈ।੫।
ਜਗਤ ਗੁਰ ਬਾਬਾ ਨਾਨਕ ਜੀ ਨੇ, ਮਨੁੱਖਤਾ ਦੇ ਮਾਨਸਿਕ ਅਤੇ ਸਰੀਰਕ
ਰੋਗਾਂ ਦਾ ਇਲਾਜ ਕਰਨ ਲਈ ਦੇਸ-ਵਿਦੇਸ਼ਾਂ ਵਿਚ ਦੂਰ ਦੁਰਾਡੀਆਂ ਥਾਵਾਂ ‘ਤੇ ਜਾਣ ਉਪਰੰਤ ‘ਸੱਚ-ਧਰਮ’ ਦਾ ਪ੍ਰਚਾਰ ਕਰ ਕੇ, ਮਨੁੱਖਤਾ ਨੂੰ ਸੱਚ
ਦੇ ਪਾਂਧੀ ਬਣਾ ਕੇ, ਅਰੋਗ ਜੀਵਨ ਦਿੱਤਾ ਸੀ। ਗੁਰੂ ਸਾਹਿਬ ਨੇ ਸੱਚੇ ਵੈਦ ਹੋਣ ਦੇ ਨਾਤੇ ਆਪਣੇ ਤੋਂ ਬਾਅਦ
9
ਹੋਰ
‘ਨਾਨਕ ਜੋਤਿ’ ਵੈਦ ਗੁਰੂ ਬਣ ਕੇ, ਮਨੁੱਖਤਾ ਨੂੰ ਅਰੋਗ
ਜੀਵਨ ਦੇਣ ਲਈ ‘ਸੱਚ-ਧਰਮ’ ਦਾ ਪਰਚਾਰ ਕੀਤਾ। ‘ਨਾਨਕ ਜੋਤਿ’ ਵੈਦ ਗੁਰੂ ਗੋਬਿੰਦ
ਸਿੰਘ ਜੀ ਨੇ
1708 ਈ: ਵਿਚ ਆਪਣੇ ਤੋਂ ਮਗਰੋਂ
ਗੁਰੂ ਗ੍ਰੰਥ ਸਾਹਿਬ ਜੀ ਨੂੰ ‘ਸਦੀਵੀ ਗੁਰਿਆਈ ਦੇ ਦਿੱਤੀ ਸੀ ਤਾਂ ਜੋ ਗੁਰੂ ਦੇ ਸਿੱਖ, ਗੁਰੂ ਗ੍ਰੰਥ ਸਾਹਿਬ
ਜੀ ਦੀ ਰਹਿਨੁਮਾਈ ਅਨੁਸਾਰ ਰਹਿੰਦੀ ਦੁਨੀਆਂ ਤਕ ਅਸਲ ਵੈਦ ਸਿੱਖ ਬਣ ਕੇ, ਮਨੁੱਖਤਾ ਨੂੰ ਅਰੋਗ
ਜੀਵਨ ਦੇਣ ਵਿਚ ਆਪਣਾ ਯੋਗਦਾਨ ਪਾਉਂਦੇ ਰਹਿਣ।
ਪਰ ਅਫਸੋਸ ਹੈ ਕਿ ਬਾਬਾ ਨਾਨਕ ਜੀ ਦੇ ਜਿਹੜੇ ਸਿੱਖਾਂ ਨੇ ਵੈਦ ਬਣ ਕੇ ਮਨੁੱਖਤਾ ਦਾ ਸਹੀ ਇਲਾਜ ਕਰਨਾ ਸੀ, ਉਹ ਅੱਜ ਆਪ ਹੀ ਮਾਨਸਿਕ ਤੌਰ ‘ਤੇ ਰੋਗੀ ਹਨ। ਬਾਬਾ ਨਾਨਕ ਨੇ ਮਨੁੱਖਤਾ ਦਾ
ਰਹਿੰਦੀ ਦੁਨੀਆਂ ਤਕ ਇਲਾਜ ਕਰਨ ਲਈ ਜਿਸ ਸ਼ਬਦ-ਗੁਰੂ ਦੀ ਸਿੱਖਿਆ ਦਿੱਤੀ ਸੀ, ਉਸ ਸਿੱਖਿਆ ਨੂੰ ਛੱਡ
ਕੇ ਸਤਿਗੁਰਾਂ ਦੇ ਸਰੀਰਾਂ ਨਾਲ ਜੁੜ ਕੇ ਉਨ੍ਹਾਂ ਦੇ ਜਨਮ-ਮਰਨ ਦੇ ਦਿਹਾੜੇ ਮਨਾਣ ਲਈ ਅਖੰਡ
ਪਾਠ ਕਰਨ ਲੱਗ ਪਏ ਹਨ।
