Punjabi Articles
ਵਿਵੇਕੀ ਸਿੱਖ਼ੀ, ਸਰਬ-ਸਾਂਝਾ ਧਰਮ

ਮਨੁੱਖੀ ਬੌਧਿਕ ਗਿਆਨ ਅਤੇ ਵਿਗਆਨ ਦੇ ਵਿਕਾਸ ਨਾਲ ਨਾਲ ਅਧਿਆਤਮਕ ਗਿਆਨ, ਧਾਰਮਿਕ ਸੰਕਲਪਾਂ ਅਤੇ ਸੰਸਕਾਰਾਂ ਵਿਚ ਵੀ ਪਰਿਵਰਤਨ ਆਉਂਦਾ ਗਿਆ। ਧਰਮ ਦੇ ਦੋ ਵਿਸ਼ੇਸ਼ ਅੰਗਾਂ, ਅਧਿਆਤਮਕ ਗਿਆਨ ਅਤੇ ਵਿਸ਼ਵਾਸ ਵਿਚੋਂ ਜਿੱਥੇ ਸਨਾਤਨ ਜਾਂ ਪੁਰਾਤਨ ਧਰਮਾਂ ਵਿਚ ਵਿਸ਼ਵਾਸ ਨੂੰ ਨਵੇਕਲੀ ਥਾਂ ਪ੍ਰਦਾਨ ਹੈ ਓਥੇ ਨਵੇਂ ਧਰਮਾਂ ਵਿਚ ਅਧਿਆਤਮਕ ਗਿਆਨ ਨੂੰ ਵਧੇਰੈ ਥਾਂ ਮਿਲ਼ੀ ਹੋਈ ਹੈ। ਦੁਨੀਆਂ ਦੇ ਪੰਜ ਸ੍ਰੇਸ਼ਟ ਧਰਮਾਂ ਵਿਚੋਂ ਸਾਰਿਆਂ ਨਾਲ਼ੋਂ ਨਵੀਨ ਧਰਮ ਹੋਣ ਕਰਕੇ ਸਿੱਖ਼ ਧਰਮ ਵਿਚ ਅਧਿਆਤਮਕ ਗਿਆਨ ਦਾ ਬੋਲ ਬਾਲਾ ਹੈ।
ਆਦਿ, ਪੁਰਾਤਨ ਅਤੇ ਮੱਧਕਾਲੀ ਸਮਿਆਂ ਵਿਚ ਵਿਦਵਤਾ ਦੀ ਘਾਟ ਕਾਰਨ ਮਨੁੱਖਤਾ ਦੇ ਹਰ ਖੇਤਰ ਵਿਚ ਅਗਿਆਨਤਾ ਦਾ ਬੋਲ ਬਾਲਾ ਸੀ। ਅਗਿਆਨਤਾ ਤੋਂ ਅੰਧਵਿਸ਼ਵਾਸ, ਅੰਨ੍ਹੀਂ ਸ਼ਰਧਾ, ਭਰਮ ਭਉ, ਮੂਰਤੀ/ਵਿਅਕਤੀ ਪੂਜਾ, ਬਲੀਦਾਨ, ਫੋਕਟ ਕਰਮਕਾਂਡ, ਕੱਟੜਪੁਣਾ, ਆਦਿ ਜਨਮ ਲੈਂਦੇ ਹਨ। ਇਸ ਤੱਥ ਤੋਂ ਕੁਟਿਲ ਧਾਰਮਿਕ ਆਗੂ ਭਲੀ ਪ੍ਰਕਾਰ ਜਾਣੂ ਸਨ ਕਿ ਅੰਧਵਿਸ਼ਵਾਸ ਅਤੇ ਅੰਨ੍ਹੀਂ ਸ਼ਰਧਾ ਵਸ ਲੋਕਾਂ ਨੂੰ ਸੌਖਾ ਗੁਮਰਾਹ ਕੀਤਾ ਜਾ ਸਕਦਾ ਹੈ, ਅਤੇ ਉਹ ਇਸ ਤੱਥ ਨੂੰ ਮੁੱਢ ਕਦੀਮ ਤੋਂ ਨਿਜੀ ਸੁਆਰਥ ਲਈ ਮੰਤਰ ਵਜੋਂ ਵਰਤਦੇ ਆਏ ਹਨ। ਲੋਕਾਈ ਵਿਚ ਅੰਧਵਿਸ਼ਵਾਸ ਅਤੇ ਅੰਨ੍ਹੀ ਸ਼ਰਧਾ ਕਾਇਮ ਰੱਖ ਕੇ ਲੁੱਟ ਮਾਰ ਹਿਤ ਹਿੰਦੂ ਧਰਮ ਦੇ ਆਗੂ ਬ੍ਰਾਹਮਣ ਨੇ ਵਿਦਵਤਾ ਅਤੇ ਅਧਿਆਤਮਕ ਗਿਆਨਤਾ ਦੇ ਅਧਿਕਾਰ ਬ੍ਰਾਹਮਣ, ਵੈਸ਼ ਅਤੇ ਖੱਤਰੀ ਵਰਨਾਂ ਵਾਸਤੇ ਰਾਖਵੇਂ ਰੱਖੇ ਹੋਏ ਸਨ। ਜਪ ਤਪ ਜਾਂ ਵੇਦਾਂ ਦਾ ਪਾਠ ਸੁਨਣ ਵਾਲੇ ਸ਼ੂਦ੍ਰ ਦੇ ਕੰਨਾਂ ਵਿਚ ਸਿੱਕਾ ਢਾਲ਼ ਕੇ ਪਾਉਣ ਅਤੇ ਪਾਠ ਪੜਨ੍ਹ ਵਾਲ਼ੇ ਦੀ ਜੀਭ ਕੱਟਣ ਜਾਂ ਉਸ ਨੂੰ ਮਾਰਨ ਦੇ ਦੰਡ ਦਿੱਤੇ ਜਾਣ ਬਾਰੇ ਪੜਨ੍ਹ ਸੁਨਣ ਵਿਚ ਆਉਂਦਾ ਹੈ।
ਸ਼ੂਦ੍ਰ ਨੂੰ ਅਕਲ ਨਾ ਸਿਖਾਵੇ, ਧਰਮ ਦਾ ਉਪਦੇਸ਼ ਨਾ ਕਰੇ, ਬ੍ਰਤ ਆਦਿਕ ਨਾ ਦੱਸੇ। ਜੋ ਸ਼ੂਦ੍ਰ ਨੂੰ ਇਹ ਗਲਾਂ ਸਿਖਾੳਂਦਾ ਹੈ ਉਹ ਅਨ੍ਹੇਰ ਘੁੱਪ ਨਰਕ ਵਿਚ ਜਾ ਪੈਂਦਾ ਹੈ। ਵਸਿਸ਼ਟ ਸੰਹਿਤਾ
ਜੋ ਸ਼ੂਦਰ ਜਪ, ਹੋਮ ਕਰੇ, ਰਾਜਾ ਉਸ ਨੂੰ ਮਰਵਾ ਦੇਵੇ। ਅਤ੍ਰਿ ਸੰਹਿਤਾ ਅਧਿ:18
ਬ੍ਰਾਹਮਣ ਨੇ ਅੰਨ੍ਹੀ ਸ਼ਰਧਾ ਅਤੇ ਅੰਧਵਿਸ਼ਵਾਸ ਵਸ ਹਿੰਦੂ ਸਮਾਜ ਨੂੰ ਨਰਕ/ਸੁਰਗ, ਪਾਪ/ਪੁਨ, ਦਾਨ, ਦਸ਼ਨਾ, ਸ਼ੁਭ/ਅਸ਼ੁਭ ਗਰਹਿ/ਮਹੂਰਤ, ਤੀਰਥ ਅਸ਼ਨਾਨ, ਯੱਗ, ਸ਼ਰਾਧ, ਆਦਿ ਦੇ ਭਰਮ ਭੁਲੇਖਿਆਂ ਵਿਚ ਵੀ ਪਾਇਆ ਹੋਇਆ ਸੀ।
ਇਸਲਾਮ ਦੇ ਕੱਟੜਪੰਥੀ ਧਾਰਮਿਕ ਆਗੂ ਕਾਜ਼ੀ, ਮੁੱਲਾਂ ਅਤੇ ਰਾਜਸੀ ਆਗੂ ਵੀ ਧਰਮ ਦੇ ਨਾਂ ਤੇ ਲੋਕਾਂ ਉੱਤੇ ਅਤਿਆਚਾਰ ਕਰਦੇ ਸਨ। ਹਿੰਦੂ ਜਬਰਨ ਮੁਸਲਮਾਨ ਬਣਾਏ ਜਾਂਦੇ ਸਨ। ਦੋਵਾਂ ਧਰਮਾਂ ਦੀਆਂ ਇਸਤ੍ਰੀਆਂ ਦੀ ਦਸ਼ਾ ਤਰਸ-ਯੋਗ ਸੀ।
ਤਰਕਸ਼ੀਲ ਅਤੇ ਸੁਧਾਰਕ ਗੁਰੂ ਨਾਨਕ ਦੇਵ ਜੀ ਨੂੰ ਇਹ ਅੰਧਵਿਸ਼ਵਾਸੀ ਧਾਰਮਿਕ ਸੰਕਲਪ, ਸੰਸਕਾਰ, ਕਰਮ ਅਤੇ ਸਮਾਜਕ ਅਤਿਆਚਾਰ ਪਰਵਾਨ ਨਹੀਂ ਸਨ। ਬਾਲ ਅਵਸਥਾ ਵਿਚ ਹੀ ਸੁਧਾਰਕ ਸੁਭਾ ਵਾਲ਼ੇ ਹੋਣ ਕਰਕੇ ਉਹਨਾਂ ਨੇ ਬੜੀ ਦਲੇਰੀ ਨਾਲ ਧਾਰਮਿਕ ਅਤੇ ਰਾਜਸੀ ਆਗੂਆਂ ਨੂੰ ਵੰਗਾਰਿਆ ਹੀ ਨਹੀਂ ਸਗੋਂ ਉਹਨਾਂ ਦੇ ਅੰਧਵਿਸ਼ਵਾਸੀ ਧਾਰਮਿਕ ਕਰਮਕਾਂਡਾਂ, ਕੁਕਰਮਾਂ, ਪਖੰਡਾਂ ਅਤੇ ਸਮਾਜਕ ਅਤਿਆਚਾਰ ਦੀ ਨਖੇਧੀ ਵੀ ਕੀਤੀ।
ਮਾਣਸ ਖਾਣੇ ਕਰਹਿ ਨਿਵਾਜ॥ ਛੁਰੀ ਵਗਾਇਨਿ ਤਿਨ ਗਲਿ ਤਾਗ॥
ਤਿਨ ਘਰਿ ਬ੍ਰਹਮਣ ਪੂਰਹਿ ਨਾਦ॥ ਉਨ੍ਹਾ ਭਿ ਆਵਹਿ ਓਈ ਸਾਦ॥
ਕੂੜੀ ਰਾਸਿ ਕੂੜਾ ਵਾਪਾਰ॥ ਕੁੜੁ ਬੋਲਿ ਕਰਹਿ ਆਹਾਰੁ॥
ਸਰਮ ਧਰਮ ਕਾ ਡੇਰਾ ਦੂਰਿ॥ ਨਾਨਕ ਕੂੜੁ ਰਹਿਆ ਭਰਪੂਰਿ॥ ਆਸਾ ਦੀ ਵਾਰ, ਮ: 1 ਪਨਾਂ 471
ਅਰਥ:- (ਕਾਜ਼ੀ ਤੇ ਮੁਸਲਮਾਨ ਹਾਕਮ) ਹਨ ਤਾਂ ਵੱਢੀ ਖੋਰ, ਪਰ ਪੜ੍ਹਦੇ ਹਨ ਨਮਾਜ਼ਾਂ। (ਇਹਨਾਂ ਦੇ ਮੁਨਸ਼ੀ ਖਤ੍ਰੀ) ਛੁਰੀ ਚਲਾਂਦੇ ਹਨ (ਭਾਵ ਗਰੀਬਾਂ ਉੱਤੇ ਜ਼ੁਲਮ ਕਰਦੇ ਹਨ), ਪਰ ਉਹਨਾਂ ਦੇ ਗਲ ਵਿਚ ਜਨੇਊ ਹਨ। ਇਹਨਾਂ (ਜ਼ਾਲਮ ਖਤ੍ਰੀਆਂ) ਦੇ ਘਰ ਵਿਚ ਬ੍ਰਾਹਮਣ ਜਾ ਕੇ ਸੰਖ ਵਜਾਂਦੇ ਹਨ, ਤਾਂ ਤੇ ਉਹ ਬ੍ਰਾਹਮਣ ਵੀ ਉਹੀ (ਜ਼ੁਲਮ ਦੀ ਖੱਟੀ ਦਾ) ਸੁਆਦ ਮਾਣਦੇ ਹਨ। ਇਹ ਕੂੜੀ ਪੂੰਜੀ ਅਤੇ ਕੂੜਾ ਵਾਪਾਰ ਹੈ। ਕੂੜ ਬੋਲ ਬੋਲ ਕੇ ਇਹ ਨਿਰਬਾਹ ਕਰਦੇ ਹਨ। ਸ਼ਰਮ ਧਰਮ ਦਾ ਡੇਰਾ (ਇਹਨਾਂ ਦੇ ਮਨਾਂ ਤੋਂ) ਦੂਰ ਹੋ ਚੁਕਾ ਹੈ। ਹੇ ਨਾਨਕ! ਸਭ ਥਾਈਂ ਕੂੜ ਹੀ ਵਰਤ ਰਿਹਾ ਹੈ। ਸ੍ਰੀ: ਗ੍ਰ: ਗ੍ਰੰ: ਸਾ: ਦਰਪਨ, ਸੈਂਚੀ 3 ਪਨਾਂ 671
ਮਥੈ ਟਿਕਾ ਤੇੜਿ ਧੋਤੀ ਕਖਾਈ॥ ਹਥਿ ਛੁਰੀ ਜਗਤ ਕਸਾਈ॥
ਨੀਲ ਬਸਤ੍ਰ ਪਹਿਰਿ ਹੋਵਹਿ ਪਰਵਾਣੁ॥ ਮਲੇਛ ਧਾਨੁ ਲੇ ਪੂਜਹਿ ਪੁਰਾਣੁ॥ ।
ਕਹੁ ਨਾਨਕ ਸਚੁ ਧਿਆਈਐ॥ ਸੁਚਿ ਹੋਵੈ ਤਾ ਸਚੁ ਪਾਈਐ॥ ਆਸਾ ਦੀ ਵਾਰ, ਮ: 1 ਪਨਾਂ 471