ਸ਼ਬਦ-ਗੁਰੂ ਦੀ ਸਿੱਖਿਆ ਤੋਂ ਭਟਕੇ ਹੋਏ ਸਿੱਖਾਂ ਨਾਲੋਂ
ਤਾਂ ਉਹ ਵਿਦਿਆਰਥੀ ਚੰਗੇ ਹਨ ਜਿਹੜੇ ਐਮ.ਬੀ.ਬੀ.ਐਸ. ਕਰ ਰਹੇ ਹਨ ਕਿਉਂਕਿ
ਅਜਿਹੇ ਵਿਦਿਆਰਥੀ ਆਪਣੀ ਡਾਕਟਰੀ ਨਾਲ ਸੰਬੰਧਤ ਕਿਤਾਬਾਂ ਦੇ ਰਚਨਹਾਰ ਡਾਕਟਰਾਂ ਦੇ ਜਨਮ-ਮਰਨ ਦਿਨ ਮਨਾਉਣ ਲਈ
ਆਪਣੀਆਂ ਕਿਤਾਬਾਂ ਦੇ ਅਖੰਡ ਪਾਠ ਨਹੀਂ ਕਰਦੇ। ਉਹ ਆਪਣੀਆਂ ਡਾਕਟਰੀ ਵਾਲੀਆਂ ਕਿਤਾਬਾਂ ਨੂੰ ਦਿਨ-ਰਾਤ ਮਿਹਨਤ ਨਾਲ ਪੜ੍ਹਣ
ਅਤੇ ਸਮਝਣ ਉਪਰੰਤ ਇਮਤਿਹਾਨ ਦੇਂਦੇ ਹਨ। ਜਿਹੜੇ ਵਿਦਿਆਰਥੀ ਡਿਗਰੀਆਂ ਹਾਸਲ ਕਰਨ ਵਿਚ ਸਫ਼ਲ ਹੋ ਜਾਂਦੇ
ਹਨ,
ਉਹ
ਸਮਾਜ ਦੇ ਲੋਕਾਂ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਲਈ ਹਸਪਤਾਲਾਂ/ਡਿਸਪੈਂਸਰੀਆਂ ਵਿਚ ਆਪਣੀਆਂ ਸੇਵਾਵਾਂ
ਦੇਣ ਲਈ ਹਾਜ਼ਰ ਰਹਿੰਦੇ ਹਨ। ਯਾਦ ਰੱਖੋ! ਸਿਆਣੇ, ਨਿਪੁੰਨ ਅਤੇ ਤਜ਼ਰਬੇਕਾਰ ਡਾਕਟਰ ਹੀ ਮਨੁੱਖਤਾ ਦਾ ਸਹੀ
ਇਲਾਜ ਕਰਨ ਦੇ ਸਮਰੱਥ ਹੁੰਦੇ ਹਨ। ਇਸ ਦੇ ਉਲਟ ਝੋਲਾ ਛਾਪ ਡਾਕਟਰ ਜਾਂ ਨਕਲੀ ਡਾਕਟਰ ਮਨੁੱਖਤਾ
ਦਾ ਇਲਾਜ ਨਹੀਂ ਕਰ ਸਕਦੇ ਕਿਉਂਕਿ ਕਹਾਵਤ ਹੈ
ਨੀਮ ਹਕੀਮ ਖਤਰਾਏ ਜਾਨ। ਰੋਗੀ ਮਾਨਸਿਕਤਾ ਵਾਲੇ
ਸਿੱਖ ਪਰਚਾਰਕ ਵੀ ਸਿੱਖੀ ਦਾ ਪਰਚਾਰ ਨਹੀਂ ਕਰ ਸਕਦੇ।
ਜਿਨ੍ਹਾਂ ਧਰਮਸਾਲਾਵਾਂ
ਵਿਚ ‘ਨਾਨਕ ਜੋਤਿ’ ਸਤਿਗੁਰਾਂ ਨੇ ਸੱਚੇ ਵੈਦ ਬਣ ਕੇ, ਮਨੁੱਖਤਾ ਦੇ ਮਾਨਸਿਕ ਅਤੇ ਸਰੀਰਕ ਰੋਗਾਂ ਦਾ ਇਲਾਜ ਕਰ ਕੇ