ਅਰਥ:- (ਇਹ ਖਤ੍ਰੀ) ਮੱਥੇ ਉੱਤੇ ਟਿਕਾ ਲਾਂਦੇ ਹਨ, ਤੇੜ ਗੇਰੂਏ ਰੰਗੀ ਧੋਤੀ (ਬੰਨ੍ਹਦੇ ਹਨ) ਪਰ ਹੱਥ ਵਿਚ (ਮਾਨੋ) ਕਸਾਈ ਵਾਂਗੂੰ ਛੁਰੀ ਫੜੀ ਹੋਈ ਹੈ (ਦਾਅ ਲੱਗੇ ਜੀਆ ਘਾਤ ਕਰਦੇ ਹਨ) ਨੀਲੇ ਕਪੜੇ ਪਾ ਕੇ (ਮੁਸਲਮਾਨੀ ਹਾਕਮਾਂ ਦੀ ਨੌਕਰੀ ਲਈ) ਪਰਵਾਨ ਹੁੰਦੇ ਹਨ। (ਜਿਨ੍ਹਾਂ ਨੂੰ) ਮਲੇਛ (ਆਖਦੇ ਹਨ ਉਹਨਾਂ ਤੋਂ) ਅੰਨ ਦਾਣਾ ਲੈਂਦੇ ਹਨ ਅਤੇ (ਘਰ ਆ ਕੇ) ਪੁਰਾਣ ਪੂਜਦੇ ਹਨ। ਹੇ ਨਾਨਕ! ਆਖ, ਪ੍ਰਭੂ ਨੂੰ ਧਿਆਉਣਾ ਚਾਹੀਦਾ ਹੈ, ਤਾਂ ਹੀ ਸੁੱਚੇ ਹੋਈਦਾ ਹੈ ਅਤੇ ਸੱਚੇ ਪ੍ਰਭੂ ਨੂੰ ਪਾਈਦਾ ਹੈ। ਸੈਂਚੀ 3, ਪਨਾਂ 672-3
ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿ ਬੈਠੇ ਸੁਤੇ॥ ਚਾਕਰ ਨਹਦਾ ਪਾਇਨਿ ਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥ ਜਿਥੈ ਜੀਆਂ ਹੋਸੀ ਸਾਰ॥ ਨਕੀ ਵਢੀ ਲਾਇਤਬਾਰ॥ ਰਾਗੁ ਮਲਾਰ ਕੀ ਵਾਰ, ਮ: 1, ਪਨਾ 1288
ਅਰਥ:- ਰਾਜੇ (ਮਾਨੋ) ਸ਼ੇਰ ਹਨ (ਉਹਨਾਂ ਦੇ) ਹਾਕਮ (ਮਾਨੋ) ਕੁੱਤੇ ਹਨ ਜੋ ਬੈਠੇ ਸੁੱਤੇ ਲੋਕਾਂ ਨੂੰ ਜਾ ਜਗਾਂਦੇ (ਦੁਖੀ ਕਰਦੇ) ਹਨ। (ਇਹ) ਚਾਕਰ (ਮਾਨੋ ਰਾਜੇ ਸ਼ੇਰਾਂ ਦੀਆਂ) ਨਹੁੰਦਰਾਂ ਹਨ (ਜੋ ਲੋਕਾਂ ਦਾ) ਘਾਤ ਕਰਦੀਆਂ ਹਨ, (ਰਾਜੇ ਸ਼ੀਂਹ ਇਹਨਾਂ ਮਕੱਦਮ) ਕੁੱਤਿਆਂ ਦੀ ਰਾਹੀਂ (ਲੋਕਾਂ ਦਾ) ਲਹੂ ਪੀਂਦੇ ਹਨ। ਜਿੱਥੇ ਜੀਵਾਂ (ਦੇ ਕਰਮਾਂ) ਦੀ ਪਰਖ ਹੋਣੀ ਹੈ ਓਥੇ ਨੱਕ ਵੱਢੇ (ਇਹ ਰਾਜ ਤੇ ਮੁਕੱਦਮ) ਬੇਪ੍ਰਤੀਤੇ (ਸਮਝੇ ਜਾਂਦੇ ਹਨ) ਸ੍ਰੀ ਗੁ: ਗ੍ਰੰ: ਸਾ: ਦਰਪਨ, ਸੈਂਚੀ 9, ਪਨਾਂ 321-2
ਵਿਵੇਕੀ ਧਰਮ ਦੀ ਨੀਂਹ
ਫੋਕਟ ਧਾਰਮਿਕ ਕਰਮਕਾਂਡ, ਭਰਮਾਊ ਰਹੁਰੀਤੀਆਂ, ਸਮਾਜਿਕ ਅਤੇ ਰਾਜਸੀ ਦੁਰਾਚਾਰ, ਭ੍ਰਿਸ਼ਟਾਚਾਰ, ਅਨਰਥ, ਅਤਿਆਚਾਰ ਆਦਿ ਅਨੁਭਵ ਕਰਨ ਵਾਲ਼ੇ ਕੋਮਲ ਅਤੇ ਸੁਧਾਰਕ ਸੁਭਾ ਗੁਰੂ ਨਾਨਕ ਦੇਵ ਜੀ ਨੇ ਅਦੁਤੀ ਸਿੱਖ਼ ਧਰਮ ਦੀ ਨੀਂਹ ਰੱਖੀ ਜਿਸ ਵਿਚ ਅਧਿਆਤਮਕ ਵਿਵੇਕ ਪਰਚੰਡ ਹੈ, ਅਤੇ ਜਿਸ ਦਾ ï×½ï×½ ਦੀ ਗੁਰ-ਸ਼ਬਦ ਦੁਆਰਾ ਸਿਫਤ ਸਾਲਾਹ ਕਰਨੀ ਵਿਸ਼ੇਸ਼ ਸੰਕਲਪ ਅਤੇ ਸਿਧਾਂਤ ਹੈ। ਸਿੱਖ਼ ਧਰਮ ਦੇ ਖੇਤਰ ਵਿਚ ਤਿਨ ਹੀ ਪਾਤਰ ਹਨ, ਪਰਮਾਤਮਾ, ਸਿੱਖ਼ (ਦੀ ਆਤਮਾ) ਅਤੇ ਗੁਰੂ (ਗ੍ਰੰਥ ਸਾਹਿਬ)। ਸਿੱਖ਼ੀ ਦੇ ਮੂਲ ਸੰਕਲਪ ï×½ਸ਼ਬਦ ਗੁਰੂï×½ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ï×½ਗੁਰੂ ਮਾਨਿਓ ਗ੍ਰੰਥï×½ ਦੇ ਆਦੇਸ਼ ਦੁਆਰਾ ਮੂਲ ਸਿੱਖ਼ੀ ਸਿਧਾਂਤ ਬਣਾ ਦਿੱਤਾ। ਵਿਵੇਕੀ ਸਿੱਖੀ ਵਿਚ ਇਸ ਗੁਰੂ ਗ੍ਰੰਥ ਸਾਹਿਬ ਦੀ ਤਰਜਮਾਨੀ ਅਤੇ ਵਿਆਖਿਆ ਕਰਨ ਵਾਲ਼ੇ ਪਰਚਾਰਕਾਂ ਦੀ ਤਾਂ ਵਿਸ਼ੇਸ਼ ਥਾਂ ਹੈ ਪਰ ਪੁਜਾਰੀ, ਮਹੰਤ, ਜਥੇਦਾਰ, ਸਿੰਘ ਸਾਹਿਬ, ਆਦਿ ਦੀ ਗੁਰੂ ਸਾਹਿਬ ਨੇ ਕੋਈ ਥਾਂ ਨਹੀਂ ਰੱਖੀ।
ਮਸੰਦ:- ਪਰ ਸਮੇਂ ਦੇ ਨਾਲ ਸਿੱਖ਼ ਪੰਥ ਵੀ ਦੰਭੀ ਧਾਰਮਿਕ ਜਰਵਾਣੇ ਆਗੂਆਂ ਦੇ ਸਕੰਜੇ ਵਿਚ ਆਉਂਦਾ ਰਿਹਾ, ਜੋ ਬ੍ਰਾਹਮਣਾਵਾਲਾ ਮੰਤਰ ï×½ਲੋਕਾਂ ਨੂੰ ਅਗਿਆਤ, ਅੰਨ੍ਹੀਂ ਸ਼ਰਧਾ ਤੇ ਅੰਧਵਿਸ਼ਾਸ ਵਸ ਰੱਖੋ ਤੇ ਗੁਮਰਾਹ ਕਰੋï×½ ਵਰਤਦੇ ਰਹੇ ਹਨ। ਮਸੰਦ (ਮਸਨਦ) ਗੁਰੂ ਸਾਹਿਬਾਨ ਦੇ ਸਮੇਂ ਹੀ ਸਿੱਖ਼ਾਂ ਨੂੰ ਗੁਮਰਾਹ ਕਰਨ ਅਤੇ ਠਗਣ ਲੱਗ ਪੲੈ ਸਨ। ਦਸਮੇਸ਼ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਹੀ ਉਹਨਾਂ ਦੀਆਂ ਕਰਤੂਤਾਂ ਵੇਖ ਕੇ ਉਹਨਾਂ ਤੋਂ ਸਿੱਖ ਪੰਥ ਨੂੰ ਮੁਕਤ ਕਰ ਦਿੱਤਾ ਸੀ।
ਮਹੰਤ:- ਅਹਿਮਦ ਸ਼ਾਹ ਅਬਦਾਲੀ ਦੇ ਘੱਲੂਘਾਰੇ ਹਮਲਿਆਂ ਸਮੇਂ (ਸੰਨ 1762) ਤੋਂ ਅਕਤੂਬਰ 1920 ਤਕ ਗੁਰ-ਧਾਮਾਂ ਸਮੇਤ ਸਿੱਖ਼ ਪੰਥ ਦੀ ਵਾਗ ਡੋਰ ਉਦਾਸੀ/ਨਿਰਮਲੇ ਮਹੰਤਾਂ ਅਤੇ ਪੁਜਾਰੀਆਂ ਦੇ ਹੱਥਾਂ ਵਿਚ ਰਹੀ। ਇਸ ਸਮੁਚੀ ਸ਼ਰੇਣੀ ਵਲੋਂ ਸਿੱਖ਼ੀ ਵਿਚ ਵਾੜਿਆ ਅਵਤਾਰਵਾਦ, ਬ੍ਰਾਹਮਣਵਾਦ ਅਤੇ ਗੁਰ-ਧਾਮਾਂ ਵਿਚ ਪ੍ਰਚੱਲਤ ਮੂਰਤੀ ਪੂਜਾ, ਜੋਤਸ਼, ਆਦਿ ਕਾਰਨ ਸੰਨ 1873 ਵਿਚ ਸਿੰਘ ਸਭਾ ਹੋਂਦ ਵਿਚ ਆਈ, ਜਿਸ ਦੇ ਮੋਢੀਆਂ ਵਿਚੋਂ ਪ੍ਰੋ: ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਸਨ। ਇਨ੍ਹਾਂ ਨੇ ਸਿੱਖ਼ਾਂ ਵਿਚ ਜਾਗਰਤੀ ਲਿਆਉਣ ਅਤੇ ਸਿੱਖ਼ੀ ਨੂੰ ਕੱਟੜਪੰਥੀ ਆਰੀਆ ਸਮਾਜੀ ਦਯਾ ਨੰਦ ਅਤੇ ਇਸਾਈ ਪ੍ਰਚਾਰਕਾਂ ਦੀਆਂ ਵਿਰੋਧੀ ਤਾਕਤਾਂ ਤੋਂ ਬਚਾਉਣ ਦਾ ਬੀੜਾ ਚੁਕਿਆ।
ਸੰਨ 1883 ਵਿਚ ਸ੍ਰੀ ਅਕਾਲ ਤਖਤ ਦੇ ਮੁਖ ਗਰੰਥੀ ਬੇਦੀ ਖੇਮ ਸਿੰਘ ਨੇ ਆਪਣੇ ਆਪ ਨੂੰ ਸਿੱਖਾਂ ਦਾ ਗੁਰੂ ਹੋਣ ਦਾ ਐੈਲਾਨ ਕਰ ਦਿੱਤਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਗੁਰਗੱਦੀ ਲਾਕੇ ਬੈਠਣ ਲਗ ਪਿਆ। ਪ੍ਰੋ: ਗੁਰਮੁਖ ਸਿੰਘ ਨੇ ਬੇਦੀ ਖੇਮ ਸਿੰਘ ਦੀ ਇਸ ਅਸਿੱਖ, ਕਰਤੂਤ ਦੀ ਵਿਰੋਧਤਾ ਕੀਤੀ। ਸੰਨ 1885 (ਕਈ ਇਤਿਹਾਸਕਾਰਾਂ ਅਨੁਸਾਰ ਸੰਨ 1887) ਵਿਚ ਇਸ ਵਿਰੋਧਤਾ ਕਾਰਨ ਪ੍ਰੋ: ਗੁਰਮੁਖ ਸਿੰਘ ਨੂੰ ਤਨਖਾਹੀਆ ਕਰਾਰ ਦੇ ਕੇ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਕਰਕੇ ਪੰਥ ਵਿਚੋਂ ਛੇਕ ਦਿੱਤਾ। ਦੂਸਰੇ ਤਖਤਾਂ ਅਤੇ ਗੁਰਦੁਆਰਿਆਂ ਦੇ ਮਹੰਤਾਂ/ਪੁਜਾਰੀਆਂ ਤੋਂ ਵੀ ਇਸ ਤਰ੍ਹਾਂ ਦੇ ਹੁਕਮਨਾਮੇ ਜਾਰੀ ਕਰਵਾ ਦਿੱਤੇ। ਸੰਨ 1889 ਵਿਚ ਪ੍ਰੋ: ਗੁਰਮੁਖ ਸਿੰਘ ਅਤੇ ਗਿ: ਦਿੱਤ ਸਿੰਘ ਜਦ ਥਾਂ ਥਾਂ ਜਾ ਕੇ ਅੰੰਿਮ੍ਰਤਸਰ ਖਾਲਸਾ ਕਾਲਜ ਬਣਾਉਣ ਵਾਸਤੇ ਚੰਦੇ ਇਕੱਠੇ ਕਰਨ ਲਗੇ ਤਾਂ ਬੇਦੀ ਖੇਮ ਸਿੰਘ ਦੇ ਧੜੇ, ਜਿਸ ਵਿਚ ਮਹੰਤ, ਪੁਜਾਰੀ, ਬੇਦੀ/ਸੋਢੀ ਅਤੇ ਹੋਰ ਬਾਬੇ/ਦੇਹਧਾਰੀ ਗੁਰੂ ਸਨ, ਨੇ ਇਸ਼ਤਿਹਾਰ ਕੱਢੇ ਕਿ ਇਹ ਦੋਨੋਂ ਤਨਖਾਹੀਏ ਹਨ, ਇਸ ਕਰਕੇ ਇਨ੍ਹਾਂ ਨੂੰ ਚੰਦਾ ਨਾ ਦਿੱਤਾ ਜਾਵੇ।