ਅਰੋਗ ਕੀਤਾ ਜਾਂਦਾ ਸੀ, ਹੁਣ ਉਨ੍ਹਾਂ ਧਰਮਸਾਲਾਵਾਂ ਵਿਚ ਝੋਲਾ ਛਾਪ ਭੇਖੀ ਵੈਦਾਂ ਦਾ ਕਬਜ਼ਾ ਹੋ ਗਿਆ
ਹੈ,
ਜਿਨ੍ਹਾਂ
ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਦੀ ਬਿਲਕੁਲ ਸੋਝੀ ਨਹੀਂ ਹੈ। ਹੁਣ ਧਰਮਸਾਲਾਵਾਂ ਵਿਚ ਗੁਰੂ
ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਹੁਕਮਾਂ ਉੱਤੇ ਅਮਲ ਕਰਨ ਦੀ ਥਾਂ ਅਖੰਡ-ਪਾਠਾਂ ਰਾਹੀਂ ਮਨੁੱਖਤਾ
ਦਾ ਇਲਾਜ ਕਰਨਾ ਸ਼ੁਰੂ ਕੀਤਾ ਹੋਇਆ ਹੈ। ਅਖੰਡ ਪਾਠਾਂ ਨਾਲ ਮਨੁੱਖਤਾ ਦਾ ਇਲਾਜ ਤਾਂ ਨਹੀਂ ਹੋ ਸਕਦਾ
ਪਰ ਅਖੰਡ ਪਾਠਾਂ ਦੇ ਨਾਂ ‘ਤੇ ਮਾਇਆ ਜ਼ਰੂਰ ਇਕੱਠੀ ਕੀਤੀ ਜਾ ਰਹੀ ਹੈ। ਅੱਜ ਗੁਰੂ ਗ੍ਰੰਥ ਸਾਹਿਬ ਜੀ
ਦੀ ਗੁਰਬਾਣੀ ਕੇਵਲ ਅਖੰਠ-ਪਾਠਾਂ ਜਾਂ ਮ੍ਰਿਤਕਾਂ ਦੇ ਭੋਗ ਪਾਉਣ ਵਾਸਤੇ ਵਰਤੀ ਜਾ ਰਹੀ ਹੈ।
ਜਦੋਂ ਆਪਣੇ ਆਪ ਨੂੰ ਸਿੱਖ ਸਮਝਣ ਵਾਲੇ ਲੋਕ ਸਰੀਰਕ ਤੌਰ ਤੇ
ਕਿਸੇ ਬਿਮਾਰੀ ਕਾਰਣ ਪੀੜਤ ਹੁੰਦੇ ਹਨ ਤਾਂ ਉਹ ਆਪਣੇ ਡਾਕਟਰ ਦੀ ਸਲਾਹ ਨੂੰ ਬੜੇ ਧਿਆਨ ਨਾਲ ਸੁਣਦੇ
ਹਨ ਅਤੇ ਉਸ ਉੱਤੇ ਅਮਲ ਵੀ ਕਰਦੇ ਹਨ। ਜਿਹੜੇ ਆਪਣੇ ਡਾਕਟਰ ਦੀ ਸਲਾਹ ਨਹੀਂ ਮੰਨਦੇ ਉਹ ਕਦੇ ਵੀ ਅਰੋਗ
ਜੀਵਨ ਬਤੀਤ ਨਹੀਂ ਕਰ ਸਕਦੇ।
ਡਾ. ਕੁਲਦੀਪ ਸਿੰਘ ਜੀ ਨੇ ਆਪਣੇ ਵੈਦ ਗੁਰੂ ਬਾਬਾ ਨਾਨਕ ਜੀ ਦੀ ਸਿੱਖਿਆ ਨੂੰ ਸਮਝ ਕੇ 24-25 ਸਾਲ ਪਹਿਲਾਂ ਸਿੱਖ-ਕੌਮ ਦੀ ਸਹੀ ਨਬਜ਼ ਪਛਾਣ ਲਈ ਸੀ ਕਿ ਸਿੱਖ-ਕੌਮ ਮਾਨਸਿਕ