ਇਹ ਹੁਕਮਨਾਮਾ ਪ੍ਰੋ: ਮਨਜੀਤ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸੰਨ 1995 ਵਿਚ ਰੱਦ ਕਰਕੇ ਪ੍ਰੋ: ਗੁਰਮੁਖ ਸਿੰਘ ਨੂੰ ਸਿੱਖ ਕੌਮ ਦਾ ਸੱਚਾ ਸੇਵਾਦਾਰ ਕਹਿ ਕੇ ਸਨਮਾਨਿਆਂ ਅਤੇ ਬਹਾਲ ਕੀਤਾ।
ਪ੍ਰੋ: ਗੁਰਮੁਖ ਸਿੰਘ ਦੇ ਵਿਰੁਧ ਲਾਏ ਦੂਸ਼ਣਾ ਵਿਚੋਂ,
1) ਭਾਈ ਸਾਹਿਬ (ਖੇਮ ਸਿੰਘ ਵਰਗੇ ਸੋਢੀ ਬੇਦੀ) ਗੁਰਅੰਸ ਦਾ ਸਨਮਾਨ ਨਹੀਂ ਕਰਦੇ।
2) ਸਿੰਘ ਸਭਾ ਦੇ ਜਲਸੇ ਵਿਚ 24 (ਹਿੰਦੂ) ਅਵਤਾਰਾਂ ਦੀਆਂ ਤਸਵੀਰਾਂ ਦਾ ਖੰਡਨ ਕੀਤਾ ਗਿਆ।
3) ਇਕ ਹਿੰਦੂਓਂ ਮੁਸਲਮਾਨ ਹੋਏ ਸਜੱਣ ਨੂੰ ਦੀਵਾਨ ਲਾਹੌਰ ਵੱਲੋਂ ਸਿੰਘ ਸਜਾਇਆ ਗਿਆ।
4) ਭਾਈ ਸਾਹਿਬ ਨੇ ï×½ਖਾਲਸਾ ਅਖਬਾਰï×½ ਦੇ ਇਕ ਪਰਚੇ ਵਿਚ ਲਿਖਿਆ ਕਿ ਗੁਰਦੁਆਰਆਂਿ ਵਿਚ ਸ਼ਸਤ੍ਰ ਪੂਜਾ ਹਿੰਦੂਆਂ ਦੀ ਦੇਖਾ ਦੇਖੀ ਕਾਰਨ ਸ਼ੁਰੂ ਹੋਈ ਹੈ, ਜੋ ਗੁਰਮਤਿ ਵਿਰੁਧ ਹੈ।
ਜਥੇਦਾਰ ਅਤੇ ਸਿੰਘ ਸਾਹਿਬਾਨ ਸ਼ਰੇਣੀ
1920 ਵਿਚ ਗੁਰਦੁਆਰਾ ਸੁਧਾਰ ਲਹਿਰ ਦੇ ਫਲਸਰੂਪ ਨਵੰਬਰ ਅਤੇ ਦਸੰਬਰ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਹੋਂਦ ਵਿਚ ਆਏ। ਇਹਨਾਂ ਦੋਵਾਂ ਸੰਸਥਾਵਾਂ ਦੀ ਹੋਂਦ ਤੋਂ ਅਖੌਤੀ ਜਥੇਦਾਰਾਂ ਅਤੇ ਸਿੰਘ ਸਾਹਿਬਾਨ ਦੀ ਸ਼ਰੇਣੀ ਦੀ ਉਪਜਤ ਹੋਈ, ਜਿਸ ਨੇ ਪੁਜਾਰੀਆਂ ਅਤੇ ਮਹੰਤਾਂ ਦੀ ਛੁੱਟੀ ਹੋਣ ਤੇ ਸਿੱਖ ਪੰਥ ਦੀ ਵਾਗ ਡੋਰ ਆਪ ਸਾਂਭ ਲਈ। 1976 ਵਿਚ ਸ਼ਰਧਾਵਾਨ ਅਤੇ ਸੂਝਵਾਨ ਸਿੱਖ ਵਿਦਵਾਨ ਗਿਆਨੀ ਭਾਗ ਸਿੰਘ ਅੰਬਾਲ਼ਾ ਨੇ ï×½ਦਸਮ ਗ੍ਰੰਥ ਨਿਰਣੈï×½ ਲਿਖ ਕੇ ਅਤੇ ਪ੍ਰਕਾਸ਼ਤ ਕਰਵਾ ਕੇ ਸਿੱਖ ਕੌਮ ਨੂੰ ਅਖੌਤੀ ਦਸਮ ਗ੍ਰੰਥ ਦੀਆਂ ਮਿਥਿਹਾਸਕ ਅਤੇ ਅਸਲੀਲ਼ (ਕੋਕ ਸ਼ਾਸਤ੍ਰ ਕਾਮਾਸੂਤ੍ਰਾ ਵਰਗੀਆਂ) ਰਚਨਾਵਾਂ ਬਾਰੇ ਜਾਗਰਤ ਅਤੇ ਸੁਚੇਤ ਕਰਨ ਦਾ ਉਦਮ ਕੀਤਾ। ï×½ਦਸਮ ਗ੍ਰੰਥ ਨਿਰਣੈï×½ ਸੁਭਾਵਕ ਹੀ ਸਿੱਖ਼ ਜਗਤ ਦੇ ਵਿਵੇਕੀ ਅਤੇ ਅੰਧਿਵਿਸ਼ਵਸੀ ਧੜਿਆਂ ਵਿਚ ਚਰਚਾ ਦਾ ਵਿਸ਼ਾ ਬਣ ਗਿਆ। ਉਹਨਾਂ ਦਿਨਾਂ ਵਿਚ ਇੰਦੌਰ ਵਿਚ ਗਿਆਨੀ ਭਾਗ ਸਿੰਘ ਨਾਲ ਹੋਏ ਤਕਰਾਰ ਕਾਰਨ ਭਾਈ ਸੰਤ ਸਿੰਘ ਮਸਕੀਨ ਨੂੰ ਸੁਆਰਥ ਸਿੱਧੀ ਲਈ ਇਸ ਸੱਜਰੇ ਚਰਚਤ ਵਿਸ਼ੇ ਨੂੰ ਹਥਿਆਰ ਵਜੋਂ ਵਰਤਣ ਦੀ ਵਿਧੀ ਸੁੱਝੀ।
ਭਾਈ ਸੰਤ ਸਿੰਘ ਮਸਕੀਨ ਨੇ ਆਪਣੇ ਚਹੇਤੇ ਸਿੰਘ ਸਾਹਿਬ ਗਿਆਨੀ ਚੇਤ ਸਿੰਘ, ਮੁਖ ਗ੍ਰੰਥੀ ਹਰਿਮੰਦਰ ਸਾਹਿਬ ਦਾ ਦਰਵਾਜ਼ਾ ਜਾ ਖੜਕਾਇਆ। ਗਿਆਨੀ ਚੇਤ ਸਿੰਘ ਦਾ ਅਕਾਲ ਤਖਤ ਦੇ ਜਥੇਦਾਰ, ਗਿਆਨੀ ਸਾਧੂ ਸਿੰਘ (ਜੋ ਇਸ ਲਿਖਾਰੀ ਦੇ ਪਿੰਡ ਦੇ ਸਨ) ਨਾਲ ਬਹੁਤ ਨੇੜ ਸੀ। ਗਿਆਨੀ ਭਾਗ ਸਿੰਘ ਬਾਰੇ ਵਿਚਾਰ ਕਰਨ ਲਈ ਸ਼ਰੋਮਣੀ ਕਮੇਟੀ ਵੱਲੋਂ ਸੰਗਠਿਤ ਕੀਤੀ ਗਈ 15 ਮੈਂਬਰੀ ਕਮੇਟੀ ਦੇ ਮੁਖ ਪਾਤਰ ਸਿੰਘ ਸਾਹਿਬ ਚੇਤ ਸਿੰਘ, ਜਥੇਦਾਰਾ ਸਾਧੂ ਸਿੰਘ ਭੌਰਾ, ਸਿੰਘ ਸਾਹਿਬ ਅਜਨੋਹਾ, ਪ੍ਰਿੰ: ਹਰਭਜਨ ਸਿੰਘ ਹਮਦਰਦ, ਭਾਈ ਸ਼ਮਸ਼ੇਰ ਸਿੰਘ, ਆਦਿ ਸਨ। ਭਾਈ ਸ਼ਮਸ਼ੇਰ ਸਿੰਘ ਨੂੰ ਗਿਆਨੀ ਭਾਗ ਸਿੰਘ ਦੇ ਪੱਖ ਵਜੋਂ ਬੋਲਣ ਕਾਰਨ ਝਾੜ ਪਾ ਕੇ ਮੀਟਿੰਗ ਵਿਚ ਚੁਪ ਕਰਕੇ ਬਹਾ ਦਿੱਤਾ ਗਿਆ। ਪ੍ਰਸਿੱਧ ਵਿਦਵਾਨ ਪ੍ਰਿੰ: ਹਰਭਜਨ ਸਿੰਘ ਦੀਆਂ ਤਰਕਸ਼ੀਲ ਦਲੀਲਾਂ ਸਦਕਾ ਗਿਆਨੀ ਭਾਗ ਸਿੰਘ ਦੀ ਦਸਮ ਗ੍ਰੰਥ ਨਿਰਣੈ ਪ੍ਰਕਾਸ਼ਤ ਕਰਨ ਤੋਂ ਪਹਿਲਾਂ ਦਸਮ ਗ੍ਰੰਥ ਪ੍ਰਤੀ ਆਪਣੀਆਂ ਦਲੀਲਾਂ ਪੰਥ ਸਾਹਮਣੇ ਨਾਂ ਰਖਣ ਕਰਕੇ ਅਲੋਚਨਾ ਕੀਤੀ ਗਈ ਪਰ ਉਹਨਾਂ ਵਿਰੁਧ ਕੋਈ ਕਾਰਵਾਈ ਨਾਂ ਕੀਤੀ ਜਾਣ ਦਾ ਮਤਾ ਪਾਸ ਹੋਇਆ। ਪਰ ਇਸ ਮਤੇ ਨਾਲ ਭਾਈ ਸੰਤ ਸਿੰਘ ਮਸਕੀਨ ਦੇ ਮਨ ਨੂੰ ਠੰਡ ਨਾਂ ਪਈ। ਉਸ ਨੇ ਅੰਦਰਗਤੀ ਸਿੰਘ ਸਾਹਿਬ ਚੇਤ ਸਿੰਘ ਦੇ ਰਾਹੀਂ ਅਕਾਲ ਤਖਤ ਦੇ ਜਥੇਦਾਰ, ਗਿਆਨੀ ਸਾਧੂ ਸਿੰਘ ਭੌਰਾ ਤੋਂ ਗਿਆਨੀ ਭਾਗ ਸਿੰਘ ਨੂੰ ਛੇਕਣ ਦਾ ਹੁਕਮਨਾਮਾ ਜਾਰੀ ਕਰਵਾ ਦਿੱਤਾ। ਪ੍ਰਿੰ: ਹਰਭਜਨ ਸਿੰਘ ਅਤੇ ਗਿਆਨੀ ਸੁਰਜੀਤ ਸਿੰਘ ਦਿੱਲੀ ਦੇ ਉਦਮ ਦਾ ਸਦਕਾ ਗਿਆਨੀ ਸਾਧੂ ਸਿੰਘ ਭੌਰਾ ਨੇ ਮੰਨ ਲਿਆ ਕਿ ਇਹ ਹੁਕਮਨਾਮਾ ਗਲਤ ਜਾਰੀ ਕੀਤਾ ਗਿਆ ਹੈ ਅਤੇ ਉਹ ਹੁਕਮਨਾਮਾ ਰੱਦ ਕਰ ਦੇਣਗੇ। ਗਿਆਨੀ ਸੁਰਜੀਤ ਸਿੰਘ ਦੇ ਗਿਆਨੀ ਭਾਗ ਸਿੰਘ ਨੂੰ ਅਕਾਲ ਤਖਤ ਜਥੇਦਾਰ ਗਿਆਨੀ ਸਾਧੂ ਸਿੰਘ ਭੌਰਾ ਕੋਲ਼ ਲੈ ਕੇ ਜਾਣ ਤੋਂ ਪਹਿਲਾਂ ਭਾਈ ਸੰਤ ਸਿੰਘ ਮਸਕੀਨ ਨੂੰ ਇਸ ਦੀ ਸੂਹ ਮਿਲ ਗਈ। ਉਹ ਗਿਆਨੀ ਭਾਗ ਸਿੰਘ ਨੂੰ ਆਪਣੇ ਕਰਾਏ ਤੇ ਦਿੱਲੀ ਤੋਂ ਅੰਮ੍ਰਿਤਸਰ ਲੈ ਗਿਆ ਅਤੇ ਗਿਆਨੀ ਸਾਧੂ ਸਿੰਘ ਭੋਰਾ, ਭਾਈ ਸੰਤ ਸਿੰਘ ਮਸਕੀਨ, ਆਦਿ ਨੇ ਗਿਆਨੀ ਭਾਗ ਸਿੰਘ ਤੋਂ ਧੋਖੇ ਨਾਲ ਇਕ ਸਾਧਾਰਨ ਕਾਗਜ਼ ਉੱਤੇ ਦਸਤਖਤ ਕਰਵਾ ਲਏ।