ਤੌਰ ਤੇ ਰੋਗੀ ਹੋ ਚੁੱਕੀ ਹੈ। ਜਦੋਂ ਤਕ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਲੋਕ, ਸਤਿਗੁਰਾਂ ਦੇ ਸਰੀਰਕ ਜਨਮ-ਮਰਨ ਦਿਨ-ਦਿਹਾੜੇ ਮਨਾਉਣ ਦੀ ਬਜਾਏ ‘ਸ਼ਬਦ-ਗੁਰੂ’ ਦੀ ਸਿੱਖਿਆ ਨੂੰ ਆਪਣੇ ਜੀਵਨ ਵਿਚ ਨਹੀਂ ਕਮਾਉਂਦੇ, ਉਦੋਂ ਤਕ ਸਿੱਖ-ਕੌਮ ਦੀ ਚੜ੍ਹਦੀਕਲਾ ਨਹੀਂ ਹੋ ਸਕਦੀ। ਇਕ ਸਿੱਖ ਡਾਕਟਰ ਦੀ ਸਲਾਹ ਵਿਚ ਬਹੁਤ ਵੱਡੀ ਸੱਚਾਈ ਛੁਪੀ ਹੋਈ ਹੈ। ਇਸ ਸਲਾਹ ਨੂੰ ਮੰਨਣ ਵਿਚ ਹੀ
ਸਿੱਖਾਂ ਦੀ ਭਲਾਈ ਹੈ।
ਜਿੱਥੋਂ ਤਕ ਮੇਰੀ ਆਪਣੀ ਗੱਲ ਹੈ ਕਿ ਸਿੱਖ ਡਾਕਟਰ ਦੀ ਗੁਰਮਤਿ ਅਨੁਸਾਰੀ ਸਲਾਹ ਮੰਨਦੇ ਹੋਏ, ਮੈਂ ਆਪਣੇ ਸਤਿਗੁਰਾਂ ਦੇ ਸਰੀਰਕ ਜਨਮ-ਮਰਨ ਦੇ ਦਿਨ-ਦਿਹਾੜੇ ਮਨਾਉਣ ਵਾਲੇ ਚੱਕਰਾਂ ਵਿਚੋਂ ਪੂਰੀ ਤਰ੍ਹਾਂ ਨਿਕਲ ਗਿਆ ਹਾਂ। ਇਸ ਤੋਂ ਇਲਾਵਾ ਨਾ ਤਾਂ ਆਪਣੇ ਪਰਵਾਰ ਵਿਚ ਕੋਈ ਬ੍ਰਾਹਮਣੀ ਰੀਤਾਂ-ਰਸਮਾਂ ਜਾਂ ਕੋਈ ਤਿਉਹਾਰ ਮਨਾਉਂਦਾ ਹਾਂ ਅਤੇ ਨਾ ਹੀ ਆਪਣੇ ਪਰਵਾਰ ਦੇ ਕਿਸੇ ਮੈਂਬਰ ਦੇ ਜਨਮ-ਮਰਨ ਦਿਨ ਮਨਾਉਂਦਾ ਹਾਂ। ਘਰ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਸਿੱਖਿਆ ਤੋਂ ਸੇਧ ਲੈਣੀ ਦੀ ਕੋਸ਼ਿਸ਼ ਕਰਦਾ ਹਾਂ ਅਤੇ ਸਿੱਖ-ਇਤਿਹਾਸ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਤੇ ਸੱਚ ਦੀ ਕਸਵੱਟੀ ਉੱਤੇ ਖਰਾ ਉਤਰਦਾ ਹੈ, ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹਾਂ। ਸਿੱਖ ਡਾਕਟਰ ਦਾ ਦਿਲੋਂ ਧੰਨਵਾਦ।
ਦਵਿੰਦਰ ਸਿੰਘ ਆਰਟਿਸਟ
97815-09768