ਗਿਆਨੀ ਸਾਧੂ ਸਿੰਘ ਭੌਰਾ ਵੱਲੋਂ ਪਹਿਲਾਂ ਤਿਆਰ ਕੀਤੇ ਕਾਗਜ਼, ਜਿਸ ਉੱਤੇ ਨਾਂ ਅਕਾਲ ਤਖਤ ਦੀ ਛਾਪ ਅਤੇ ਨੰਬਰ ਆਦਿ ਸੀ, ਦਸਤਖਤ ਕਰਨ ਲੱਗਿਆਂ ਬਜ਼ੁਰਗ ਗਿਆਨੀ ਭਾਗ ਸਿੰਘ ਦੀਆਂ ਐਨਕਾਂ ਡਿਗ ਪਈਆਂ। ਉਹ ਐਨਕਾਂ ਚੁਕਣ ਲੱਗੇ ਤਾਂ ਭਾਈ ਸੰਤ ਸਿੰਘ ਮਸਕੀਨ ਅਤੇ ਗਿਆਨੀ ਸਾਧੂ ਸਿੰਘ ਭੌਰਾ ਅਕੱਠੇ ਬੋਲ ਪਏ "ਛੱਡੋ ਗਿਆਨੀ ਜੀ, ਤਹਾਨੂੰ ਸਾਡੇ ਤੇ ਯਕੀਨ ਨਹੀਂ? ਦਸਤਖਤ ਕਰੋ ਤੇ ਦੇਗ ਕਰਾਓ।"
ਕਾਰਵਾਈ ਤੋਂ ਮਗਰੋਂ ਜਦ ਗਿਆਨੀ ਭਾਗ ਸਿੰਘ ਨੇ ਪੜ੍ਹਿਆ ਕਿ, "ਗਿਆਨੀ ਭਾਗ ਸਿੰਘ ਨੇ ਦਸਮ ਗ੍ਰੰਥ ਵਿਚਲੀ ਚੌਪਈ ਬਾਰੇ ਮੁਆਫੀ ਮੰਗ ਲਈ ਹੈ" ਤਾਂ ੳਹਨਾਂ ਦੀਆਂ ਅੱਖਾਂ ਵਿਚ ਅਥਰੂ ਆ ਗਏ ਅਤੇ ਉਹਨਾਂ ਕਿਹਾ, "ਮਸਕੀਨ ਤੂੰ ਮੇਰੇ ਨਾਲ ਧੋਖਾ ਕੀਤਾ ਹੈ।"
ਹੁਣ ਅਜੋਕੇ ਸਿੰਘ ਸਾਹਿਬਾਨ ਅਤੇ ਜਥੇਦਾਰ ਸਿੱਖ਼ ਪੰਥ ਵਿਰੋਧੀ ਜਥੇਬੰਦੀਆਂ ਰਾਸ਼ਟ੍ਰੀਆ ਸਵੈਯਮ ਸੰਘ, ਉਸ ਦੇ ਮਦਈ ਗੁਰਚਰਨਜੀਤ ਸਿੰਘ ਲਾਂਬਾ, ਕੱਟੜਪੰਥੀ ਸਿੱਖ਼ ਜਥੇਬੰਦੀਆਂ ਸੰਤ ਸਮਾਜ, ਟਕਸਾਲਾਂ, ਸਿੱਖ ਫੇਡਰੇਸ਼ਨ, ਅਖੰਡ ਕੀਰਤਨੀ ਜਥਾ, ਆਦਿ ਦੀ ਉਕਸਾਹਟ ਤੇ ਪ੍ਰੋ: ਗੁਰਮੁਖ ਸਿੰਘ ਅਤੇ ਗਿਆਨੀ ਭਾਗ ਸਿੰਘ ਵਾਂਗੂੰ ਸ: ਗੁਬਖਸ਼ ਸਿੰਘ ਕਾਲਾਅਫਗਾਨਾ ਨੂੰ ਛੇਕਣ ਦੇ ਜਤਨਾਂ ਵਜੋਂ ਖੇਮ ਸਿੰਘ ਬੇਦੀ, ਗਿਆਨੀ ਚੇਤ ਸਿੰਘ, ਗਿਆਨੀ ਸਾਧੂ ਸਿੰਘ, ਭਾਈ ਸੰਤ ਸਿੰਘ ਮਸਕੀਨ, ਆਦਿ ਵਾਲੇ ਪੈਂਤੜੇ ਬਨ੍ਹ ਰਹੇ ਹਨ।
ਹੁਣ ਪੁਰਾਤਨ ਸਮੇਂ ਦੇ ਟਾਕਰੇ ਸਿੱਖ਼ ਜਗਤ ਵਿਚ ਵਧੇਰੇ ਜਾਗਰਤੀ ਕਰਕੇ ਸ: ਗੁਰਬਖਸ਼ ਸਿੰਘ ਕਾਲਾਅਫਗਾਨਾ ਦੇ ਛੇਕਣ ਨਾਲ ਇਹ ਹੁਣ ਵਿਵੇਕੀ ਸਿੱਖ ਸੰਦੇਸ਼ ਦਾ ਪ੍ਰਚਾਰ ਬੰਦ ਨਹੀਂ ਕਰ ਸਕਣਗੇ। ਜੇ ਇਹ ਅੱਖਾਂ ਤੋਂ ਜਥੇਦਾਰੀ ਤੇ ਸਿੰਘ ਸਾਹਿਬਾਨੀ ਦੇ ਖੋਪੇ ਲਾਹ ਕੇ ਵੇਖਣ ਤਾਂ ਸ: ਗੁਰਬਖਸ਼ ਸਿੰਘ ਕਾਲਾ ਅਫਗਾਨਾ ਵਰਗੇ ਹੋਰ ਕਈ ਵਿਵੇਕੀ ਸਿੱਖ਼ ਵਿਦਵਾਨ ਗੁਰਬਾਣੀ ਦੀ ਲੋਅ ਵਿਚ ਅਖੌਤੀ ਗ੍ਰੰਥਾਂ, ਗੁਰਬਿਲਾਸ, ਦਸਮ ਗ੍ਰੰਥ, ਆਦਿ ਦੀਆਂ ਮਿਥਿਹਾਸਕ ਤੇ ਅਸਲੀਲ ਰਚਨਾਵਾਂ ਦਾ ਖੰਡਨ ਕਰ ਰਹੇ ਹਨ। ਸੱਚ ਤਾਂ ਇਹ ਹੈ ਕਿ ï×½ਹਿੰਦੂ ਦੇ ਗੁਰੂ, ਮੁਸਲਮਾਨ ਦੇ ਪੀਰï×½ ਜਗਤ ਗੁਰੂ ਨਾਨਕ ਦੀ ਸਰਬ-ਸਾਂਝੀ ਸਿੱਖ਼ੀ ਵਿਚੋਂ ਕਿਸੇ ਨੂੰ ਛੇਕਣਾ ਤਾਂ ਇਕ ਪਾਸੇ, ਕਿਸੇ ਨੂੰ ਹੁਕਮਨਾਮਾ ਜਾਰੀ ਕਰਨ ਦਾ ਅਧਿਕਾਰ ਹੀ ਨਹੀਂ ਹੈ।
ਗੁਰੂ ਸਾਹਿਬਾਨ ਵੱਲੋਂ ਕੇਵਲ ਸਿੰਘ ਸਾਹਿਬਾਨ/ਜਥੇਦਾਰਾਂ ਦੀ ਪੂਰਵ-ਅਧਿਕਾਰੀ ਸ਼ਰੇਣੀ, ਮਸੰਦਾਂ ਤੋਂ ਛੁੱਟ ਕਿਸੇ ਸਿੱਖ ਨੂੰ ਛੇਕਣ ਦੀ ਜਾਨਕਾਰੀ ਨਹੀਂ ਮਿਲਦੀ। ਹੋਰ ਧਰਮਾਂ ਦੇ ਦੁਰਕਾਰੇ ਹੋਏ ਵਰਨਾਂ ਨੂੰ ਸਰਬ-ਸਾਂਝੀ ਸਿੱਖ਼ੀ ਦੀ ਛਤਰ ਛਾਇਆ ਪ੍ਰਦਾਨ ਕਰਨ ਵਾਲੇ ਗੁਰੂ ਸਾਹਿਬਾਨ ਨੇ ਕਦੀ ਸੋਚਿਆ ਵੀ ਨਹੀਂ ਹੋਵੇਗਾ ਕਿ ਇਕ ਦਿਨ ਸਿੱਖ਼ੀ ਵਿਰੋਧੀ ਤਾਕਤਾਂ ਨੂੰ ਚਣੌਤੀ ਦੇਣ ਅਤੇ ਸਿੱਖੀ ਵਿਚਾਰਧਾਰਾ ਦੇ ਪ੍ਰਤਿਕੂਲ ਅਖੌਤੀ ਗ੍ਰੰਥਾਂ ਦਾ ਖੰਡਨ ਕਰਨ ਵਾਲੇ ਵਿਵੇਕੀ ਸਿੱਖ਼ ਵਿਵਾਨਾਂ ਨੂੰ ਅਖੌਤੀ ਸਿੰਘ ਸਾਹਿਬਾਨ/ਜਿਥੇਦਾਰ ਛੇਕ ਦੇਣਗੇ। ਗੁਰਬਾਣੀ ਵਿਚ ਹੁਕਮ ਸ਼ਬਦ ਕੇਵਲ ਪਰਮਾਤਮਾ ਦੇ ਭਾਣੇ ਪ੍ਰਤੀ ਵਰਤਿਆ ਗਿਆ ਹੈ। ਅਤੇ ਨਾਂ ਹੀ ਗੁਰੂ ਸਾਹਿਬਾਨ ਨੇ ਹੁਕਮਨਾਮਾ ਸ਼ਬਦ ਦੀ ਵਰਤੋਂ ਕੀਤੀ ਹੈ। ਉਹਨਾਂ ਨੇ ਸ਼ਬਦ, ਵਾਕ, ਬਚਨ, ਆਦਿ ਹੀ ਸਿੱਖ਼ ਨੂੰ ਸਿੱਖਿਆ ਵਜੋਂ ਵਰਤੇ ਹਨ।
ਗੁਰੂ ਹਰਿ ਗੋਬਿੰਦ ਸਾਹਿਬ ਨੇ ਸੰਨ 1608/9 ਵਿਚ ਅਕਾਲ ਬੁੰਗਾ, ਜਿਸ ਦਾ ਨਾਮ ਅਕਾਲ ਤਖਤ ਪਤਾ ਨਹੀਂ ਕਦੋਂ ਤੋਂ ਰੱਖਿਆ ਗਿਆ, ਸਿੱਖ਼ ਜਗਤ ਦੀ ਲੋਕ ਭਲਾਈ ਲਈ ਬਣਾਇਆ ਸੀ ਨਾਂ ਕਿ ਇਕ ਹਊਆ ਰੂਪੀ ਜਥੇਦਾਰ ਦਾ ਅਸਥਾਨ। ਸੰਨ 1630 ਵਿਚ ਗੁਰੂ ਹਰਿ ਗੋਬਿੰਦ ਜੀ ਦੇ ਅੰਮ੍ਰਿਤਸਰ ਛੱਡ ਕੇ ਕਰਤਾਰਪੁਰ ਚਲੇ ਜਾਣ ਤੋਂ ਮਗਰੋਂ ਕਿਸੇ ਗੁਰੂ ਸਾਹਿਬ ਦੇ ਚਰਨ ਹਰਿਮੰਦਰ ਸਾਹਿਬ ਸਮੁਹ ਵਿਚ ਨਹੀਂ ਪਏ। ਸੰਨ 1920 ਤਕ ਹਰਿਮੰਦਰ ਸਾਹਿਬ ਸਮੁਹ ਦੇ ਮੁਖ ਸੇਵਾਦਾਰ ਪੁਜਾਰੀ, ਗ੍ਰੰਥੀ, ਮਹੰਤ, ਸਰਬਰਾਹ, ਆਦਿ ਹੁੰਦੇ ਸਨ। ਅਕਤੂਬਰ 1920 ਵਿਚ ਪੁਜਾਰੀਆਂ ਦੇ ਭੱਜ ਜਾਣ ਕਾਰਨ ਸੁੰਝੇਂ ਅਕਾਲ ਤਖਤ ਦੀ ਰਾਖੀ ਵਜੋਂ ਸਿੱਖ ਸੰਗਤ ਵੱਲੋਂ ਨਿਯੁਕਤ ਕੀਤੇ ਜੱਥੇ ਦੇ ਮੁਖੀ ਤੇਜਾ ਸਿੰਘ ਭੁੱਚਰ ਨੂੰ ਜਥੇਦਾਰ ਦੇ ਪਦ ਨਾਲ ਸੰਬੋਧਨ ਕਤਿਾ ਗਿਆ। ਇਸ ਤੋਂ ਮਗਰੋਂ ਅਕਾਲ ਤਖਤ ਦੇ ਮੁਖ ਸੇਵਾਰ ਦਾ ਪਦ ਜਥੇਦਾਰ ਪੱਕਾ ਹੋ ਗਿਆ। ਸੰਨ 1972 ਤੋਂ ਸ: ਗੁਰਚਰਨ ਸਿੰਘ ਟੌਹਰਾ ਦੇ 25 ਸਾਲ ਦੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਸਮੇਂ ਕਮੇਟੀ ਵੱਲੋਂ ਨਿਯੁਕਤ ਕੀਤੇ ਅਕਾਲ ਤਖਤ ਦੇ ਮੁਖ ਸੇਵਾਦਾਰ ਨੂੰ ਕਦੀ ਭਾਈ ਰਣਜੀਤ ਸਿੰਘ ਵਾਂਗੂੰ ਅਕਾਲ ਪੁਰਖ ਵਜੋਂ ਸਨਮਾਨਿਆ ਗਿਆ ਤੇ ਕਦੇ ਪ੍ਰੋ: ਦਰਸ਼ਨ ਸਿੰਘ ਵਾਂਗੂੰ ਦਰੁਕਾਰਿਆ ਗਿਆ।
ਰਾਸ਼ਟ੍ਰੀਆ ਸਵੈਯਮ ਸੰਘ ਵਰਗੀਆਂ ਸਿੱਖੀ ਵਿਰੋਧੀ ਤਾਕਤਾਂ ਨੂੰ ਚਣੌਤੀ ਦੇਣ ਅਤੇ ਸਿੱਖੀ ਵਿਚਾਰਧਾਰਾ ਦੇ ਪ੍ਰਤਿਕੂਲ ਅਖੌਤੀ ਗ੍ਰੰਥਾਂ ਗੁਰਬਿਲਾਸ, ਦਸਮ ਗ੍ਰੰਥ, ਆਦਿ ਦੀਆਂ ਮਿਥਿਹਤਸਕ ਅਤੇ ਅਸ਼ਲੀਲ ਰਚਨਾਵਾਂ ਦਾ ਖੰਡਨ ਕਰਨ ਵਾਲੇ ਵਿਵੇਕੀ ਸਿੱਖ਼ ਵਿਦਵਾਨਾਂ ਨੂੰ ਦੰਡ ਦੇਣ ਅਤੇ ਛੇਕਣ ਵਾਲਿਆਂ ਨੂੰ ਆਉਣ ਵਾਲੀਆਂ ਸਿੱਖ ਪੀੜ੍ਹੀਆਂ ਕਦੇ ਮੁਆਫ ਨਹੀਂ ਕਰਨਗੀਆਂ।